ਕਹਿੰਦੇ ਹਨ ਕਿ ਕਿਸੇ ਵੀ ਦੇਸ਼ ਦਾ ਭਵਿੱਖ ਉਸ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ ਤੇ ਟਿਕਿਆ ਹੁੰਦਾ ਹੈ । ਪਰ ਜੇਕਰ ਅਸੀਂ ਅੱਜ ਕੱਲ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਵੱਲ ਨਜ਼ਰ ਮਾਰੀਏ ਤਾਂ ਪੰਜਾਬ ਦਾ ਭਵਿੱਖ ਡੁੱਬਦਾ ਹੀ ਨਜ਼ਰ ਆ ਰਿਹਾ ਹੈ । ਜਿੱਥੇ ਕਿ ਨੌਜਵਾਨ ਮੁੰਡੇ ਨਸ਼ਿਆਂ ਵਿੱਚ ਆਪਣੀ ਜਵਾਨੀ ਰੋਲ ਰਹੇ ਹਨ ਉਥੇ ਹੀ ਅੱਜਕਲ ਕੁੜੀਆਂ ਵੀ ਪੱਬਾਂ , ਡਿਸਕੋ ਅਤੇ ਨਸ਼ਿਆਂ ਦੀਆਂ ਆਦੀ ਹੋ ਰਹੀਆਂ ਹਨ ।
ਲੋਕ ਆਪਣੇ ਆਪ ਨੂੰ ਅਗਾਂਹ ਵਧੂ ਸੋਚ ਦੇ ਮਾਲਿਕ ਦਿਖਾਉਣ ਲਈ ਮਾਡਰਨ ਹੋਣਾ ਪਸੰਦ ਕਰਦੇ ਹਨ । ਜਿਸ ਵਿੱਚ ਉਹ ਪਾਰਟੀਆਂ ਵਗੈਰਾ ਕਰਦੇ ਆਪਣੇ ਆਪ ਨੂੰ ਮਾਡਰਨ ਸ਼ੋਅ ਕਰਨ ਦਾ ਦਿਖਾਵਾ ਕਰਦੇ ਹਨ । ਪਰ ਕਈਆਂ ਦੀ ਮਾਨਸਿਕਤਾ ਸਿਰਫ ਫੈਸ਼ਨ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ । ਘਰ ਵਿੱਚ ਭਾਵੇਂ ਖਾਣ ਨੂੰ ਚੰਗੀ ਰੋਟੀ ਨਸੀਬ ਨਹੀਂ ਹੈ , ਪਰ ਵਧੀਆ ਤੇ ਸਮਾਰਟ ਫੋਨ ਹਰ ਇੱਕ ਮੈਂਬਰ ਕੋਲ ਹੈ ਕੁੜੀਆਂ ਅਤੇ ਮੁੰਡੇ ਆਪਣੇ ਕੱਪੜਿਆਂ ਵੱਲ ਇਤਨਾ ਰੁਝਾਨ ਹੈ ਕਿ ਉਹ ਆਪਣੇ ਆਪ ਨੂੰ ਬਸ ਸੋਹਣਾ ਦਿਖਾਉਣ ਦੀ ਦੌੜ ‘ਚ ਹੀ ਫਸੇ ਹੋਏ ਹਨ ।
ਉਨ੍ਹਾਂ ਨੂੰ ਆਪਣੇ ਭਵਿੱਖ ਦੀ ਉਤਨੀ ਚਿੰਤਾ ਨਹੀਂ ਜਿੰਨੀ ਕਿ ਸੋਹਣੇ ਦਿਖਣ ਦੀ । ਉਹ ਆਪਣੇ ਮਾਪਿਆਂ ਦੀ ਬਹੁਤੀ ਕਮਾਈ ਤਾਂ ਸੋਹਣੇ ਦਿਖਣ ਵਿੱਚ ਪਾਰਲਰ ਅਤੇ ਦਰਜੀਆਂ ਨੂੰ ਦੇ ਕੇ ਗਵਾ ਦਿੰਦੇ ਹਨ । ਨੌਜਵਾਨ ਪੀੜ੍ਹੀ ਦਾ ਇਸ ਫੈਸ਼ਨ ਵੱਲ ਵਧ ਰਿਹਾ ਰੁਝਾਨ ਸਾਡੇ ਸਮਾਜ ਲਈ ਖ਼ਤਰਾ ਵੀ ਪੈਦਾ ਕਰ ਰਿਹਾ ਹੈ , ਕਿਉਂਕਿ ਛੋਟੀ ਹੁੰਦੀ ਜਾ ਰਹੀ ਮਾਨਸਿਕਤਾ ਸਾਨੂੰ ਤਰੱਕੀ ਦੇ ਰਾਹਾਂ ਤੋਂ ਦੂਰ ਲੈ ਜਾਂਦੀ ਹੈ । ਘਟੀਆ ਗਾਇਕੀ ਅਤੇ ਫ਼ਿਲਮਾਂ ਵੀ ਇਸ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿਉਂਕਿ ਜੋ ਅਸੀਂ ਦੇਖਦੇ, ਸੁਣਦੇ ਹਾਂ ਉਸ ਦਾ ਸਾਡੀ ਸੋਚ ਤੇ ਬਹੁਤ ਗਹਿਰਾ ਅਸਰ ਪੈਂਦਾ ਹੈ ।
ਪਰ ਜੇਕਰ ਅਸੀਂ ਸੁਣਾਂਗੇ ਹੀ ਘਟਿਆ ਤਾਂ ਸਾਡੀ ਸੋਚ ਦਾ ਛੋਟੀ ਹੁੰਦੇ ਜਾਣਾ ਸੁਭਾਵਿਕ ਹੈ । ਅੱਜ ਨੌਜਵਾਨ ਪੀੜੀ ਬੱਸ ਫਿਲਮਾਂ , ਗੀਤਾਂ , ਫੈਸ਼ਨ , ਨਸ਼ਿਆਂ ਆਦਿ ਬੁਰਾਈਆਂ ਵਿੱਚ ਫਸ ਕੇ ਰਹਿ ਗਈ ਹੈ । ਇਨ੍ਹਾਂ ਚੀਜ਼ਾਂ ਦੀ ਸਾਡੇ ਜੀਵਨ ਵਿੱਚ ਲੋੜ ਹੈ ਪਰ ਕਿਸੇ ਸੀਮਤ ਲੋੜ ਮੁਤਾਬਿਕ । ਪਰ ਅਸੀਂ ਅੱਜ ਕੱਲ੍ਹ ਆਪਣਾ ਸਾਰਾ ਜ਼ੋਰ ਸਿਰਫ ਇਨ੍ਹਾਂ ਚੀਜ਼ਾਂ ਵੱਲ ਦੇਕੇ ਆਪਣੇ ਭਵਿੱਖ ਦੀ ਤਰੱਕੀ ਵੱਲੋਂ ਬਿਲਕੁਲ ਹੀ ਟੁੱਟ ਗਏ ਹਾਂ ਇਸ ਨਾਲ ਸਾਡੇ ਸਮਾਜ ਦਾ ਬਹੁਤ ਭਾਰੀ ਨੁਕਸਾਨ ਹੋਵੇਗਾ । ਲੋੜ ਹੈ ਸਾਨੂੰ ਸਭ ਨੂੰ ਜਾਗਰੂਕ ਹੋਣ ਦੀ । ਸਹੀ ਦਿਸ਼ਾ ਲੱਭਣ ਦੀ ਅਤੇ ਚੰਗੇ ਵਿਚਾਰ ਅਪਣਾਉਣ ਦੀ ।
ਕਿਰਨਪ੍ਰੀਤ ਕੌਰ