72.63 F
New York, US
September 16, 2024
PreetNama
ਸਮਾਜ/Social

ਜੀਭ ‘ਚ ਹੱਡੀ ਨਹੀਂ ਹੁੰਦੀ, ਪਰ ਇਹ ਕਈਆਂ ਦੀਆਂ ਹੱਡੀਆਂ ਤੁੜਾ ਦਿੰਦੀ ਹੈ….

ਜੀਭ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਕਈਆਂ ਦੀਆਂ ਹੱਡੀਆਂ ਤੁੜਾ ਦਿੰਦੀ ਹੈ। ਸਾਡੀ ਬੋਲ ਚਾਲ ਕਿਸੇ ਨਾਲ ਗੱਲ ਕਰਨ ਦਾ ਤਰੀਕਾ ਜਾਂ ਸਾਡੇ ਦੁਆਰਾ ਕੀਤੇ ਸ਼ਬਦਾਂ ਦੀ ਚੋਣ ਸਾਡੇ ਚਰਿੱਤਰ ਅਤੇ ਸਾਡੀ ਮਾਨਸਿਕਤਾ ਨੂੰ ਦਰਸਾਉਂਦੀ ਹੈ ।ਅਸੀਂ ਆਪਣੇ ਤੋਂ ਵੱਡੇ ਜਾਂ ਛੋਟੇ ਨਾਲ ਕਿਸ ਤਰੀਕੇ ਨਾਲ ਗੱਲ ਕਰਦੇ ਹਾਂ ਕਿਸ ਲਿਹਾਜ ਨਾਲ ਬੋਲਦੇ ਹਾਂ ਇਸ ਤੋਂ ਸਾਡੇ ਸੰਸਕਾਰਾਂ ਦਾ ਪਤਾ ਚੱਲਦਾ ਹੈ, ਇੱਕ ਬੱਚਾ ਬਾਹਰ ਜਾ ਕੇ ਲੋਕਾਂ ਨਾਲ ਕਿਵੇਂ ਵਿਚਰ ਰਿਹਾ ਹੈ ਇਸ ਨਾਲ ਕੇਵਲ ਉਸ ਦਾ ਹੀ ਚਰਿੱਤਰ ਨਹੀਂ ਸਗੋਂ ਉਸ ਦੇ ਮਾਂ ਬਾਪ ਦਾ ਵੀ ਨਾਮ ਨਾਲ ਜੁੜਿਆ ਹੁੰਦਾ ਹੈ ।ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਜੇਕਰ ਕੋਈ ਬੱਚਾ ਗਲਤ ਬੋਲਦਾ ਹੈ ਤਾਂ ਉਸ ਨੂੰ ਆਖ ਦਿੱਤਾ ਜਾਂਦਾ ਹੈ ਕਿ ਤੇਰੇ ਮਾਂ ਬਾਪ ਨੇ ਤੈਨੂੰ ਬੋਲਣਾ ਨਹੀਂ ਸਿਖਾਇਆ । ਇਸ ਲਈ ਸਾਡੀ ਬੋਲ ਚਾਲ ਸਿਰਫ ਸਾਨੂੰ ਹੀ ਨਹੀਂ ਸਗੋਂ ਸਾਡੇ ਨਾਲ ਜੁੜੇ ਸਾਡੇ ਮਾਂ ਬਾਪ ਜਾਂ ਹੋਰ ਰਿਸ਼ਤਿਆਂ ਨੂੰ ਵੀ ਬਹੁਤ ਪੇਸ਼ ਕਰਦੀ ਹੈ ।ਇਸ ਲਈ ਸਾਨੂੰ ਬੋਲਣ ਲੱਗਿਆਂ ਹਮੇਸ਼ਾ ਸੋਚਣਾ ਸਮਝਨਾ ਚਾਹੀਦਾ ਹੈ । ਕਿਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਨਾ ਹੈ । ਇਸ ਗੱਲ ਦੀ ਸਮਝ ਹੋਣੀ ਜ਼ਰੂਰੀ ਹੈ।
ਆਪਣੀ ਬੋਲੀ ਵਿਚ ਸਾਨੂੰ ਸੋਹਣੇ ਅਤੇ ਸੁਚੱਜੇ ਢੰਗ ਦੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡਾ ਸਮਾਜ ਵਿੱਚ ਤਾਂ ਮਾਨ ਸਤਿਕਾਰ ਹੋਵੇਗਾ ਹੀ ,ਪਰ ਨਾਲ ਦੀ ਨਾਲ ਤੁਹਾਡੇ ਆਪਣੇ ਅੰਦਰ ਵੀ ਇਕ ਸੋਹਣਾ ਚਰਿੱਤਰ ਸਿਰਜਿਆ ਜਾਵੇਗਾ ।ਇਸ ਨਾਲ ਤੁਹਾਡੇ ਗੁੱਸੇ ਤੇ ਵੀ ਕਾਬੂ ਰਹੇਗਾ । ਮੈ ਕਈ ਲੋਕ ਅਜਿਹੇ ਦੇਖੇ  ਹਨ ਜੋ ਕਿਸੇ ਦੀ ਗਲਤੀ ਤੇ ਵੀ ਦੂਸਰੇ ਨੂੰ ਬਹੁਤ ਹੀ ਪਿਆਰ ਨਾਲ ਸਮਝਾਉਂਦੇ ਹਨ ਅਤੇ ਸੋਹਣੇ ਢੰਗ ਨਾਲ ਗ਼ਲਤੀ ਨੂੰ  ਬਿਆਨ ਕਰਦੇ ਹਨ। ਇਹ ਸਭ ਚੀਜਾਂ  ਤੁਹਾਡੀ ਸਿਆਣਪ ਨੂੰ ਦਰੂਸਾਉਂਦੀਆਂ ਹਨ ।
ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜਿਹਨਾ ਨੂੰ ਜ਼ਿੰਨਾ  ਮਰਜੀ ਪਿਆਰ ਅਤੇ ਸਤਿਕਾਰ ਨਾਲ ਸਮਝਾ ਲੳ ਜਾਂ ਗਲ ਕਰ ਲੳ ।ਉਹ ਤੁਹਾਨੂੰ ਕੌੜਾ ਹੀ ਬੋਲਣਗੇ।ਉਹਨਾਂ ਦੇ ਗੱਲ ਕਰਨ ਦੇ ਢੰਗ ਵਿੱਚ ਹਮੇਸ਼ਾ ਗੁੱਸਾ ਤੇ ਕੌੜਾਪਨ ਹੀ ਨਜ਼ਰ ਆਵੇਗਾ ।ਇਹੋ ਜਿਹੇ ਲੋਕ ਸਮਾਜ ਵਿੱਚ ਆਪਣੇ ਚਰਿੱਤਰ ਨੂੰ ਆਪ ਹੀ ਖਰਾਬ ਕਰ ਲੈਂਦੇ ਹਨ ।ਫਿਰ ਉਹਨਾਂ ਨਾਲ ਕੋਈ ਵੀ ਗਲ ਕਰਨੀ ਪਸੰਦ ਨਹੀਂ ਕਰਦਾ।ਇਕ ਗਲ ਇਥੇ ਧਿਆਨ ਦੇਣ ਯੋਗ ਹੈ ਮਿੱਠਾ ਬੋਲਣ ਤੋਂ ਭਾਵ ਇਹ ਨਹੀ ਕਿ ਅਸੀ ਦੂਸਰੇ ਇਨਸਾਨਾਂ ਦੀਆਂ ਝੂਠੀਆਂ ਤਰੀਫਾ ਜਾ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਈਏ।ਮਿੱਠਾ ਬੋਲਣ ਤੋਂ ਭਾਵ ਹੈ ਸਹੀ ਅਤੇ ਸੁਚੱਜੇ ਸ਼ਬਦਾਂ ਦੀ ਚੋਣ ਕਰਨੀ, ਜਿਸ ਨਾਲ ਅਗਲੇ ਨੂੰ ਤੁਹਾਡੇ ਮਨ ਦੇ ਭਾਵਾਂ ਦੀ ਸਮਝ ਵੀ ਆ ਜਾਵੇ ਅਤੇ ਅਗਲੇ ਨੂੰ ਕੋਈ ਦੁੱਖ ਵੀ ਨਾ ਲੱਗੇ।
ਬੱਚਾ ਬਚਪਨ ਤੋਂ ਹੀ ਜਦ ਬੋਲਣਾ ਸਿੱਖਦਾ ਹੈ ਤਾ ਇਹ ਮਾਂ ਬਾਪ ਦਾ ਪਹਿਲਾ ਫਰਜ ਹੁੰਦਾ ਹੈ ਕਿ ਉਸਨੂੰ ਚੰਗਾ ਬੋਲਣਾ ਸਿਖਾਉਣ। ਕਿਉਂਕਿ ਬੱਚੇ ਦੀ ਬਚਪਨ ਵਿੱਚ ਹੋਈ ਪਰਵਰਿਸ਼ ਹੀ ਉਸ ਦੀ ਸਾਰੀ ਜ਼ਿੰਦਗੀ ਤੇ ਸਭ ਤੋਂ ਵੱਡਾ ਅਸਰ ਪਾਉਂਦੀ ਹੈ ।ਮਾਂ ਬਾਪ ਦੀ ਪਰਵਰਿਸ਼ ਅਤੇ ਸਾਡੀ ਬਾਹਰ ਦੀ ਸੰਗਤ ਇਨ੍ਹਾਂ ਦੋਹਾਂ ਤੋਂ ਮਿਲ ਕੇ ਹੀ ਇਨਸਾਨ ਦੇ ਚਰਿੱਤਰ ਦੀਆਂ ਸਭ ਮੋਡੀ ਚੀਜ਼ਾਂ ਬਣਦੀਆਂ ਹਨ ।ਜੇਕਰ ਬੱਚੇ ਨੂੰ ਬਚਪਨ ਤੋਂ ਹੀ ਸਹੀ  ਗੁਣ ਦਿੱਤੇ ਜਾਣ ਉਸ ਦੀ ਸੰਗਤ ਚੰਗੀ ਹੋਵੇ ਤਾਂ ਇਹ ਤੈਅ ਹੈ ਕਿ ਬੱਚਾ ਸੋਹਣੇ ਗੁਣਾਂ ਦਾ ਮਾਲਕ ਹੁੰਦਾ ਹੈ।
“ਸ਼ਬਦ”ਦੀ ਗਹਿਰਾਈ  ਬਹੁਤ ਡੂੰਘੀ ਹੈ ਇਸ ਲਈ ਅਸੀਂ ਕਿਸੇ ਦੇ ਮਨ ਵਿੱਚ ਉੱਤਰ ਵੀ ਸਕਦੇ ਹਾਂ ਅਤੇ ਕਿਸੇ ਦੇ ਮਨ ਤੋਂ ਉਤਰ ਵੀ ਸਕਦੇ ਹਾਂ । ਅੱਜ ਰਿਸ਼ਤਿਆਂ ਵਿੱਚ ਲੜਾਈ ਝਗੜੇ ਕਲੇਸ਼ ਸਿਰਫ ਸਾਡੀ ਬੋਲ ਚਾਲ ਦੇ ਭੈੜੇ ਅਤੇ ਮੰਦ ਸ਼ਬਦਾਵਲੀ ਦੀ ਵਰਤੋਂ ਕਾਰਨ ਹੀ ਹਨ।ਸਾਡੀ ਸੋਚ ਅਤੇ ਵਿਚਾਰ ਹੀ ਸਾਨੂੰ ਦੱਸਣਗੇ ਕਿ ਅਸੀਂ ਕਿਹੋ ਜਿਹੇ ਸ਼ਬਦਾਂ ਦੀ ਵਰਤੋਂ ਕਰਨੀ ਹੈ ,ਪਰ ਇਹ ਸੋਚ ਅਤੇ ਵਿਚਾਰ ਸੁਚੱਜੇ ਹੋਣ ਇਸ ਦਾ ਸਾਨੂੰ ਖ਼ਾਸ ਧਿਆਨ ਦੇਣਾ ਪਵੇਗਾ ।
ਇਸ ਵਿੱਚ ਸਭ ਤੋਂ ਪਹਿਲੀ ਜ਼ਿੰਮੇਵਾਰੀ ਆਉਂਦੀ ਹੈ ਸਾਡੇ ਮਾਂ ਪਿਓ ਦੀ ਜਿਨ੍ਹਾਂ ਨੇ ਬੱਚੇ ਦੇ ਮੂਲ ਸਿਧਾਂਤ ਨੂੰ ਬਚਾਉਣਾ ਹੁੰਦਾ ਹੈ ।ਫਿਰ ਆਉਂਦੀ ਹੈ ਗੱਲ ਅਧਿਆਪਕ ਵਰਗ ਜਾਂ ਤੁਹਾਡੀ ਸੰਗਤ ਦੀ । ਉਸ ਤੋਂ ਬਾਅਦ  ਬੰਦੇ ਦੀਆਂ ਆਪਣੀਆਂ ਰੁਚੀਆਂ ਅਤੇ ਸੋਚ ਬਣਦੀ ਹੈ । ਜਿਸ ਨਾਲ ਉਸਦਾ ਇਕ ਚਰਿੱਤਰ ਪੇਸ਼ ਹੁੰਦਾ ਹੈ । ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਚਰਿੱਤਰ ਸਾਫ ਸੁਥਰਾ ਅਤੇ ਮਹਾਨ ਹੋਵੇ ਤਾਂ ਸਭ ਪਹਿਲਾਂ ਤੁਹਾਨੂੰ ਆਪਣੀ ਬੋਲਬਾਣੀ ਨੂੰ ਸੋਹਣੀ ਬਣਾਉਣਾ ਪਵੇਗੀ। ਕੁਝ ਲੋਕ ਕਹਿੰਦੇ ਹਨ ਕਿ ਅਸੀਂ ਤਾਂ ਵੀ ਸੱਚ ਬੋਲੀ ਦਾ ਫਿਰ ਚਾਹੇ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ । ਜ਼ਰੂਰ ਸੱਚ ਬੋਲਣਾ ਬਹੁਤ ਚੰਗੀ ਗੱਲ ਹੈ ਅਤੇ ਸਾਨੂੰ ਹਮੇਸ਼ਾ ਹੀ ਸੱਚ ਬੋਲਣਾ ਚਾਹੀਦਾ ਹੈ। ਪਰ ਅਸੀਂ ਬੋਲਣ ਲੱਗਿਆ ਕਿਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਾਂ ਜਾਂ ਸਾਡਾ ਢੰਗ ਕਿਸ ਤਰ੍ਹਾਂ ਦਾ ਹੈ ਇਹ ਗੱਲ ਮਾਇਨੇ ਰੱਖਦੀ ਹੈ । ਇਸ ਲਈ ਦੋਸਤੋ ਹਮੇਸ਼ਾ ਸੋਹਣੇ ਸ਼ਬਦਾਂ ਦੀ ਵਰਤੋਂ ਕਰੋ ਇਸ ਨਾਲ ਤੁਹਾਡਾ ਮਨ ਤੇ ਸ਼ਾਂਤ ਰਹੇਗਾ ਹੀ ਨਾਲ ਹੀ ਕੰਨਾਂ ਵਿਚ ਵੀ ਮਿਸ਼ਰੀ ਘੁਲ ਜਾਵੇਗੀ ਤੁਹਾਨੂੰ ਸਮਾਜ ਵਿੱਚ ਇੱਜ਼ਤ ਮਿਲੇਗੀ ਅਤੇ ਸੋਹਣੇ ਅਤੇ ਵਧੀਆਂ ਚਰਿੱਤਰ ਦਾ ਨਿਰਮਾਣ ਹੋਵੇਗਾ ।
ਕਿਰਨਪ੍ਰੀਤ ਕੋੌਰ

Related posts

ਪੰਜਾਬ ਦੀ ਮਾਨ ਸਰਕਾਰ ਦਾ ਨਸ਼ਾ ਕਾਰੋਬਾਰ ‘ਤੇ ਵੱਡਾ ਐਕਸ਼ਨ, ਫ਼ਰੀਦਕੋਟ ‘ਚ ਡਰੱਗ ਤਸਕਰ ਸਮੇਤ 7 ਗ੍ਰਿਫ਼ਤਾਰ

On Punjab

ਰੱਬੀ ਜੱਗ

Pritpal Kaur

JNU ਹਿੰਸਾ ਮਾਮਲਾ: ਦਿੱਲੀ ਹਾਈ ਕੋਰਟ ਨੇ ਗੂਗਲ, ਵਟਸਐੱਪ ਨੂੰ ਜਾਰੀ ਕੀਤਾ ਨੋਟਿਸ

On Punjab