63.82 F
New York, US
May 21, 2026
PreetNama
ਸਿਹਤ/Healthਖਬਰਾਂ/News

ਤਣਾਓ ਤੋਂ ਕਿਵੇਂ ਬਚੀਏ…?

ਦੋਸਤੋ ਅੱਜ ਦੇ ਤਣਾਓ ਭਰਪੂਰ ਸਮੇਂ ਵਿੱਚ ਮਨੁੱਖ ਦੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉਪਜਦੀਆਂ ਹਨ।ਇਹ ਸਮੱਸਿਆਵਾਂ ਕਿਸੇ  ਦੁਆਰਾ  ਪੈਦਾ ਕੀਤੀਆਂ ਨਹੀਂ ਬਲਕਿ ਮਨੁੱਖ ਦੁਆਰਾ ਖ਼ੁਦ ਪੈਦਾ ਕੀਤੀਆਂ ਜਾਂਦੀਆਂ ਹਨ। ਹਰ ਖੇਤਰ ਵਿੱਚ ਦੂਜਿਆਂ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਮਨੁੱਖ ਆਪਣੀਆਂ ਸਦਾਚਾਰਕ ਕਦਰਾਂ-ਕੀਮਤਾਂ ਭੁੱਲਦਾ ਜਾ ਰਿਹਾ ਹੈ। ਜਿੱਥੇ ਸਦਾਚਾਰਕ ਜੀਵਨ ਜੀਊਣ ਦੀ ਥਾਂ ਮਨੁੱਖ ਹਰ ਸਮੇਂ ਅੱਖਾਂ ਵਿੱਚ ਬਨਾਵਟੀ ਆਸ਼ਿਆਨੇ ਲੈ ਕੇ ਘੁੰਮ ਰਿਹਾ ਹੋਵੇ ਉੱਥੇ ਮਨ ਨੂੰ ਸਕੂਨ ਕਿੱਥੇ ਮਿਲ ਸਕਦਾ ਹੈ? ਬਿਲਕੁਲ ਉਸੇ ਤਰ੍ਹਾਂ ਜਿਵੇਂ ਗੁਲਾਬ ਦੇ ਅਸਲੀ ਫੁੱਲ ਦੀ ਮਹਿਕ ਲੈਂਦਿਆਂ ਚਿਹਰੇ ਤੇ ਮੁਸਕਰਾਹਟ ਅਤੇ ਕਾਗਜ਼ੀ ਫੁੱਲ ਨੂੰ ਸੁੰਘਿਆਂ ਮੱਥੇ ਤੇ ਤਿਊੜੀ ਉੱਭਰ ਆਉਂਦੀ ਹੈ। ਪੁਰਾਣੇ ਲੋਕ ਅਮੀਰ ਨਹੀਂ ਪਰ ਅਸਲੀ ਜ਼ਿੰਦਗੀ ਜੀਊਂਦੇ ਸਨ ਤੇ ਉਨ੍ਹਾਂ ਦੇ ਚਿਹਰੇ ਹਰ ਸਮੇਂ ਖਿੜੇ ਰਹਿੰਦੇ ਸਨ। ਇਸ ਤੋਂ ਉਲਟ ਅੱਜ ਦੀ ਬਨਾਵਟੀ ਸੁਪਨਿਆਂ ਦੀ ਦੁਨੀਆ ਨੇ ਮਨੁੱਖ ਦੇ ਮੱਥੇ ਤੇ ਤਿਊੜੀ ਹੀ ਉੱਕਰ ਦਿੱਤੀ ਹੈ।ਇਹ ਤਿਊੜੀ ਮਨੁੱਖ ਨੂੰ ਸਕੂਨ ਨਹੀਂ ਲੈਣ ਦਿੰਦੀ, ਜਿਸ ਨਾਲ ਉਸ ਦੇ ਅੰਦਰੋ-ਅੰਦਰ ਨਾਕਾਰਾਤਮਕਤਾ ਦਾ ਕੀੜਾ ਘੁਣ ਵਾਂਗੂੰ ਲੱਗ ਜਾਂਦਾ ਹੈ ਜੋ ਸਮਾਂ ਪੈਣ ਤੇ ਡੂੰਘੀ ਨਿਰਾਸ਼ਤਾ ਅਤੇ ਬਿਮਾਰੀਆਂ ਵੱਲ ਧੱਕਦਾ ਤੁਰਿਆ ਜਾਂਦਾ ਹੈ ।ਇਹੋ ਜਿਹੀ ਸਥਿਤੀ ਤੋਂ ਬਚਣ ਲਈ ਮਨੁੱਖ ਨੂੰ ਆਪਣੇ ਅੰਦਰ ਸਕਾਰਾਤਮਕ ਸੋਚ ਪੈਦਾ ਕਰਨ ਦੀ ਲੋੜ ਹੈ।

            ਆਓ ਅੱਜ ਆਪਾਂ ਸਾਕਾਰਾਤਮਕ ਸੋਚ ਬਾਰੇ ਜਾਣੀਏ।

ਸਾਕਾਰਾਤਮਕ ਸੋਚ ਕੀ ਹੈ? ਸਾਕਾਰਾਤਮਕ ਭਾਵ ਸਾਕਾਰ + ਆਤਮਕ ,ਸਾਕਾਰ ਦਾ ਅਰਥ ਅਸਲੀ ਹੁੰਦਾ ਹੈ ਅਤੇ ਆਤਮਿਕ ਦਾ ਅਰਥ ਆਤਮਾ ਨਾਲ ਸਬੰਧਤ।ਇਸ ਦਾ ਸਹੀ ਅਰਥ ਇਹ ਹੋਇਆ ਕਿ ਸਾਡਾ ਮਨ ਭਾਵ ਆਤਮਾ ਅਸਲੀ ਸੋਚ ਧਾਰਨ ਕਰੇ। ਫਿਰ ਮਨੁੱਖ ਜੋ ਸਾਰਾ ਦਿਨ ਇੱਕ ਸੋਚਾਂ ਦੀ ਪੰਡ ਦਿਮਾਗ ਵਿੱਚ ਚੁੱਕੀ ਫਿਰਦਾ ਹੈ ਕੀ ਉਹ ਅਸਲੀ ਸੋਚ ਨਹੀਂ ਹੁੰਦੀ? ਨਹੀਂ ,ਉਹ ਅਸਲੀ ਸੋਚ ਬਿਲਕੁਲ ਨਹੀਂ ਹੁੰਦੀ ਕਿਉਂਕਿ ਜਦੋਂ ਮਨੁੱਖ ਆਪਣੇ ਆਲੇ-ਦੁਆਲੇ ਦੇਖਦਾ,ਸੁਣਦਾ ਹੈ,ਹਰ ਸੋਚ ਉਸੇ ਦੇ ਆਧਾਰ ਤੇ ਉਪਜੀ ਹੋਈ ਹੁੰਦੀ ਹੈ। ਉਸ ਵਿੱਚੋਂ ਗੁੱਸਾ, ਪਿਆਰ, ਨਫ਼ਰਤ, ਖਿੱਝਣਾ, ਜਵਾਬ, ਸਵਾਲ ਉਪਜਦੇ ਹਨ। ਇਸ ਦੇ ਨਾਲ-ਨਾਲ ਹੀ ਉਸ ਦੇ ਚਿਹਰੇ ਦੇ ਹਾਵ-ਭਾਵ ਬਦਲਦੇ ਰਹਿੰਦੇ ਹਨ।
               ਸਾਕਾਰਾਤਮਕ ਸੋਚ ਪੈਦਾ ਕਰਨ ਲਈ ਵਿਅਕਤੀ ਨੂੰ ਆਪਣੀ ਮਾਨਸਿਕਤਾ ਨੂੰ ਤੰਦਰੁਸਤ ਬਣਾਉਣਾ ਪਵੇਗਾ, ਦਿਮਾਗ ਅੰਦਰ ਵਗ ਰਹੇ ਸੋਚਾਂ ਦੇ ਵਾਵਰੋਲਿਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ। ਇਹ ਤਾਂ ਹੀ ਸੰਭਵ ਹੈ ਜੇਕਰ ਮਾਨਵ ਹਰ ਵਾਪਰ ਰਹੀ ਘਟਨਾ ਨੂੰ ਜ਼ਿਹਨ ਵਿੱਚ ਬਿਠਾਉਣ ਦੀ ਥਾਂ ਉਸ ਦੀ ਅਸਲੀਅਤ ਨੂੰ ਸਮਝਣ ਦਾ ਜੇਰਾ ਰੱਖਣ ਲੱਗ ਪਵੇਗਾ। ਜ਼ਿੰਦਗੀ ਵਿੱਚ ਕਿਸੇ ਛੋਟੀ ਜਿਹੀ ਮੁਸ਼ਕਲ ਨੂੰ ਵੱਡੀ ਮੁਸੀਬਤ ਸਮਝ ਲੈਣਾ ਤੇ ਢੇਰੀ ਢਾਹ ਕੇ ਬਹਿ ਜਾਣਾ  ਜਾਂ ਫਿਰ ਉਸੇ ਮੁਸ਼ਕਿਲ ਦਾ ਹੱਲ ਕੱਢਣ ਵਿੱਚ ਜੁਟ ਜਾਣਾ ਅਤੇ ਹੋਰ ਤਕੜੇ ਹੋ ਜਾਣਾ ,ਇਹ ਮਨੁੱਖ ਦੀ ਨਿਰੋਲ ਆਪਣੀ ਸੋਚ ਉੱਤੇ ਨਿਰਭਰ ਕਰਦਾ ਹੈ। ਇੱਥੋਂ ਹੀ ਉਸ ਦੇ ਅੰਦਰ ਨਾਕਾਰਾਤਮਕ ਜਾਂ ਸਾਕਾਰਾਤਮਕ ਸੋਚ ਪੈਦਾ ਹੁੰਦੀ ਹੈ।
            ਕਈ ਲੋਕਾਂ ਦਾ ਮੰਨਣਾ ਹੈ ਕਿ ਦੁਨੀਆ ਵਿੱਚ ਨਾਕਾਰਾਤਮਕ ਚੀਜ਼ਾਂ ਜਾਂ ਘਟਨਾਵਾਂ ਤੋਂ ਬਚਕੇ ਨਿਕਲਣ ਨੂੰ ਜਾਂ ਕਿਸੇ ਵਿਗੜੇ ਹੋਏ ਸਿਸਟਮ ਨੂੰ ਬਨਾਵਟੀ ਪਰਤ ਨਾਲ ਸ਼ਿੰਗਾਰ ਕੇ ਵੇਖਣ ਨੂੰ ਹੀ ਸਾਕਾਰਾਤਮਕ ਵਿਕਾਸ ਕਿਹਾ ਜਾਂਦਾ ਹੈ। ਨਹੀਂ, ਇੱਦਾਂ ਬਿਲਕੁਲ ਨਹੀਂ ਹੈ।ਅਸਲ ਵਿੱਚ ਸਾਕਾਰਾਤਮਕ ਸੋਚ ਦਾ ਅਰਥ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਦਲੇਰੀ ਅਤੇ ਖਿੜੇ ਮੱਥੇ  ਸਾਹਮਣਾ ਕਰਨਾ ਹੁੰਦਾ ਹੈ।ਸਾਕਾਰਾਤਮਕ ਸੋਚ ਪੈਦਾ ਕਰਨ ਲਈ ਆਸ਼ਾਵਾਦੀ ਬਣਨਾ ਪੈਂਦਾ ਹੈ, ਚੜ੍ਹਦੀ ਕਲਾ ਵਿੱਚ ਰਹਿਣਾ ਪੈਂਦਾ ਹੈ ਅਤੇ ਅੰਦਰੋਂ ਦਲੇਰ ਬਣਨਾ ਪੈਂਦਾ ਹੈ। ਉਸ ਵਿੱਚ ਘਬਰਾਹਟ ਨਹੀਂ ਹੁੰਦੀ,ਉਸ ਵਿੱਚ ਢਹਿੰਦੀ ਕਲਾ ਨਹੀਂ ਹੁੰਦੀ,ਉਸ ਵਿੱਚ ਭੈਅ ਨਹੀਂ ਹੁੰਦਾ।
                 ਉਦਾਹਰਣ ਦੇ ਤੌਰ ਤੇ ਸਾਡੇ ਸਮਾਜ ਵਿੱਚ ਜਦ ਕਦੇ ਕੁੱਤੇ ਦੇ ਉੱਚੀ ਉੱਚੀ ਰੋਣ‌ ਦੀ ਅਵਾਜ਼ ਆਵੇ ਤਾਂ ਬਹੁਤੇ ਲੋਕ ਘਰਾਂ ਵਿੱਚੋਂ ਬਾਹਰ ਨਿਕਲ ਕੇ ਉਸ ਦੇ ਪੱਥਰ ਮਾਰਨੇ ਸ਼ੁਰੂ ਕਰ ਕਰ ਦਿੰਦੇ ਹਨ।ਉਸ ਨੂੰ ਕੀ ਤਕਲੀਫ ਹੈ ,ਉਸ ਨੂੰ ਭੁੱਖ ਲੱਗੀ ਹੋਈ ਹੋ ਸਕਦੀ ਹੈ, ਉਹ ਬੀਮਾਰ ਹੋ ਸਕਦਾ ਹੈ,ਉਸ ਨੂੰ ਠੰਡ ਲੱਗਦੀ ਹੈ,ਇਹ ਸਭ ਸੋਚੇ ਬਿਨਾ ਉਸ ਨੂੰ ਭਜਾਉਣ ਦੇ ਚੱਕਰ ਵਿੱਚ ਪੱਥਰ ਮਾਰਨ ਲੱਗਦੇ ਹਨ ਤੇ ਉਸ ਨੂੰ ਹੋਰ ਤਕਲੀਫ ਵਿੱਚ ਪਾ ਦਿੰਦੇ ਹਨ ਜਿਸ ਕਰਕੇ ਉਹ ਵਾਰ-ਵਾਰ ਰੋਂਦਾ ਹੈ। ਫਿਰ ਇਹ ਨਾਕਾਰਾਤਮਕ ਧਾਰਨਾ ਲੋਕਾਂ ਅੰਦਰ ਜਨਮ ਲੈਂਦੀ ਹੈ ਕਿ ਹੁਣ ਕੁਝ ਮਾੜਾ ਵਾਪਰਨ ਵਾਲਾ ਹੈ ,ਜਿਹੜਾ ਇਹ ਵਾਰ-ਵਾਰ ਰੋ ਰਿਹਾ ਹੈ।ਇਸ ਤਰ੍ਹਾਂ ਕਰਨ  ਨਾਲ ਤੁਸੀਂ ਉਸ ਨੂੰ ਵੀ ਤਕਲੀਫ਼ ਵਿੱਚ ਪਹੁੰਚਾ ਰਹੇ ਹੁੰਦੇ ਹੋ ਅਤੇ ਡਰ ਤੇ ਸਹਿਮ ਵਾਲਾ ਵਾਤਾਵਰਣ ਵੀ ਸਿਰਜ ਰਹੇ ਹੁੰਦੇ ਹੋ। ਇਸ ਤੋਂ ਉਲਟ ਅਗਰ ਤੁਸੀਂ ਸਾਕਾਰਾਤਮਕ ਸੋਚ ਰੱਖਦੇ ਹੋ ਤਾਂ ਉਸ ਨੂੰ ਮਾਰਨ ਦੀ ਬਜਾਏ ਉਸ ਦਾ ਹਲ ਕੱਢਕੇ, ਉਸ ਦਾ ਇਲਾਜ ਕਰਵਾ ਕੇ ਉਸ ਦਾ ਦਰਦ ਘੱਟ ਕਰਨ ਦੀ ਕੋਸ਼ਿਸ਼ ਕਰੋਗੇ। ਇਸ ਨਾਲ ਤੁਹਾਡੇ ਅੰਦਰ ਵੀ ਸੱਚੀ ਖੁਸ਼ੀ ਪੈਦਾ ਹੋਵੇਗੀ ਅਤੇ ਆਲੇ-ਦੁਆਲੇ ਦਾ ਮਾਹੌਲ ਵੀ ਖੁਸ਼ਗਵਾਰ ਬਣਾਉਣ ਵਿੱਚ ਕਾਮਯਾਬ ਹੋਵੋਗੇ।
            ਸੋ ਸਾਕਾਰਾਤਮਕ ਸੋਚ ਦਾ ਬੀਜ ਆਪਣੇ ਅੰਦਰ ਪੈਦਾ ਕਰਨਾ ਪੈਂਦਾ ਹੈ।ਇਸ ਨੂੰ ਖੁਸ਼ੀ, ਪਿਆਰ , ਸੱਚ ਅਤੇ ਸਤਿਕਾਰ ਆਦਿ ਭਾਵਨਾਵਾਂ ਨਾਲ ਸਿੰਜਿਆ ਜਾਂਦਾ ਹੈ। ਸਾਕਾਰਾਤਮਕ ਬਣਨਾ ਹੈ ਤਾਂ  ਚਿੱਕੜ ਵਿੱਚ ਉੱਗੇ ਫੁੱਲ ਦੀ ਖੂਬਸੂਰਤੀ ਅਤੇ ਮਹਿਕ ਵੱਲ ਧਿਆਨ ਦੇਣਾ ਪਵੇਗਾ ,ਨਾ ਕਿ ਚਿੱਕੜ ਦੀ ਗੰਦਗੀ ਵੱਲ ਵੇਖੋਗੇ। ਅੱਧੇ ਭਰੇ ਗਲਾਸ ਨੂੰ ਦੇਖੋ ਨਾ ਕਿ ਅੱਧੇ ਖਾਲੀ ਗਲਾਸ ਵੱਲ। ਸਾਕਾਰਾਤਮਕ ਸੋਚ  ਦ੍ਰਿੜ ਇਰਾਦੇ ਅਤੇ ਫ਼ੌਲਾਦੀ ਜਿਗਰੇ ਵਾਲੇ ਲੋਕ ਹੀ ਆਪਣੇ ਅੰਦਰ ਪੈਦਾ ਕਰ ਸਕਦੇ ਹਨ।
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਇੱਛਾਵਾਂ ਦੀ ਪੂਰਤੀ ਕਰਨ ਲਈ ,ਮਾਇਆ ਦੀ  ਦੌੜ ਜਿੱਤਣ ਦੀ ਚਾਹਤ ਵਿੱਚ ਇਨਸਾਨ ਐਨਾ ਮਤਲਬ ਪ੍ਰਸਤ ਹੋ ਗਿਆ ਹੈ ਕਿ ਉਸ ਨੂੰ ਸਵੈ ਤੋਂ ਉੱਪਰ ਕੁਝ ਦਿਖਾਈ ਨਹੀਂ ਦਿੰਦਾ।  ਸਿਰਫ਼ ਆਪਣੇ ਆਪ ਨੂੰ ਅੱਗੇ ਦੇਖਣ ਵਾਲ਼ਾ ਵਿਅਕਤੀ ਬਲਹੀਣ ਹੋ ਜਾਂਦਾ ਹੈ, ਆਪਣਿਆਂ ਤੋਂ ਦੂਰ ਹੋ ਜਾਂਦਾ ਹੈ ਅਤੇ ਦੁਨਿਆਵੀ ਦੌੜ ਵਿੱਚ ਪਿੱਛੇ ਰਹਿ ਜਾਂਦਾ ਹੈ। ਛੁੱਟਦਿਲੀ ਤਿਆਗ ਕੇ ਹਿਰਦਿਆਂ ਨੂੰ ਵਿਸ਼ਾਲ ਬਣਾਉਣਾ ਚਾਹੀਦਾ ਹੈ, ਉਦਾਸੀ ਨੂੰ ਦੂਰ ਕਰਕੇ ਮੁਸਕਰਾਹਟਾਂ ਨੂੰ ਗਲਵੱਕੜੀ ਪਾਇਆਂ ਹੀ ਖੁਸ਼ੀਆਂ ਮਿਲਦੀਆਂ ਹਨ।ਸੋ ਮਨੁੱਖ ਨੂੰ ਅਸਲੀ ਜ਼ਿੰਦਗੀ ਜੀਊਂਦੇ ਹੋਏ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਸਦਾਚਾਰਕ ਕਦਰਾਂ-ਕੀਮਤਾਂ ਅਪਣਾਇਆਂ ਹੀ ਇੱਜ਼ਤ ਵੱਧਦੀ ਹੈ ਅਤੇ ਅਸਲੀ ਖੁਸ਼ੀ ਮਿਲਦੀ ਹੈ। ਇਹੀ ਮਨੁੱਖ ਦਾ ਅਸਲੀ ਮਨੋਰਥ ਹੋਣਾ ਚਾਹੀਦਾ ਹੈ। ਫੇਰ ਦੇਖਣਾ ਤੁਹਾਡੀ ਜ਼ਿੰਦਗੀ ਵਿੱਚੋਂ ਤਣਾਓ ਖ਼ਤਮ ਹੋ ਕੇ ਸਾਕਾਰਾਤਮਕਤਾ ਨਾਲ ਭਰ ਜਾਵੇਗੀ।
ਬਰਜਿੰਦਰ ਕੌਰ ਬਿਸਰਾਓ…
9988901324

Related posts

Galaxy Plaza Fire News : ਗਲੈਕਸੀ ਪਲਾਜ਼ਾ ‘ਚ ਲੱਗੀ ਅੱਗ, ਲੋਕਾਂ ਨੇ ਜਾਨ ਬਚਾਉਣ ਲਈ ਇਮਾਰਤ ਤੋਂ ਮਾਰੀ ਛਾਲ ; ਦੇਖੋ ਵੀਡੀਓ

On Punjab

Trump administration asks court to not block work permits for some H-1B spouses

On Punjab

Jaggery During Pregnancy: ਗਰਭ ਅਵਸਥਾ ਦੌਰਾਨ ਗੁੜ ਦਾ ਸੇਵਨ ਕਰੋਗੇ ਤਾਂ ਇਹ 5 ਫਾਇਦੇ ਹੋਣਗੇ

On Punjab