ਸਿੱਖਸ ਫ਼ਾਰ ਜਸਟਿਸ’ (SFJ) ਉੱਤੇ ਭਾਰਤ ਸਰਕਾਰ ਦੀ ਪਾਬੰਦੀ ਤੋਂ ਬਾਅਦ ਇਸ ਅਮਰੀਕੀ ਸੰਗਠਨ ਦਾ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਕੁਝ ਘਬਰਾ ਗਿਆ ਹੈ।
ਵੀਰਵਾਰ ਨੂੰ ਪਨੂੰ ਨੇ ਭਾਰਤ ਦਾ ਤਿਰੰਗਾ ਝੰਡਾ ਸਾੜਦਿਆਂ ਭਾਰਤ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਪੰਜਾਬ ਸਮੇਤ ਸਮੁੱਚੀ ਦੁਨੀਆ ਦੇ 20 ਦੇਸ਼ਾਂ ਵਿੱਚ ਨਵੰਬਰ 2020 ਦੌਰਾਨ ‘ਪੰਜਾਬ ਦੀ ਆਜ਼ਾਦੀ’ ਨੂੰ ਲੈ ਕੇ ਵੋਟਾਂ ਪਾਈਆਂ ਜਾਣਗੀਆਂ। ਇਹ ਪ੍ਰਕਿਰਿਆ ਕਿਸੇ ਵੀ ਹਾਲਤ ਵਿੱਚ ਨਹੀਂ ਰੁਕੇਗੀ।
ਗੁਰਪਤਵੰਤ ਸਿੰਘ ਪਨੂੰ ਨੇ ਇਹ ਚੁਣੌਤੀ ਆਪਣੀ ਇੱਕ ਤਾਜ਼ਾ ਵਿਡੀਓ ਵਿੱਚ ਦਿੱਤੀ ਹੈ। ਪਨੂੰ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਚੁਣੌਤੀ ਦਿੰਦਿਆਂ ਕਿਹਾ ‘ਸਿੱਖ ਰੈਫ਼ਰੈਂਡਮ 2020’ (ਸਿੱਖ ਰਾਇਸ਼ੁਮਾਰੀ 2020) ਨੂੰ ਪੂਰੀ ਤਰ੍ਹਾਂ ਕਾਨੂੰਨ ਦੇ ਘੇਰੇ ਵਿੱਚ ਰਹਿ ਕੇ ਚਲਾਇਆ ਜਾ ਰਿਹਾ ਹੈ।
ਪਨੂੰ ਨੇ ਕਿਹਾ ਕਿ ਭਾਰਤ ਸਰਕਾਰ ਹੁਣ ‘ਸਿੱਖਾਸ ਫ਼ਾਰ ਜਸਟਿਸ’ ਉੱਤੇ ਪਾਬੰਦੀ ਲਾ ਕੇ ਇੱਕ ਵੱਡੀ ਜਿੱਤ ਮੰਨ ਰਹੀ ਹੈ ਪਰ ਸਮੁੱਚੀ ਦੁਨੀਆ ਵਿੱਚ ਰਾਇਸ਼ੁਮਾਰੀ ਕਰਵਾਈ ਜਾਵੇਗੀ ਤੇ ਇਹ ਮਾਮਲਾ ਸੰਯੁਕਤ ਰਾਸ਼ਟਰ ਤੱਕ ਲਿਜਾਂਦਾ ਜਾਵੇਗਾ। ਇਹ ਮੁਹਿੰਮ ਰੁਕਣ ਵਾਲੀ ਨਹੀਂ ਹੈ।
ਗੁਰਪਤਵੰਤ ਸਿੰਘ ਪਨੂੰ ਨੇ ਕਿਹਾ ਕਿ ਸਾਰੀ ਕਾਰਵਾਈ ਕਾਨੂੰਨੀ ਦਾਇਰੇ ਵਿੱਚ ਹੈ। ਅਮਰੀਕਾ ਵਿੱਚ ਬੋਲਣ ਦੀ ਪੂਰੀ ਆਜ਼ਾਦੀ ਹੈ, ਇਸੇ ਲਈ ਉਸ ਨੂੰ ਬੀਤੀ 4 ਜੁਲਾਈ ਨੂੰ ਅਮਰੀਕੀ ਵ੍ਹਾਈਟ ਹਾਊਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ ਸੀ।