ਨਵੀਂ ਦਿੱਲੀ: ਜਲਦੀ ਹੀ ਸੁਪਰੀਮ ਕੋਰਟ ਦੇ ਫੈਸਲੇ ਅੰਗਰੇਜ਼ੀ ਤੋਂ ਇਲਾਵਾ ਛੇ ਹੋਰ ਭਾਸ਼ਾਵਾਂ ‘ਚ ਉੱਪਲਬਧ ਹੋਣਗੇ। ਇਹ ਭਾਸ਼ਾਵਾਂ ਹਿੰਦੀ, ਕੰਨੜ, ਅਸਮਿਆ, ਮਰਾਠੀ ਤੇ ਉੜੀਆ ਹੈ। ਸੁਪਰੀਮ ਕੋਰਟ ਦੀ ਵੈੱਬ ਸਾਈਟ ‘ਤੇ ਇਹ ਸੁਵਿਧਾ ਇਸ ਮਹੀਨੇ ਦੇ ਆਖਰ ਤਕ ਸ਼ੁਰੂ ਹੋਣ ਦੀ ਉਮੀਦ ਹੈ।
2017 ‘ਚ ਕੋਚੀ ‘ਚ ਹੋਈ ਜੱਜਾਂ ਦੇ ਸੰਮੇਲਨ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਮ ਲੋਕਾਂ ਲਈ ਕੋਰਟ ਦੇ ਫੈਸਲੇ ਖੇਤਰੀ ਭਾਸ਼ਾਵਾਂ ‘ਚ ਮੁਹੱਈਆ ਕਰਵਾਉਣ ਦਾ ਸੁਝਾਅ ਦਿੱਤਾ ਸੀ। ਇਸ ਤੋਂ ਬਾਅਦ ਚੀਫ਼ ਜਸਟਿਸ ਦੇ ਆਦੇਸ਼ ‘ਤੇ ਸੁਪਰੀਮ ਕੋਰਟ ਦੀ ਰਜਿਸਟ੍ਰੀ ਨੇ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਸੀ। ਹੁਣ ਸੁਪਰੀਮ ਕੋਰਟ ਦੇ ਸਾਫਟਵੇਅਰ ਵਿੰਗ ਨੇ ਇਸ ਲਈ ਸਾਫਟਵੇਅਰ ਤਿਆਰ ਕੀਤਾ ਹੈ। ਇਸ ਨੂੰ ਚੀਫ ਜਸਟਿਸ ਨੇ ਰਸਮੀ ਮਨਜੂਰੀ ਦੇ ਦਿੱਤੀ ਹੈ।
ਕੋਰਟ ਦੇ ਸੀਨੀਅਰ ਅਧਿਕਾਰੀ ਮੁਤਾਬਕ ਸ਼ੁਰੂ ‘ਚ ਛੇ ਭਾਸ਼ਾਵਾਂ ਦਾ ਅਨੁਵਾਦ ਕਰਨ ਲਈ ਚੁਣਿਆ ਗਿਆ ਹੈ। ਇਨ੍ਹਾਂ ਨੂੰ ਹਾਈਕੋਰਟ ਤੋਂ ਆਉਣ ਵਾਲੀ ਅਪੀਲ ਦੇ ਆਧਾਰ ‘ਤੇ ਚੁਣਿਆ ਗਿਆ ਹੈ। ਬਾਅਦ ‘ਚ ਇਸ ‘ਚ ਦੂਜੀਆਂ ਭਾਸ਼ਾਵਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ।
ਸ਼ੁਰੂਆਤ ‘ਚ ਇਸ ‘ਚ ਜਾਇਦਾਦ ਦੇ ਮਾਮਲੇ, ਮਕਾਨ ਮਾਲਕ–ਕਿਰਾਏਦਾਰ ਵਿਵਾਦ ਤੇ ਵਿਆਹੁਤਾ ਝਗੜਿਆਂ ਦੇ ਮਾਮਲਿਆਂ ਦੇ ਨਾਲ ਅਪਰਾਧਿਕ ਮਾਮਲਿਆਂ ਦਾ ਅਨੁਵਾਦ ਕੀਤਾ ਜਾਵੇਗਾ।