56.23 F
New York, US
October 30, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਮਰੀਕਾ ਟਰੱਕ ਹਾਦਸਾ: ਜਸ਼ਨਪ੍ਰੀਤ ਪਰਿਵਾਰ ਨੇ ਡਰੱਗਜ਼ ਦੇ ਦੋਸ਼ਾਂ ਨੂੰ ਨਕਾਰਿਆ, SGPC ਤੋਂ ਮਦਦ ਦੀ ਅਪੀਲ

ਗੁਰਦਾਸਪੁਰ- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ (21) ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੁੱਤਰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ। ਇਸ ਦੇ ਨਾਲ ਹੀ ਪਰਿਵਾਰ ਨੇ ਆਪਣੇ ਪੁੱਤਰ ਨੂੰ ਕਾਨੂੰਨੀ ਸੰਕਟ ਵਿੱਚੋਂ ਕੱਢਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਦਰਦਨਾਕ ਹਾਦਸਾ ਓਂਟਾਰੀਓ, ਕੈਲੀਫੋਰਨੀਆ ਵਿੱਚ ਵਾਪਰਿਆ ਜਿੱਥੇ ਇੱਕ ਟਰੱਕ ਨੇ ਅੱਠ ਵਾਹਨਾਂ ਦੀ ਟੱਕਰ ਮਾਰ ਦਿੱਤੀ ਅਤੇ ਨਤੀਜੇ ਵਜੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ।

ਮੂਲ ਰੂਪ ਵਿੱਚ ਗੁਰਦਾਸਪੁਰ ਨੇੜੇ ਪੁਰਾਣਾਸ਼ਾਲਾ ਕਸਬੇ ਦੇ ਰਹਿਣ ਵਾਲੇ ਜਸ਼ਨਪ੍ਰੀਤ ਨੂੰ ਪੁਲੀਸ ਨੇ “ਗ੍ਰਾਸ ਵਹੀਕੂਲਰ ਮੈਨਸਲਾਟਰ, ਡਰਾਈਵਿੰਗ ਦੌਰਾਨ ਡਰੱਗਜ਼ ਦੀ ਵਰਤੋਂ ਕਰਨ ਅਤੇ ਸਰੀਰਕ ਸੱਟ ਪਹੁੰਚਾਉਣ” ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।ਜਸ਼ਨਪ੍ਰੀਤ ਦੇ ਪਿਤਾ ਰਵਿੰਦਰ ਸਿੰਘ, ਜੋ ਕਿ ਇੱਕ ਸਕੂਲ ਬੱਸ ਚਲਾਉਂਦੇ ਹਨ, ਅਤੇ ਮਾਤਾ ਜਸਵੀਰ ਕੌਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਪੁੱਤਰ ਇੱਕ ਅੰਮ੍ਰਿਤਧਾਰੀ ਸਿੱਖ ਹੈ ਅਤੇ ਨਿਯਮਿਤ ਤੌਰ ‘ਤੇ ਨਗਰ ਕੀਰਤਨਾਂ ਵਿੱਚ ਹਿੱਸਾ ਲੈਂਦਾ ਸੀ। ਰਵਿੰਦਰ ਸਿੰਘ ਨੇ ਟੌਕਸੀਕੋਲੋਜੀ ਰਿਪੋਰਟ ਦੇ ਦਾਅਵਿਆਂ ਨੂੰ ਵੀ ਰੱਦ ਕਰਦਿਆਂ ਕਿਹਾ, ‘‘ਸਭ ਤੋਂ ਪਹਿਲਾਂ, ਇਹ ਨਸ਼ੇ ਦਾ ਮੁੱਦਾ ਇੱਕ ਵਾਰ ਅਤੇ ਹਮੇਸ਼ਾ ਲਈ ਹੱਲ ਹੋ ਜਾਣਾ ਚਾਹੀਦਾ ਹੈ। ਇਹ ਸਾਨੂੰ ਬਹੁਤ ਦੁਖੀ ਕਰ ਰਿਹਾ ਹੈ। ਇਸ ਦੇ ਨਾਲ ਹੀ, ਅਸੀਂ ਪੀੜਤ ਪਰਿਵਾਰਾਂ ਨਾਲ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ।’’

SGPC ਅਤੇ ਅਕਾਲ ਤਖ਼ਤ ਨੂੰ ਅਪੀਲ- ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਜਸ਼ਨਪ੍ਰੀਤ ਨੂੰ ਵਿਦੇਸ਼ ਭੇਜਣ ਲਈ ਇੱਕ ਟਰੈਵਲ ਏਜੰਟ ਨੂੰ 40 ਲੱਖ ਰੁਪਏ ਦਿੱਤੇ ਸਨ ਅਤੇ ਆਪਣੇ ਪੁੱਤਰ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਆਪਣੇ ਘਰ ਨੂੰ ਗਿਰਵੀ ਰੱਖਿਆ ਸੀ। ਮਾਤਾ ਜਸਵੀਰ ਕੌਰ ਨੇ ਭਾਵੁਕ ਹੁੰਦਿਆਂ ਕਿਹਾ: ‘‘ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐੱਸ.ਜੀ.ਪੀ.ਸੀ. ਨੂੰ ਅਪੀਲ ਕਰਦੀ ਹਾਂ ਕਿ ਉਹ ਕੈਲੀਫੋਰਨੀਆ ਵਿੱਚ ਭਾਰਤੀ ਕੌਂਸਲੇਟ ਜਨਰਲ ਨਾਲ ਗੱਲ ਕਰਨ। ਜਸ਼ਨਪ੍ਰੀਤ ਇੱਕ ਅੰਮ੍ਰਿਤਧਾਰੀ ਸਿੱਖ ਸੀ ਅਤੇ ਸਾਨੂੰ ਉਮੀਦ ਹੈ ਕਿ ਸੰਕਟ ਦੀ ਇਸ ਘੜੀ ਵਿੱਚ ਐੱਸ.ਜੀ.ਪੀ.ਸੀ. ਸਾਡੀ ਮਦਦ ਲਈ ਅੱਗੇ ਆਵੇਗੀ।’’ ਜ਼ਿਕਰਯੋਗ ਹੈ ਕਿ ਜਸ਼ਨਪ੍ਰੀਤ ਨਵੰਬਰ 2022 ਵਿੱਚ ਅਮਰੀਕਾ ਦੀ ਦੱਖਣੀ ਸਰਹੱਦ ਪਾਰ ਕਰਕੇ ਪਹੁੰਚਿਆ ਸੀ ਅਤੇ ਉਸ ਨੂੰ ਡਿਪੋਰਟੇਸ਼ਨ ਦੀ ਸੁਣਵਾਈ ਲੰਬਿਤ ਹੋਣ ਤੱਕ ਰਿਹਾਅ ਕਰ ਦਿੱਤਾ ਗਿਆ ਸੀ।

Related posts

ਬ੍ਰਿਕਸ ਕਿਸੇ ਹੋਰ ਮੁਲਕ ਨੂੰ ਕਮਜ਼ੋਰ ਕਰਨ ਲਈ ਕੰਮ ਨਹੀਂ ਕਰ ਰਿਹਾ: ਕਰੈਮਲਿਨ

On Punjab

ਅਮਰੀਕਾ ‘ਚ ਅਜੇ ਬੈਨ ਨਹੀਂ ਹੋਵੇਗੀ TIK TOK, ਇਹ ਹੈ ਵਜ੍ਹਾ

On Punjab

ਭਗਵੰਤ ਮਾਨ ਸਰਕਾਰ ਦੌਰਾਨ ਸੂਬੇ ਵਿੱਚ ਦ੍ਰਿੜ੍ਹਤਾ ਨਾਲ ਵਧ ਰਿਹਾ ਆਬਕਾਰੀ ਮਾਲੀਆ

On Punjab