PreetNama
ਖਾਸ-ਖਬਰਾਂ/Important News

ਸਾਊਦੀ ਅਰਬ ਦੇ ਤੇਲ ਪਲਾਂਟਾਂ ‘ਤੇ ਹਮਲਾ, ਲੱਗੀ ਭਿਆਨਕ ਅੱਗ

ਦੁਬਈ: ਸਾਊਦੀ ਅਰਬ ’ਚ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਪ੍ਰੋਸੈਸਿੰਗ ਕੰਪਨੀ ਅਰਾਮਕੋ ਦੇ ਦੋ ਪਲਾਂਟਾਂ ’ਤੇ ਸ਼ਨਿਚਰਵਾਰ ਨੂੰ ਡਰੋਨਾਂ ਰਾਹੀਂ ਹਮਲੇ ਕੀਤੇ ਗਏ। ਸਾਊਦੀ ਅਰਬ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਹਮਲੇ ਕਾਰਨ ਆਲਮੀ ਪੱਧਰ ’ਤੇ ਤੇਲ ਸਪਲਾਈ ਲਈ ਅਹਿਮ ਪ੍ਰੋਸੈਸਰ ’ਚ ਭਿਆਨਕ ਅੱਗ ਲੱਗ ਗਈ। ਇਹ ਹਮਲੇ ਅਬਕੈਕ ਤੇ ਖੁਰਾਇਸ ਤੇਲ ਰਿਫਾਇਨਰੀਆਂ ’ਚ ਹੋਏ ਹਨ। ਇਸ ਨਾਲ ਤਕਰੀਬਨ ਤੇਲ ਦੀ ਅੱਧੀ ਸਪਲਾਈ ਪ੍ਰਭਾਵਿਤ ਹੋਈ ਹੈ।

ਯਮਨ ਦੇ ਹੂਥੀ ਬਾਗ਼ੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਕਬੂਲੀ ਹੈ। ਗੁੱਟ ਦੇ ਅਲ-ਮਸੀਰਾ ਟੀਵੀ ਨੇ ਕਿਹਾ ਕਿ ਬਾਗ਼ੀਆਂ ਨੇ 10 ਡਰੋਨਾਂ ਨਾਲ ਵੱਡਾ ਹਮਲਾ ਕੀਤਾ ਤੇ ਪੂਰਬੀ ਸਾਊਦੀ ਅਰਬ ’ਚ ਅਬਕੈਕ ਅਤੇ ਖੁਰਾਇਸ ’ਚ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾਇਆ। ਹਮਲੇ ’ਚ ਕਿਸੇ ਜਾਨੀ ਜਾਂ ਤੇਲ ਉਤਪਾਦਨ ’ਚ ਨੁਕਸਾਨ ਬਾਰੇ ਕੁਝ ਸਪੱਸ਼ਟ ਨਹੀਂ ਹੋ ਸਕਿਆ।

ਇਸ ਹਮਲੇ ਨਾਲ ਫਾਰਸ ਦੀ ਖਾੜੀ ’ਚ ਤਣਾਅ ਵਧਣ ਦੇ ਆਸਾਰ ਹਨ ਕਿਉਂਕਿ ਅਮਰੀਕਾ ਵੱਲੋਂ ਇਰਾਨ ਨਾਲ ਕੀਤੇ ਪਰਮਾਣੂ ਸਮਝੌਤੇ ਨੂੰ ਰੱਦ ਕਰਨ ਮਗਰੋਂ ਦੋਵੇਂ ਮੁਲਕਾਂ ਵਿਚਕਾਰ ਪਹਿਲਾਂ ਤੋਂ ਹੀ ਟਕਰਾਅ ਚੱਲ ਰਿਹਾ ਹੈ। ਅਬਕੈਕ ’ਚ ਬਣਾਏ ਗਏ ਆਨਲਾਈਨ ਵੀਡੀਓਜ਼ ’ਚ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ। ਅਸਮਾਨ ’ਚ ਧੂੰਏਂ ਦਾ ਗੁਬਾਰ ਵੀ ਉਡਦਾ ਦੇਖਿਆ ਜਾ ਸਕਦਾ ਹੈ।

ਅਮਰੀਕੀ ਜਾਂਚਕਾਰਾਂ ਮੁਤਾਬਕ ਬਾਗ਼ੀਆਂ ਦੇ ਨਵੇਂ ਯੂਏਵੀ-ਐਕਸ ਡਰੋਨ ਦੀ ਮਾਰ 1500 ਕਿਲੋਮੀਟਰ ਤਕ ਹੈ। ਸਰਕਾਰੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਹਮਲੇ ਲਈ ਕਿਸ ਕਿਸਮ ਦੇ ਡਰੋਨ ਦੀ ਵਰਤੋਂ ਕੀਤੀ ਗਈ ਹੈ। ਦੋਵਾਂ ਥਾਵਾਂ ’ਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਤੇ ਇਨ੍ਹਾਂ ਹਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹੂਥੀ ਬਾਗੀਆਂ ’ਤੇ ਇਸ ਪਹਿਲਾਂ ਅਗਸਤ ਵਿੱਚ ਸ਼ਾਇਬਾਹ ਕੁਦਰਤੀ ਗੈਸ ਪਲਾਂਟ ’ਤੇ ਅਤੇ ਮਈ ’ਚ ਹੋਰਨਾਂ ਤੇਲ ਪਲਾਂਟਾਂ ’ਤੇ ਹਮਲੇ ਕਰਨ ਦੇ ਦੋਸ਼ ਵੀ ਲੱਗੇ ਸੀ। ਇਹ ਬਾਗੀ ਯਮਨ ਸਰਕਾਰ ਤੇ ਸਾਊਦੀ ਅਰਬ ਦੀ ਅਗਵਾਈ ਹੇਠਲੇ ਗੱਠਜੋੜ ਖ਼ਿਲਾਫ਼ ਜੰਗ ਲੜ ਰਹੇ ਹਨ।

Related posts

ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜਾਰਜ ਸ਼ੁਲਟਜ਼ ਦਾ ਦੇਹਾਂਤ

On Punjab

ਕਸ਼ਮੀਰ ‘ਤੇ ਨਾਕਮ ਰਹਿਣ ਮਗਰੋਂ ਇਮਰਾਨ ਖ਼ਾਨ ਦਾ ਛਲਕਿਆ ਦਰਦ

On Punjab

ਜਿਸ ਨੂੰ ਆਪਣਾ ਗੁਰੂ ਮੰਨਦਾ ਸੀ ਮੂਸੇਵਾਲਾ ਉਸ ਦਾ ਵੀ ਹੋਇਆ ਸੀ ਦਰਦਨਾਕ ਅੰਤ, ਮਿਲਦੀ-ਜੁਲਦੀ ਹੈ ਦੋਵਾਂ ਦੀ ਕਹਾਣੀ

On Punjab