PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੰਗੀਤ ਦੇ ਅਕਾਦਮਿਕ ਕਾਰਜਾਂ ਲਈ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ’ਤੇ ਜ਼ੋਰ

ਪਟਿਆਲਾ- ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਵਿਭਾਗ ਮੁਖੀ ਪ੍ਰੋ. ਅਲੰਕਾਰ ਸਿੰਘ ਦੀ ਦੇਖ-ਰੇਖ ਹੇਠ ਪੰਜਾਬ ਦੀ ਸੰਗੀਤ ਪਰੰਪਰਾ ਬਾਰੇ ਤਿੰਨ ਰੋਜ਼ਾ ਕੌਮਾਂਤਰੀ ਕਾਨਫ਼ਰੰਸ ਅੱਜ ਆਰੰਭ ਹੋ ਗਈ ਹੈ। ਇਸ ਦੌਰਾਨ ਜਿੱਥੇ 1947 ਦੀ ਵੰਡ ਦਾ ਪੰਜਾਬੀ ਸੰਗੀਤ ’ਤੇ ਮਾੜਾ ਅਸਰ ਪਿਆ ਹੋਣ ਦੀ ਗੱਲ ਕੀਤੀ ਗਈ, ਉਥੇ ਹੀ ਸੰਗੀਤ ਦੇ ਅਕਾਦਮਿਕ ਕਾਰਜਾਂ ਲਈ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ। ਇਹ ਕਾਨਫਰੰਸ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਮੁੱਖ ਭਾਸ਼ਣ ਦਿੰਦਿਆਂ ਡਾ. ਨੀਰਾ ਗਰੋਵਰ ਨੇ ਕਿਹਾ ਕਿ 1947 ਦੀ ਵੰਡ ਦਾ ਪੰਜਾਬੀ ਸੰਗੀਤ ’ਤੇ ਮਾੜਾ ਅਸਰ ਪਿਆ ਹੈ। ਉਦਘਾਟਨੀ ਸੈਸ਼ਨ ਮੌਕੇ ਆਪਣੇ ਭਾਸ਼ਣ ਵਿੱਚ ਪੰਜਾਬ ਦੀ ਸੰਗੀਤ ਪਰੰਪਰਾ ਪੰਜਾਬੀਆਂ ਦੀ ਪਹਿਚਾਣ ਦੱਸਦਿਆਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਆਮ ਸਿੱਖਿਆ ਦਾ ਹਿੱਸਾ ਵੀ ਹੋਣੀ ਚਾਹੀਦੀ ਹੈ। ਪੰਜਾਬ ਦੀ ਮਹਾਨ ਸੰਗੀਤ ਪਰੰਪਰਾ ਨੂੰ ਸੰਭਾਲਣਾ ਇਸ ਸਮੇਂ ਦਾ ਅਹਿਮ ਕਾਰਜ ਹੈੈ। ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਉੱਘੇ ਲੋਕ ਗਾਇਕ ਪੰਮੀ ਬਾਈ ਨੇ ਆਪਣੀ ਅਗਵਾਈ ’ਚ ਹੋਏ ਪੰਜਾਬੀ ਯੂਨੀਵਰਸਿਟੀ ਦੇ ਉਨ੍ਹਾਂ ਪੰਜ ਵਿਸ਼ੇਸ਼ ਪ੍ਰਾਜੈਕਟਾਂ ਬਾਰੇ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ, ਜਿਨ੍ਹਾਂ ਰਾਹੀਂ ਪੰਜਾਬ ਦੇ ਵਿਰਾਸਤੀ ਸੰਗੀਤ ਅਤੇ ਨਾਚਾਂ ਬਾਰੇ ਖੋਜ ਭਰਪੂਰ ਕਾਰਜ ਕੀਤਾ ਗਿਆ ਸੀ। ਉਨ੍ਹਾਂ ਅਜਿਹੇ ਹੋਰ ਕਾਰਜਾਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਪਾਕਿਸਤਾਨ ਤੋਂ ਆਨਲਾਈਨ ਵਿਧੀ ਰਾਹੀਂ ਵਿਸ਼ੇਸ਼ ਮਹਿਮਾਨ ਵਜੋਂ ਜੁੜੇ ਡਾ. ਨਾਬੀਲਾ ਰਹਿਮਾਨ ਨੇ ਕਿਹਾ ਕਿ ਆਵਾਜ਼ ਅਤੇ ਖੁਸ਼ਬੂ ਨੂੰ ਡੱਕਿਆ ਨਹੀਂ ਜਾ ਸਕਦਾ। ਉਨ੍ਹਾਂ ਸੰਗੀਤ ਅਤੇ ਇਸ ਨਾਲ ਜੁੜੇ ਅਕਾਦਮਿਕ ਕਾਰਜਾਂ ਦੀ ਬਿਹਤਰੀ ਲਈ ਦੋਵੇਂ ਸੂਬਿਆਂ ਦੇ ਵਿਦਿਅਕ ਅਤੇ ਖੋਜ ਅਦਾਰਿਆਂ ਨੂੰ ਸੰਸਥਾਤਮਕ ਪੱਧਰ ’ਤੇ ਸਾਂਝ ਕਾਇਮ ਕਰਦਿਆਂ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਕੈਨੇਡਾ ਤੋਂ ਪੁੱਜੇ ਭੁਪਿੰਦਰ ਸਿੰਘ ਮੱਲ੍ਹੀ ਨੇ ਹਰੇਕ ਕੌਮ ਨੂੰ ਅੱਗੇ ਵਧਣ ਲਈ ਸੰਗੀਤ ਦੀ ਲੋੜ ਦੱਸਦਿਆਂ ਸੰਗੀਤ ਅਤੇ ਵਿਰਾਸਤ ਦੇ ਪ੍ਰਚਾਰ ਪ੍ਰਸਾਰ ਲਈ ਮਿਸ਼ਨਰੀਆਂ ਵਾਂਗ ਨਿੱਠ ਕੇ ਕੰਮ ਕਰਨ ਦੀ ਲੋੜ ਦੱਸੀ। ਵਿਭਾਗ ਮੁਖੀ ਪ੍ਰੋ. ਅਲੰਕਾਰ ਸਿੰਘ, ਕਾਨਫ਼ਰੰਸ ਕੋਆਰਡੀਨੇਟਰ ਪ੍ਰੋ. ਨਿਵੇਦਿਤਾ ਸਿੰਘ ਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਵੀ ਵਿਚਾਰ ਸਾਂਝੇ ਕੀਤੇ। ਪਹਿਲੇ ਤੇ ਦੂਜੇ ਅਕਾਦਮਿਕ ਸੈਸ਼ਨ ਵਿੱਚ ‘ਪੰਜਾਬ ਦੀ ਸ਼ਾਸਤਰੀ ਗਾਇਨ ਪਰੰਪਰਾ’ ਤੇ ‘ਪੰਜਾਬ ਦੀ ਸ਼ਾਸਤਰੀ ਵਾਦਨ ਪਰੰਪਰਾ’ ਵਿਸ਼ੇ ’ਤੇ ਚਰਚਾ ਹੋਈ। ਸ਼ਾਮ ਨੂੰ ਕੋਲਕਾਤਾ ਤੋਂ ਪੁੱਜੇ ਪਟਿਆਲਾ ਘਰਾਣੇ ਦੇ ਕਲਾਕਾਰ ਵਿਦੁਸ਼ੀ ਅੰਜਨਾ ਨਾਥ ਨੇ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ ਦਿੱਤੀ। ਪੰਜਾਬ ਘਰਾਣੇ ਦੇ ਉਸਤਾਦ ਤਬਲਾ ਵਾਦਕਾਂ ਵੱਲੋਂ ਉਸਤਾਦ ਜ਼ਾਕਿਰ ਹੁਸੈਨ ਨੂੰ ਆਪਣੇ ਸਮੂਹਿਕ ਤਬਲਾ ਵਾਦਨ ਨਾਲ ਪੇਸ਼ਕਾਰੀ ਦਿੱਤੀ ਗਈ।

Related posts

Sidhu Moosewala Shooters Encounter: AK-47 ਕਾਰਨ 5 ਘੰਟੇ ਫਸੀ ਪੰਜਾਬ ਪੁਲਿਸ, ਗੈਂਗਸਟਰਾਂ ਨਾਲ ਪਾਕਿਸਤਾਨ ਕਨੈਕਸ਼ਨ ਆਇਆ ਸਾਹਮਣੇ

On Punjab

Covid-19 : ਕੋਰੋਨਾ ਦੇ ਨਵੇਂ ਵੇਰੀਐਂਟ XBB15 ਨੇ ਅਮਰੀਕਾ ‘ਚ ਪੈਦਾ ਕੀਤੀ ਦਹਿਸ਼ਤ, Omicron BF.7 ਤੋਂ ਵੀ ਜ਼ਿਆਦਾ ਹੈ ਖਤਰਨਾਕ

On Punjab

‘ਫਾਨੀ’ ਨੇ ਉੜੀਸ਼ਾ ‘ਚ ਮਚਾਈ ਤਬਾਹੀ, ਵੇਖੋ ਬਰਬਾਦੀ ਦੀਆਂ ਤਸਵੀਰਾਂ

On Punjab