ਅਮਰੀਕਾ- ਅਮਰੀਕਾ ਦੇ ਜੌਰਜੀਆ ਰਾਜ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਭਾਰਤੀ ਨਾਗਰਿਕ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਹ ਪੂਰਾ ਮਾਮਲਾ ਪਰਿਵਾਰਕ ਝਗੜੇ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਅਟਲਾਂਟਾ ਵਿੱਚ ਭਾਰਤੀ ਕੌਂਸੁਲੇਟ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਸੰਵੇਦਨਾ ਜ਼ਾਹਰ ਕੀਤੀ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਲਾਰੈਂਸਵਿਲੇ ਸ਼ਹਿਰ ਵਿੱਚ ਸ਼ੁੱਕਰਵਾਰ ਸਵੇਰੇ ਵਾਪਰੀ ਇਸ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇਸ ਮੌਕੇ ਤਿੰਨ ਬੱਚੇ ਵੀ ਘਰ ’ਚ ਮੌਜੂਦ ਸਨ।
ਅਟਲਾਂਟਾ ਵਿੱਚ ਭਾਰਤ ਦੇ ਕੌਂਸੁਲੇਟ ਜਨਰਲ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਕਥਿਤ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਕੌਂਸੁਲੇਟ ਜਨਰਲ ਨੇ ਐਕਸ ’ਤੇ ਇਕ ਪੋੋਸਟ ਵਿਚ ਕਿਹਾ, ‘‘ਅਸੀਂ ਕਥਿਤ ਪਰਿਵਾਰਕ ਝਗੜੇ ਨਾਲ ਜੁੜੀ ਗੋਲੀਬਾਰੀ ਦੀ ਘਟਨਾ ਤੋਂ ਬਹੁਤ ਦੁਖੀ ਹਾਂ, ਜਿਸ ਵਿੱਚ ਇੱਕ ਭਾਰਤੀ ਨਾਗਰਿਕ ਪੀੜਤਾਂ ਵਿੱਚ ਸ਼ਾਮਲ ਸੀ। ਕਥਿਤ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।’’
ਫੌਕਸ5 ਅਟਲਾਂਟਾ ਦੀ ਰਿਪੋਰਟ ਅਨੁਸਾਰ ਮਸ਼ਕੂਕ ਦੀ ਪਛਾਣ ਅਟਲਾਂਟਾ ਦੇ 51 ਸਾਲਾ ਵਿਜੈ ਕੁਮਾਰ ਵਜੋਂ ਹੋਈ ਹੈ। ਗਵਿਨੇਟ ਕਾਉਂਟੀ ਪੁਲੀਸ ਮੁਤਾਬਕ ਪੀੜਤਾਂ ਦੀ ਪਛਾਣ ਕੁਮਾਰ ਦੀ ਪਤਨੀ ਮੀਮੂ ਡੋਗਰਾ(43) ਗੌਰਵ ਕੁਮਾਰ (33), ਨਿਧੀ ਚੰਦਰ (37) ਅਤੇ ਹਰੀਸ਼ ਚੰਦਰ (38) ਵਜੋਂ ਹੋਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸ਼ੱਕੀ ’ਤੇ ਵੱਖ ਵੱਖ ਦੋਸ਼ ਆਇਦ ਕੀਤੇ ਗਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਤਿੰਨ ਬੱਚੇ ਉੱਥੇ ਮੌਜੂਦ ਸਨ, ਜੋ ਖ਼ੁਦ ਨੂੰ ਬਚਾਉਣ ਲਈ ਇੱਕ ਅਲਮਾਰੀ ਵਿੱਚ ਲੁਕ ਗਏ। ਤਫ਼ਤੀਸ਼ਕਾਰਾਂ ਨੇ ਕਿਹਾ ਕਿ ਬੱਚਿਆਂ ਵਿੱਚੋਂ ਇੱਕ ਨੇ 911 ’ਤੇ ਕਾਲ ਕੀਤੀ, ਜਿਸ ਨਾਲ ਅਧਿਕਾਰੀ ਮਿੰਟਾਂ ਵਿੱਚ ਹੀ ਘਟਨਾ ਸਥਾਨ ’ਤੇ ਪਹੁੰਚ ਗਏ। ਬੱਚੇ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਦੇਖ ਰੇਖ ਪਰਿਵਾਰ ਦੇ ਇੱਕ ਮੈਂਬਰ ਵੱਲੋਂ ਕੀਤੀ ਜਾ ਰਹੀ ਹੈ।

