PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇੰਡੋਨੇਸ਼ੀਆ ਦੇ ਤੱਟ ‘ਤੇ 7.7 ਤੀਬਰਤਾ ਦਾ ਭੂਚਾਲ; ਘੱਟੋ-ਘੱਟ 20 ਲੋਕਾਂ ਦੀ ਮੌਤ

ਇੰਡੋਨੇਸ਼ੀਆ-  ਇੰਡੋਨੇਸ਼ੀਆ ਦੇ ਤੱਟ ‘ਤੇ ਸ਼ਨਿੱਚਰਵਾਰ ਤੜਕੇ 7.7 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਕਈ ਇਮਾਰਤਾਂ ਅਤੇ ਮਕਾਨ ਢਹਿ ਗਏ ਅਤੇ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਛੇ ਲੋਕ ਜ਼ਖਮੀ ਹੋਏ ਹਨ ਅਤੇ ਭੂਚਾਲ ਕਾਰਨ ਇੱਕਠੇ ਹੋਏ ਮਲਬੇ ਕਾਰਨ ਦੋ ਹੋਰ ਲੋਕ ਲਾਪਤਾ ਹਨ। ਅਧਿਕਾਰੀਆਂ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕਰਕੇ ਤੱਟਵਰਤੀ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਲਈ ਕਿਹਾ ਸੀ, ਪਰ ਬਾਅਦ ਵਿੱਚ ਚਿਤਾਵਨੀ ਵਾਪਸ ਲੈ ਲਈ ਗਈ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕੀ ਏਜੰਸੀ ਨੇ ਕਿਹਾ ਕਿ ਸਮੁੰਦਰ ਦੇ ਜਲ ਪੱਧਰ ਦੀ ਨਿਗਰਾਨੀ ਦੌਰਾਨ ਅਜਿਹਾ ਕੋਈ ਮਹੱਤਵਪੂਰਨ ਬਦਲਾਅ ਨਹੀਂ ਪਾਇਆ ਗਿਆ ਜਿਸ ਨਾਲ ਤੱਟਵਰਤੀ ਇਲਾਕਿਆਂ ਲਈ ਖ਼ਤਰਾ ਪੈਦਾ ਹੋਵੇ।

ਉੱਥੇ ਹੀ ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵੱਜ ਕੇ 58 ਮਿੰਟ ‘ਤੇ ਇੰਡੋਨੇਸ਼ੀਆ ਦੇ ਫਲੋਰੇਸ ਖੇਤਰ ਵਿੱਚ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਇਸ ਦਾ ਕੇਂਦਰ ਪੂਰਬੀ ਨੂਸਾ ਤੇਂਗਾਰਾ ਸੂਬੇ ਦੇ ਐਂਡੇ ਸ਼ਹਿਰ ਤੋਂ 68 ਕਿਲੋਮੀਟਰ ਉੱਤਰ-ਪੱਛਮ ਵਿੱਚ ਸੀ। ਸ਼ੁਰੂਆਤੀ ਭੂਚਾਲ ਤੋਂ ਬਾਅਦ ਕਈ ਝਟਕੇ ਮਹਿਸੂਸ ਕੀਤੇ ਗਏ। ਮੌਮੇਰੇ ਖੋਜ ਅਤੇ ਬਚਾਅ ਏਜੰਸੀ ਦੇ ਮੁਖੀ ਫਤੁਰ ਰਹਿਮਾਨ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਸਿੱਕਾ, ਪੱਛਮੀ ਮੰਗਰਾਈ ਅਤੇ ਪੂਰਬੀ ਮੰਗਰਾਈ ਦੇ ਤਿੰਨ ਪ੍ਰਭਾਵਿਤ ਖੇਤਰਾਂ ਤੋਂ ਘੱਟੋ-ਘੱਟ 20 ਲਾਸ਼ਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਛੇ ਲੋਕਾਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਰਹਿਮਾਨ ਨੇ ਦੱਸਿਆ ਕਿ ਬਚਾਅ ਕਰਮਚਾਰੀ ਹੁਣ ਵੀ ਉਨ੍ਹਾਂ ਦੋ ਲੋਕਾਂ ਦੀ ਭਾਲ ਕਰ ਰਹੇ ਹਨ, ਜਿਨ੍ਹਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਪੂਰਬੀ ਨੂਸਾ ਤੇਂਗਾਰਾ ਦੇ ਪੁਲੀਸ ਮੁਖੀ ਰੂਡੀ ਦਾਰਮੋਕੋ ਨੇ ਦੱਸਿਆ ਕਿ ਭੂਚਾਲ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਕਈ ਇਮਾਰਤਾਂ ਢਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਿਜਲੀ ਗੁੱਲ ਹੋਣ ਕਾਰਨ ਸੂਚਨਾਵਾਂ ਮਿਲਣ ਅਤੇ ਤਲਾਸ਼ ਤੇ ਬਚਾਅ ਮੁਹਿੰਮ ਵਿੱਚ ਮੁਸ਼ਕਲ ਆ ਰਹੀ ਹੈ।

Related posts

ਅਮਰੀਕਾ ‘ਚ ਸਿਆਹਫਾਮ ਡਾਕਟਰ ਦੀ ਕੋਰੋਨਾ ਨਾਲ ਮੌਤ

On Punjab

ਕੈਨੇਡਾ ਦੀ ਤਰ੍ਹਾਂ ਅਮਰੀਕੀ ਟਰੱਕ ਡਰਾਈਵਰ ਵੀ ਕਰ ਰਹੇ ਨੇ ਪ੍ਰਦਰਸ਼ਨ

On Punjab

Global Coronavirus : ਅਮਰੀਕਾ ‘ਚ ਮੁੜ ਵਧਣ ਲੱਗੀ ਕੋਰੋਨਾ ਮਹਾਮਾਰੀ

On Punjab