ਮੁੰਬਈ-ਚਾਕੂ ਨਾਲ ਕੀਤੇ ਹਮਲੇ ਵਿੱਚ ਜ਼ਖ਼ਮੀ ਹੋਏ ਅਦਾਕਾਰ ਸੈਫ ਅਲੀ ਖਾਨ ਦਾ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਇਲਾਜ ਕਰ ਰਹੇ ਡਾਕਟਰਾਂ ਨੇ ਅੱਜ ਕਿਹਾ ਕਿ ਅਦਾਕਾਰ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਇਸੇ ਦੌਰਾਨ ਅਦਾਕਾਰ ਦੀ ਪਤਨੀ ਕਰੀਨਾ ਕਪੂਰ ਤੇ ਮਾਂ ਸ਼ਰਮੀਲਾ ਟੈਗੋਰ ਸੈਫ ਦਾ ਹਾਲ ਜਾਣਨ ਲਈ ਲੀਲਾਵਤੀ ਹਸਪਤਾਲ ਪਹੁੰਚੀਆਂ।
ਸੈਫ (54) ’ਤੇ ਵੀਰਵਾਰ ਤੜਕੇ 2 ਵਜੇ ਉਸ ਦੇ ਬਾਂਦਰਾ ਸਥਿਤ ਘਰ ਵਿੱਚ ਦਾਖ਼ਲ ਹੋ ਕੇ ਇਕ ਹਮਲਾਵਰ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਸੈਫ ਅਲੀ ਖਾਨ ਦੀ ਗਰਦਨ ਸਣੇ ਛੇ ਜਗ੍ਹਾ ਸੱਟ ਲੱਗੀ ਸੀ। ਲੀਲਾਵਤੀ ਹਸਪਤਾਲ ਵਿੱਚ ਉਸ ਦੀ ਸਰਜਰੀ ਕੀਤੀ ਗਈ।
ਡਾ. ਨੀਰਜ ਉੱਤਮਨੀ ਨੇ ਕਿਹਾ ਕਿ ਸੈਫ ਅਲੀ ਖਾਨ ਦੇ ਜ਼ਖ਼ਮੀ ਹੋਣ ਤੋਂ ਬਾਅਦ ਉਹ ਉਸ ਨੂੰ ਮਿਲਣ ਵਾਲੇ ਸਭ ਤੋਂ ਪਹਿਲੇ ਡਾਕਟਰਸਨ। ਉਨ੍ਹਾਂ ਕਿਹਾ, ‘‘ਸੈਫ ਪੂਰੀ ਤਰ੍ਹਾਂ ਖੂਨ ਨਾਲ ਲਿਬੜਿਆ ਹੋਇਆ ਸੀ ਪਰ ਫਿਰ ਵੀ ਉਹ ਆਪਣੇ ਛੋਟੇ ਬੱਚੇ ਨਾਲ ਇਕ ਸ਼ੇਰ ਵਾਂਗ ਚੱਲਦਾ ਹੋਇਆ ਹਸਪਤਾਲ ਵਿੱਚ ਦਾਖ਼ਲ ਹੋਇਆ। ਉਹ ਅਸਲੀ ਨਾਇਕ ਹੈ।’’
ਡਾਕਟਰ ਨੇ ਕਿਹਾ ਕਿ ਸੈਫ ਨੂੰ ਆਈਸੀਯੂ ਤੋਂ ਹਸਪਤਾਲ ਦੇ ਇਕ ਖ਼ਾਸ ਕਮਰੇ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਅੱਜ ਅਸੀਂ ਕਿਸੇ ਨੂੰ ਵੀ ਸੈਫ ਤੋਂ ਮਿਲਣ ਦੀ ਇਜਾਜ਼ਤ ਨਹੀਂ ਦੇਵਾਂਗੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਉਹ ਆਰਾਮ ਕਰੇ। ਚਾਕੂ ਦੇ ਜ਼ਖ਼ਮਾਂ ਕਰ ਕੇ ਉਸ ਨੂੰ ਆਰਾਮ ਦੀ ਲੋੜ ਹੈ ਅਤੇ ਪਿੱਠ ’ਤੇ ਹੋਏ ਜ਼ਖ਼ਮ ਕਰ ਕੇ ਖ਼ਾਸ ਧਿਆਨ ਰੱਖਣ ਦੀ ਲੋੜ ਹੈ, ਜਿਸ ਵਿੱਚ ਲਾਗ ਹੋਣ ਦਾ ਡਰ ਹੈ।
ਉੱਧਰ, ਸੈਫ ਦੀ ਪਤਨੀ ਕਰੀਨਾ ਕਪੂਰ ਤੇ ਮਾਂ ਸ਼ਰਮੀਲਾ ਟੈਗੋਰ ਅਦਾਕਾਰ ਨੂੰ ਦੇਖਣ ਲਈ ਲੀਲਾਵਤੀ ਹਸਪਤਾਲ ਪੁੱਜੀਆਂ।