48.69 F
New York, US
March 28, 2024
PreetNama
ਸਮਾਜ/Social

ਪੰਜਾਬ ਦੀ ਜਵਾਨੀ ਦਾ ਵੱਧ ਰਿਹਾ ਨਸ਼ਿਆਂ ਪ੍ਰਤੀ ਅਕਰਸ਼ਨ..ਕਿਉਂ? (ਭਾਗ-1)

ਪੰਜਾਬ ਭਾਰਤ ਦਾ ਇਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਲ ਨਾਲ ਇਕ ਪ੍ਰਤੀ ‘ਜੀਅ’ ਆਮਦਨ ਦੇ ਹਿਸਾਬ ਨਾਲ ਭਾਰਤ ਦਾ ਮੋਹਰੀ ਸੂਬਾ ਰਿਹਾ ਹੈ। ਇਥੋਂ ਦੇ ਸਬਰ ਸੰਤੋਖੀ, ਸਾਦੇ-ਮੁਰਾਦੇ ਅਤੇ ਅਣਖੀਲੇ ਕਿਸਾਨ ਭਾਰਤ ਅਤੇ ਵਿਦੇਸ਼ਾਂ ਵਿਚ ਜਾਣੇ ਜਾਂਦੇ ਹਨ। ਕੁਦਰਤੀ ਕਰੋਪੀਆਂ, ਸੋਕਾ, ਹੜ੍ਹ, ਗੜ੍ਹੇਮਾਰੀ ਤੇ ਹੋਰ ਪਸ਼ੂ-ਧੰਨ ਆਦਿ ਦਾ ਨੁਕਸਾਨ ਉਹ ਆਪਣੇ ਮਜਬੂਤ ‘ਜਿਗਰੇ’ ਨਾਲ ਸਹਿ ਲੈਂਦੇ ਸਨ ਤੇ ਕਿਸੇ ਅੱਗੇ ਹੱਥ ਅੱਡਣਾ ਆਪਣੀ ਅਣਖ ਨੂੰ ਵੰਗਾਰ ਸਮਝਦੇ ਸਨ। ਕਿਸੇ ਵੀ ਪ੍ਰਕਾਰ ਦਾ ਕਜੀਆ-ਕਲੇਸ਼ ਬਹੁਤ ਘੱਟ ਦੇਖਣ ਨੂੰ ਮਿਲਦਾ ਸੀ, ਕਿਸਾਨ ਦੇ ‘ਜਿਗਰੇ’ ਦੀ ਗੱਲ ਵੀ ਆਮ ਚਲਦੀ ਸੀ। ਗਰੀਬ ਗਰੁਬੇ ਨੂੰ ਵੀ ਕਿਸਾਨ ਦੇ ਘਰ ਦੀ ਆਸ ਹੁੰਦੀ ਸੀ ਤੇ ਖੁਸ਼ਹਾਲ ਜੀਵਨ ਜਿਉਂਦੇ ਸਨ।

ਪਰ ਅਜੋਕੇ ਸਮੇਂ ਵਿਚ ਇਹ ਤਸਵੀਰ ਉੱਕਾ ਹੀ ਬਦਲ ਚੁੱਕੀ ਹੈ। ਉਹ ਅੱਜ ਸਮੇਂ ਦੇ ਹਲਾਤਾਂ ਤੋਂ ਪ੍ਰੇਸ਼ਾਨ ਹੋ ਕੇ ਆਪਣਾ ਕਾਰੋਬਾਰ ਖੇਤੀਬਾੜੀ, ਆਪਣੀ ਔਲਾਦ ਦੀ ਬਿਹਤਰੀ ਤੇ ਹੋਰ ਸਮਾਜ ਭਲਾਈ ਦੇ ਕੰਮਾਂ ਤੋਂ ਮੁੱਖ ਮੋੜ ਕੇ ਧਰਨੇ ਮੁਜ਼ਾਹਰਿਆਂ ਵਿਚ ਉਲਝ ਕੇ ਰਹਿ ਗਏ ਹਨ। ਮਾਪਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦੇ ਬੱਚੇ ਕਿਹੜੇ ਗਲਤ ਰਸਤੇ ਅਖਤਿਆਰ ਲੈਂਦੇ ਹਨ, ਫਿਰ ਉਨ੍ਹਾਂ ਨੂੰ ਬੱਚਿਆਂ ਦੁਆਰਾ ਕੀਤੇ ਭੰਨਤੋੜ, ਖੂਨ-ਖਰਾਬੇ, ਮਾਰ-ਕੁਟਾਈ, ਖੋਹ-ਖਿੱਚ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਰਗੀਆਂ ਕੋਝੀਆਂ ਹਰਕਤਾਂ ਦਾ ਪਤਾ ਅਖਬਾਰਾਂ ਦੀਆਂ ਖਬਰਾਂ, ਟੀਵੀ ਚੈਨਲਾਂ ਜਾਂ ਪੁਲਿਸ ਸਟੇਸ਼ਨਾਂ ਵਿਚ ਦਰਜ ਹੋਏ ਪਰਚਿਆਂ ਤੋਂ ਹੀ ਲੱਗਦਾ ਹੈ।

ਉਸ ਸਮੇਂ ਤੱਕ ਪਾਣੀ ਬਹੁਤ ਹੱਦ ਤੱਕ ਸਿਰੋਂ ਲੰਘ ਚੁੱਕਾ ਹੁੰਦਾ ਹੈ। ਮਾਪਿਆਂ ਦੀ ਚਿੰਤਾਂ ਦਾ ਕਾਰਨ ਆਪਣੀ ਔਲਾਦ ਦੁਆਰਾ ਘਰ ਦੇ ਲੋੜੀਂਦੇ ਕੰਮ ਨਾ ਕਰਕੇ ਮਾੜੇ ਕੰਮਾਂ ਵਿਚ ਸ਼ਮੂਲੀਅਤ ਅਤੇ ਮਾਪਿਆਂ ਵਲੋਂ ਮੁੱਖ ਮੋੜ ਚੁੱਕੇ ਨੌਜ਼ਵਾਨ ਜੋ ਸ਼ਰੇਆਮ ਸੜਕਾਂ ‘ਤੇ ਸਿਨੇਮਾਘਰਾਂ, ਸ਼ਰਾਬ ਦੇ ਠੇਕਿਆਂ, ਮੈਡੀਕਲ ਸਟੋਰਾਂ, ਪੁਲਿਸ ਸਟੇਸ਼ਨਾਂ, ਜੂਏ ਦੇ ਅੱਡਿਆਂ ‘ਤੇ ਘੁੰਮਦੇ ਵਿਖਾਈ ਦਿੰਦੇ ਹਨ। ਇਹ ਨੌਜ਼ਵਾਨ ਫੋਕੀ ਸ਼ੋਹਰਤ ਦੇ ਚੱਲਦੇ ਮੀਡੀਆ ਵਿਚ ਵੱਜਦੇ ਗਾਣੇ, ਪਹਿਰਾਵੇ ਤੇ ਖੜਮਸਤੀਆਂ ਤੋਂ ਸਹਿਜੇ ਹੀ ਪ੍ਰੇਰਿਤ ਹੋ ਜਾਂਦੇ ਹਨ ਅਤੇ ਆਪ ਵੀ ਉਨ੍ਹਾਂ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਹਨ।

ਉਨ੍ਹਾਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਲੰਡੀਆਂ-ਜੀਪਾਂ, ਸ਼ਰਾਬ ਦੇ ਪੈੱਗ, ਸਿਗਰਟਾਂ ਦੇ ਕਸ਼, ਹੱਥਾਂ ਵਿਚ ਮਾਰੂ ਹਥਿਆਰ, ਲੰਬੇ ਕੁੜਤੇ, ਕੁੰਢੀਆਂ ਮੁੱਛਾਂ, ਮਾਣ ਨਾਲ ਟੇਢੀਆਂ-ਮੇਢੀਆਂ ਪੁਲਾਂਘਾ ਪੁੱਟ ਕੇ ਸਮਾਜ ਉਪਰ ਰੋਅਬ ਪਾਇਆ ਜਾ ਸਕਦਾ ਹੈ। ਇਸ ਜੀਵਨ ਦਾ ਅਨੰਦ ਉਠਾਇਆ ਜਾ ਸਕਦਾ ਹੈ। ਇਸ ਦਾ ਉਨ੍ਹਾਂ ਦੀ ਅੱਲੜ ਉਮਰ ਦੀਆਂ ਭਾਵਨਾਵਾਂ ਉਪਰ ਬਹੁਤ ਡੁੰਘਾ ਪ੍ਰਭਾਵ ਪੈਂਦਾ ਹੈ। ਜਿਸ ਦਾ ਨਤੀਜਾ ਘਰ ਦੀ, ਸਮਾਜ ਦੀ, ਦੇਸ਼/ਪ੍ਰਾਂਤ ਦੀ ਤਬਾਹੀ ਹੀ ਤਬਾਹੀ ਨਿਕਲਦਾ ਹੈ। ਪੰਜਾਬ ਦੇ ਸਭ ਵਰਗਾਂ ਦੇ ਨੌਜ਼ਵਾਨ ਮਨਚਲੇ ਲੜਕੇ ਲੜਕੀਆਂ ਇਸ ਜੀਵਨ ਦਾ ਆਨੰਦ ਮਾਨਣ ਲਈ ਉਤਾਵਲੇ ਰਹਿੰਦੇ ਹਨ। ਮਾੜੇ ਖਾਸ ਤੌਰ ਤੇ ਚੰਗੇ ਮਾੜੇ ਕੰਮਾਂ ਦੀ ਨਕਲ ਕਰਨਾ ਮਨੁੱਖੀ ਪ੍ਰਵਿੱਤਰੀ ਹੈ।

ਪਰ ਬਹੁਤ ਹੀ ਅਫਸੋਸ ਦੀ ਗੱਲ ਕਿ ਹੁਣ ਪੰਜਾਬ ਦਾ ਉਪਰੋਂ ਬਹੁਤ ਹੀ ਆਕਰਸ਼ਕ ਦਿਸਣ ਵਾਲਾ ਰੂਪ ਅੰਦਰੋਂ ਅੰਦਰੀ ਖੋਖਲਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਕੀ ਕਾਰਨ ਹੈ ਕਿ ਜਿਸ ਤਰ੍ਹਾ ਸਿਉਂਕ ਲੱਗੀ ਲੱਕੜ ਉਪਰੋਂ ਦੇਖਣ ਵਿਚ ਤਾਂ ਉਨੀ ਹੀ ਮਜ਼ਬੂਤ ਦਿਖਾਈ ਦਿੰਦੀ ਹੈ। ਪਰ ਜਰ੍ਹਾਂ ਜਿੰਨਾਂ ਜ਼ੋਰ ਪੈ ਜਾਣ ਤੇ ਚਕਨਾਚੂਰ ਹੋ ਜਾਂਦੀ ਹੈ। ਇਸੇ ਤਰ੍ਹਾ ਹੀ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਸਿਉਂਕ ਦੇ ਭੇਟ ਚੜ੍ਹ ਰਹੀ ਹੈ। ਉਪਰੋਂ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਦਿੱਸਣ ਵਾਲੇ ਨੌਜ਼ਵਾਨ ਲੜਕੇ ਤੇ ਲੜਕੀਆਂ ਨਸ਼ੇ ਦੀ ਬੇਹਿਸਾਬ ਵਰਤੋਂ ਕਰਨ ਕਰਕੇ ਅੰਦਰੋਂ ਖੋਖਲੇ ਹੋ ਚੁੱਕੇ ਹਨ।

”ਸੱਜਰਾ ਫੁੱਲ ਕਿਉਂ ਅੱਜ ਰੋਇਆ ਰੋਇਆ ਲੱਗਦਾ ਏ”
”ਕਿਸੇ ਕੰਡਿਆਂ ਵਿਚ ਪਰੋਇਆ ਲੱਗਦਾ ਏ”

ਆਮ ਤੌਰ ‘ਤੇ ਨਸ਼ਾ ਸ਼ੁਰੂ ਕਰਨ ਦੀ ਕੋਈ ਵੀ ਉਮਰ ਨਿਰਧਾਰਿਤ ਨਹੀਂ ਹੁੰਦੀ, ਪਤਾ ਹੀ ਨਹੀਂ ਲੱਗਦਾ ਕਿ ਬੱਚੇ ਕਿਹੜੇ ਵੇਲੇ ਨਸ਼ਾ ਕਰਨਾ ਆਰੰਭ ਕਰ ਦਿੰਦੇ ਹਨ। ਜਿਆਦਾਤਰ ਐਕਟਿਵ, ਤੇਜ਼ ਤਰਾਰ, ਸਮਰਪਿਤ ਉਦਾਰਚਿੱਤ ਤੇ ਆਸ਼ਾਵਾਦੀ ਬੱਚੇ ਹੀ ਜ਼ਿਆਦਾ ਨਸ਼ੇ ਦੀ ਲਪੇਟ ਵਿਚ ਆਉਂਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਕਈ ਵਾਰ ਕਿਸੇ ਅਜਿਹੀ ਗੱਲ ਤੋਂ ਉਨ੍ਹਾਂ ਦੀਆਂ ਨਾਜ਼ੁਕ ਭਾਵਨਾਵਾਂ ਨੂੰ ਚੋਟ ਪਹੁੰਚਦੀ ਹੈ ਕਿ ਉਹ ਇਸ ਨਸ਼ੇ ਰੂਪੀ ਦੈਂਤ ਦੀ ਲਪੇਟ ਵਿਚ ਆ ਜਾਂਦੇ ਹਨ। ਆਪਣੀ ਚੰਗਿਆਈ ਅਤੇ ਆਪਣੀ ਹੋਣ ਹਾਰ ਪ੍ਰਤਿਭਾ ਲਗਭਗ ਗੁਆ ਹੀ ਲੈਂਦੇ ਹਨ।

ਮਾਪੇ, ਸਾਥੀ ਤੇ ਅਧਿਆਪਕ ਵੀ ਇਸ ਗੱਲ ਤੋਂ ਅਣਜਾਣ ਹੁੰਦੇ ਹਨ ਕਿ ਐਸਾ ਕੀ ਵਾਪਰਿਆ ਕਿ ਹਰ ਸਮੇਂ ਚਹਿਕਦਾ ਰਹਿਣ ਵਾਲਾ ਵਿਅਕਤੀ ਇਕਦਮ ਖਾਮੋਸ਼ ਕਿਉਂ ਹੋ ਗਿਆ, ਫਿਰ ਹੌਲੀ ਹੌਲੀ ਅਸਰ ਉਸ ਵਿਅਕਤੀ ਦੇ ਵਿਅਕਤੀਤਵ ਤੇ ਵੀ ਪੈਣਾ ਸੁਭਾਵਿਕ ਹੀ ਹੋ ਜਾਂਦਾ ਹੈ। ਉਹ ਵਿਅਕਤੀ ਇੰਨੇ ਜ਼ਿਆਦਾ ਸਵਾਰਥੀ ਹੋ ਜਾਂਦੇ ਹਨ… ਉਨ੍ਹਾਂ ਲੋਕਾਂ ਵਿਨਾਸ਼ ਦੇਖਣ ਲਈ… ਜਿੰਨ੍ਹਾਂ ਨੇ ਉਨ੍ਹਾਂ ਦੀ ਜਿੰਦਗੀ ਨੂੰ ਤਹਿਸ ਨਹਿਸ਼ ਕਰ ਦਿੱਤੇ ਹੋਵੇ। ਉਨ੍ਹਾਂ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੱਤਾ ਹੋਵੇ।

ਸਭ ਤੋਂ ਪਹਿਲਾਂ ਤਾਂ ਇਸ ਦੇ ਕਾਰਨਾਂ ਦਾ ਸਪੱਸ਼ਟ ਹੋਣਾ ਜਰੂਰੀ ਹੈ ਕਿ ਸਾਡੇ ਨੌਜ਼ਵਾਨ ਨਸ਼ੇ ਵੱਲ ਖਿੱਚੇ ਕਿਉਂ ਜਾ ਰਹੇ ਹਨ?  ਕਿਉਂਕਿ ਇਨ੍ਹਾਂ ਨੂੰ ਉਸ ਵਿਚ ਹੀ ਜੰਨਤ ਨਜ਼ਰ ਆਉਂਦੀ ਹੈ? ਕਿਉਂਕਿ ਇਹ ਆਪਣੇ ਮਾਂ ਬਾਪ, ਭੈਣ ਭਰਾਵਾਂ, ਦੋਸਤਾਂ ਮਿੱਤਰਾਂ, ਅਧਿਆਪਕਾਂ, ਭਾਵ ਹਰ ਰਿਸ਼ਤੇ ਤੋਂ ਦੂਰੀ ਬਣਾ ਲੈਂਦੇ ਹਨ ਅਤੇ ਸਿਰਫ ਇਸੇ ਦਰਿਆ ਵਿਚ ਹੜ੍ਹ ਜਾਂਦੇ ਹਨ। ਜਿਸ ਦਾ ਮੰਜਿਲ ਰਹਿਤ ਵਹਿਣ ਇਨ੍ਹਾਂ ਨੂੰ ਆਪਣੇ ਨਾਲ ਹੀ ਵਹਾ ਕੇ ਲੈ ਜਾਂਦਾ ਹੈ।

ਆਮ ਤੌਰ ‘ਤੇ 10-14, 15 ਤੋਂ 16 ਅਤੇ 17 ਤੋਂ 20 ਸਾਲ ਦੀ ਇਹ ਉਮਰ ਇਨ੍ਹਾਂ ਬੱਚਿਆਂ ਦੀ ਸਰੀਰਕ, ਮਾਨਸਿਕ, ਭਾਵਨਾਮਿਕ ਵਿਚਾਰਾਂ ਦੀ ਤਬਦੀਲੀ ਦਾ ਸਮਾਂ ਹੁੰਦਾ ਹੈ। ਇਸ ਉਮਰ ਵਿਚ ਬੱਚਿਆਂ ਨੂੰ ਖੁਦ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨਾਲ ਕੀ ਵਾਪਰ ਰਿਹਾ ਹੈ? ਉਹ ਸਿਰਫ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਕੁਝ ਅਜਿਹਾ ਹੋ ਰਿਹਾ ਹੈ?.. ਜੋ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਬੱਚੇ ਅਜਿਹੀ ਦਲਦਲੀ ਸਥਿਤੀ ਵਿਚ ਫਸ ਜਾਂਦੇ ਹਨ.. ਕਿ ਉਨ੍ਹਾਂ ਦਾ ਮਨ ਕਰਦਾ ਹੈ ਕਿ ਉਹ ਕਿਸੇ ਅਜਿਹੇ ਵਿਅਕਤੀ ਨਾਲ ਆਪਣੀ ਗੱਲ ਸਾਂਝੀ ਕਰਨ, ਜੋ ਉਨ੍ਹਾਂ ਨੂੰ ਧਿਆਨ ਪੂਰਵਕ ਸੁਣੇ, ਸਮਝੇ ਅਤੇ ਇਸ ਦਾ ਹੱਲ ਸਕਾਰਤਮਿਕ ਢੰਗ ਨਾਲ ਦੇਵੇ ਕਿ ਉਨ੍ਹਾਂ ਦੀ ਚਿੰਤਾ, ਅਣਜਾਣ ਜਿਹਾ ਡਰ, ਆਪਣੇ ਤੇ ਹੋਣ ਵਾਲਾ ਸ਼ੱਕ ਜਿਹਾ ਕਿ ਮੈਨੂੰ ਕੀ ਹੋ ਗਿਆ ਹੈ? ਜਿਹਾ ਡਰ ਲਹਿ ਜਾਵੇ ਅਤੇ ਉਹ ਆਪਣੇ ਇਸ ਬੋਝ ਤੋਂ ਮੁਕਤੀ ਪਾ ਲੈਣ।

ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਵਿਅਕਤੀ ਲੱਭਿਆ ਕਿਥੋਂ ਜਾਵੇ? ਜੋ ਇਸ ਤਰ੍ਹਾਂ ਦੀ ਸਮਝਦਾਰੀ ਦਿਖਾਵੇ.. ਇਥੇ ਮਾਪਿਆਂ ਦੀ ਜੋ ਸਭ ਤੋਂ ਵੱਧ ਗਲਤੀ ਹੁੰਦੀ ਹੈ, ਉਹ ਇਹ ਹੈ ਕਿ ਉਹ ਬੱਚਿਆਂ ਨੂੰ ਸਮਝਣ ਦਾ ਯਤਨ ਹੀ ਨਹੀਂ ਕਰਦੇ। ਕਿਉਂਕਿ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਬੱਚੇ ਵਿਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਉਹ ਉਸ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰਦੇ ਹਨ, ਜਿਸ ਤਰ੍ਹਾਂ ਦਾ ਉਸ ਦੇ ਬਚਪਨ ਵਿਚ ਕਰਦੇ ਆਏ ਹਨ। ਪਰ ਬੱਚੇ ਵਿਚ ਆ ਰਹੀਆਂ ਸਰੀਰਕ ਮਾਨਸਿਕ ਤਬਦੀਲੀਆਂ ਵੱਲ ਧਿਆਨ ਹੀ ਨਹੀਂ ਕੀਤਾ ਜਾਂਦਾ। ਕਈ ਵਾਰ ਤਾਂ ਮਾਵਾਂ ਇੰਨੀਆਂ ਅਣਭੋਲ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਕੀ ਕਰ ਰਹੀਆਂ ਹਨ? (ਬਾਕੀ ਕੱਲ੍ਹ)

ਲੇਖਿਕਾ: ਪਰਮਜੀਤ ਕੌਰ ਸਿੱਧੂ
ਮੋਬਾਈਲ: 98148-90905

Related posts

ਹੁਣ ਭਾਰਤੀ ਤੇ ਬੰਗਲਾਦੇਸ਼ ਜਵਾਨਾਂ ਦੀ ਖੜਕੀ, ਏਕੇ-47 ਨਾਲ ਗੋਲੀਆਂ ਮਾਰ ਕੇ ਭਾਰਤੀ ਜਵਾਨ ਦੀ ਹੱਤਿਆ

On Punjab

Punjab Election 2022: ਲੁਧਿਆਣਾ ਪਹੁੰਚੀ ਸਮ੍ਰਿਤੀ ਇਰਾਨੀ, ਕੀਤਾ ਕਾਂਗਰਸ ‘ਤੇ ਹਮਲਾ

On Punjab

ਨਰਸਾਂ ਨਾਲ ਅਸ਼ਲੀਲ ਹਰਕਤ ਕਾਰਨ ਵਾਲੇ ਜਮਾਤੀਆਂ ਖਿਲਾਫ਼ NSA ਤਹਿਤ ਹੋਵੇਗੀ ਕਾਰਵਾਈ : CM ਯੋਗੀ

On Punjab