ਮੁਲਤਾਨ: ਆਮ ਲੋਕਾਂ ਨੂੰ ਕੁੱਤੇ–ਬਿੱਲੀ ਜਾਂ ਹੋਰ ਕਈ ਜਾਨਵਰ ਤੇ ਪੰਛੀ ਰੱਖਣ ਦਾ ਸੌਂਕ ਹੁੰਦਾ ਹੈ ਪਰ ਪਾਕਿਸਤਾਨ ‘ਚ ਅਜਿਹਾ ਸ਼ਖ਼ਸ ਵੀ ਹੈ ਜਿਸ ਨੂੰ ਪਾਲਤੂ ਸ਼ੇਰ ਰੱਖਣ ਦਾ ਸ਼ੌਂਕ ਹੈ। ਸਿਰਫ ਰੱਖਣਾ ਹੀ ਨਹੀਂ ਉਹ ਤਾਂ ਆਪਣੇ ਪਾਲਤੂ ਸ਼ੇਰ ਨਾਲ ਸੌਂਦਾ ਵੀ ਹੈ। ਉਸ ਨੂੰ ਘਰ ਅੰਦਰ ਕਦੇ ਵੀ ਜ਼ੰਜ਼ੀਰ ਨਾਲ ਬੰਨ੍ਹ ਕੇ ਨਹੀਂ ਰੱਖਦਾ।
ਜੀ ਹਾਂ, ਜੁਲਕੈਫ ਨਾਂ ਦਾ ਸ਼ਖ਼ਸ ਆਪਣੇ ਸ਼ੇਰ ਨਾਲ ਰੋਜ਼ ਸੈਰ ‘ਤੇ ਜਾਂਦਾ ਹੈ। ਜੁਲਕੈਫ ਦੇ ਸ਼ੇਰ ਤੋਂ ਉਸ ਦੇ ਘਰਦਿਆਂ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਹੈ। ਜੁਲਕੈਫ ਦਾ ਦੋ ਸਾਲਾ ਬੇਟਾ ਸ਼ੇਰ ਨਾਲ ਖੂਬ ਖੇਡਦਾ ਹੈ। ਇਸ ਸ਼ਖਸ ਨੇ ਆਪਣੇ ਸ਼ੇਰ ਦਾ ਨਾਂ ‘ਬੱਬਰ’ ਰੱਖਿਆ ਹੈ। ਇਸ ਨੂੰ ਘਰ ‘ਚ ਰੱਖਣ ਦੀ ਇਜਾਜ਼ਤ ਉਸ ਨੇ ਸਬੰਧਤ ਅਧਿਕਾਰੀਆਂ ਤੋਂ ਲਈ ਹੋਈ ਹੈ।
ਬੱਬਰ ਨੂੰ ਜੁਲਕੈਫ ਨੇ ਕਰੀਬ ਤਿੰਨ ਲੱਖ ਰੁਪਏ ‘ਚ ਖਰੀਦਿਆ ਸੀ ਪਰ ਉਸ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਸ਼ੇਰ ਕਿੱਥੋਂ ਖਰੀਦਿਆ ਸੀ। ਜਦੋਂ ਜੁਲਕੈਫ ਨੇ ਬੱਬਰ ਨੂੰ ਖਰੀਦਿਆ ਸੀ,ਉਸ ਦੀ ਉਮਰ ਮਹਿਜ਼ ਦੋ ਮਹੀਨੇ ਸੀ। ਹੁਣ ਪਿਛਲੇ 6 ਮਹੀਨਿਆਂ ਤੋਂ ਬੱਬਰ ਜੁਲਕੈਫ ਨਾਲ ਰਹਿੰਦਾ ਹੈ।
ਇਸ ਦੇ ਨਾਲ ਹੀ ਜੁਲਕੈਫ ਦਾ ਕਹਿਣਾ ਹੈ ਕਿ ਸ਼ੇਰ ਦੇ ਘਰ ‘ਚ ਆਉਣ ਨਾਲ ਹੀ ਉਹ ਦੂਰ–ਦੂਰ ਤਕ ਫੇਮਸ ਹੋ ਗਿਆ ਹੈ। ਨੇੜਲੇ ਇਲਾਕਿਆਂ ਦੇ ਲੋਕ ਉਸ ਨਾਲ ਸੈਲਫੀ ਕਲਿੱਕ ਕਰਵਾਉਣ ਆਉਂਦੇ ਹਨ। ਘਰ ਦੇ ਇੱਕ ਹਿੱਸੇ ‘ਚ ਬੱਬਰ ਲਈ ਵੱਖਰਾ ਬੈਡਰੂਮ ਵੀ ਬਣਾਇਆ ਗਿਆ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਬੱਬਰ ਦੀ ਦੇਖਭਾਲ ਕਿਵੇਂ ਕਰਨੀ ਹੈ। ਉਸ ਦਾ ਦਾਅਵਾ ਹੈ ਕਿ ਉਹ ਬੱਬਰ ਨੂੰ ਪਾਲਤੂ ਬਣਾ ਕੇ ਹੀ ਰਹੇਗਾ।