ਚੰਡੀਗੜ੍ਹ: ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਬਹਿਬਲ ਗੋਲੀਕਾਂਡ ਵਿੱਚ ਪੁਲਿਸ ਅਫਸਰ ਘਿਰਦੇ ਜਾ ਰਹੇ ਹਨ। ਪੁਲਿਸ ਦੇ ਐਫਆਈਆਰ ਵਿੱਚ ਦਰਜ ਤੇ ਵਿਸ਼ੇਸ਼ ਜਾਂਚ ਟੀਮ ਸਾਹਮਣੇ ਦਿੱਤੇ ਬਿਆਨ ਮੇਲ ਨਹੀਂ ਖਾ ਰਹੇ। ਸਿੱਟ ਨੇ ਇਸ ਬਾਰੇ ਖੁਲਾਸਾ ਅਦਾਲਤ ਵਿੱਚ ਕੀਤਾ।
ਦਰਅਸਲ ਅਦਾਲਤ ਵਿੱਚ ਐਸਆਈਟੀ ਨੇ ਜੱਜਾਂ ਸਾਹਮਣੇ ਬਿਆਨ ਦਿੱਤਾ ਕਿ 14 ਅਕਤੂਬਰ, 2015 ਨੂੰ ਘਟਨਾ ਵਾਲੇ ਦਿਨ ਥਾਣਾ ਬਾਜਾਖਾਨਾ ਵਿੱਚ ਐਫਆਰਆਈ ਨੰਬਰ 129 ਦਰਜ ਹੋਈ ਸੀ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਲਿਖੇ ਬਿਆਨ ਪੁਲਿਸ ਅਧਿਕਾਰੀਆਂ ਦੇ ਬਿਆਨਾਂ ਨਾਲ ਮਿਲ ਨਹੀਂ ਰਹੇ। ਪੁਲਿਸ ਵੱਲੋਂ ਕਿਹਾ ਗਿਆ ਕਿ ਗੋਲੀਆਂ ਆਪਣੀ ਸੁਰੱਖਿਆ ਲਈ ਚਲਾਈਆਂ ਗਈਆਂ ਸੀ ਪਰ ਐਸਆਈਟੀ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਡਿਊਟੀ ’ਤੇ ਤਾਇਨਾਤ ਸਾਰੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਆਪਣੇ ਹਥਿਆਰਾਂ ਨਾਲ ਸਾਰੇ ਕਾਰਤੂਸ ਵੀ ਜਮ੍ਹਾ ਕਰਵਾ ਦਿੱਤੇ ਸਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਪੁਲਿਸ ਨੇ ਕੋਈ ਗੋਲ਼ੀ ਹੀ ਨਹੀਂ ਚਲਾਈ ਤਾਂ ਨਹੀਂ ਆਖ਼ਰ ਦੋ ਨੌਜਵਾਨਾਂ ਦੀ ਮੌਤ ਕਿਸ ਦੀ ਗੋਲ਼ੀ ਨਾਲ ਹੋਈ ਤੇ ਲੋਕ ਕਿਸ ਦੀ ਗੋਲ਼ੀ ਨਾਲ ਜ਼ਖ਼ਮੀ ਹੋਏ? ਉਸ ਸਮੇ ਜਿਪਸੀ ’ਤੇ 12 ਬੋਰ ਦੀ ਰਾਈਫਲ ਨਾਲ ਫਾਇਰਿੰਗ ਹੋਈ ਪਰ ਪੁਲਿਸ ਹੁਣ ਤਕ ਉਕਤ ਰਾਈਫਲ ਬਰਾਮਦ ਨਹੀਂ ਕਰ ਪਾਈ। ਪੁਲਿਸ ਦਾ ਕਹਿਣ ਹੈ ਕਿ ਗੋਲ਼ੀ ਚੱਲਣ ਤੋਂ ਬਾਅਦ ਉਨ੍ਹਾਂ ਆਪਣੀ ਸੁਰੱਖਿਆ ਲਈ ਗੋਲ਼ੀ ਚਲਾਈ।
ਹੁਣ ਐਸਆਈਟੀ ਨੂੰ ਸ਼ੱਕ ਹੈ ਕਿ ਪੁਲਿਸ ਨੇ ਆਪਣੇ ਬਚਾਅ ਲਈ ਹੀ ਐਸਐਸਪੀ ਮੋਗਾ ਦੀ ਜਿਪਸੀ ਤੇ ਰਾਈਫਲ ਨਾਲ ਫਾਇਰਿੰਗ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਉਕਤ ਰਾਈਫਲ ਦੀ ਬਰਾਮਦਗੀ ਲਈ ਹੀ ਸੋਮਵਾਰ ਨੂੰ ਐਸਆਈਟੀ ਨੇ ਸਾਬਕਾ ਐਸਐਸਪੀ ਦੇ ਰਿਮਾਂਡ ਵਿੱਚ ਵਾਧੇ ਦੀ ਮੰਗ ਕੀਤੀ ਸੀ।
ਉਧਰ, ਬਹਿਬਲ ਗੋਲੀਕਾਂਡ ਦੀ ਘਟਨਾ ਬਾਰੇ ਗ੍ਰਿਫ਼ਤਾਰ ਮੋਗੇ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੇ ਰਿਮਾਂਡ ਵਿੱਚ ਤਿੰਨ ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਦੇ ਪੁਲਿਸ ਰਿਮਾਂਡ ਵਿੱਚ 5 ਦਿਨਾਂ ਦਾ ਵਾਧਾ ਮੰਗਿਆ ਸੀ। ਜੱਜ ਨੇ ਦੋਵਾਂ ਪੱਖਾਂ ਦੀ ਬਹਿਸ ਸੁਣਨ ਮਗਰੋਂ ਸ਼ਰਮਾ ਦਾ ਰਿਮਾਂਡ ਤਿੰਨ ਦਿਨਾਂ ਲਈ ਵਧਾ ਦਿੱਤਾ।