70.3 F
New York, US
June 1, 2024
PreetNama
ਖਾਸ-ਖਬਰਾਂ/Important News

Russia Ukraine War: ਅਮਰੀਕਾ ਨੇ ਵੀ ਰੂਸੀ ਜਹਾਜ਼ਾਂ ਲਈ ਬੰਦ ਕੀਤਾ ਆਪਣਾ ਹਵਾਈ ਖੇਤਰ, ਯੂਕਰੇਨ ‘ਤੇ ਹਮਲੇ ਦੇ ਖਿਲਾਫ ਰੂਸ ‘ਤੇ ਇਕ ਹੋਰ ਵੱਡੀ ਪਾਬੰਦੀ

ਯੂਕਰੇਨ ’ਤੇ ਹਮਲੇ ਦੇ ਵਿਰੋਧ ’ਚ ਪੱਛਮੀ ਦੇਸ਼ਾਂ ਵੱਲੋਂ ਰੂਸ ਖ਼ਿਲਾਫ਼ ਪਾਬੰਦੀਸ਼ੁਦਾ ਕਾਰਵਾਈਆਂ ਜਾਰੀ ਹਨ। ਯੂਰਪੀ ਸੰਘ, ਬਿ੍ਰਟੇਨ ਤੇ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਰੂਸ ਦੇ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ। ਯੂਰਪੀ ਸੰਘ ਦੇ ਨਾਲ ਹੀ ਬਰਤਾਨੀਆ ਨੇ ਯੂਕਰੇਨ ਜੰਗ ’ਚ ਰੂਸ ਦੇ ਪੱਖ ’ਚ ਸਮਰਥਨ ਕਰਨ ’ਤੇ ਬੇਲਾਰੂਸ ਖ਼ਿਲਾਫ਼ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਸਟੇਟ ਆਫ ਯੂਨੀਅਨ ਸੰਬੋਧਨ ’ਚ ਕਿਹਾ ਕਿ ਅਸੀਂ ਆਪਣੇ ਇਤਿਹਾਸ ’ਚ ਇਹ ਸਬਕ ਸਿੱਖਿਆ ਹੈ ਕਿ ਜਦੋਂ ਤਾਨਾਸ਼ਾਹਾਂ ਨੂੰ ਉਨ੍ਹਾਂ ਦੇ ਹਮਲਾਵਰ ਰੁਖ਼ ਦੀ ਕੀਮਤ ਨਹੀਂ ਚੁਕਾਉਣੀ ਪੈਂਦੀ ਤਾਂ ਉਹ ਹੋਰ ਅਰਾਜਕਤਾ ਫੈਲਾਉਂਦੇ ਹਨ। ਰੋਕੇ ਨਾ ਜਾਣ ’ਤੇ ਤਾਨਾਸ਼ਾਹ ਅੱਗੇ ਵਧਦੇ ਰਹਿੰਦੇ ਹਨ ਤੇ ਅਮਰੀਕਾ ਤੇ ਦੁਨੀਆ ਲਈ ਖ਼ਤਰਾ ਵਧਾਉਂਦੇ ਰਹਿੰਦੇ ਹਨ।

ਬਾਇਡਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਪੁਤਿਨ ਯੂਕਰੇਨ ’ਤੇ ਹਮਲਾ ਕਰਨ ਲਈ ਬਹੁਤ ਦਿਨਾਂ ਤੋਂ ਬਹਾਨਾ ਬਣਾ ਰਹੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਨਾਟੋ ਤੇ ਅਮਰੀਕਾ ਜਵਾਬੀ ਕਾਰਵਾਈ ਨਹੀਂ ਕਰਨਗੇ। ਪਰ ਬਾਇਡਨ ਨੇ ਕਿਹਾ ਕਿ ਅਸੀਂ ਰੂਸ ਨੂੰ ਦਰਦ ਦੇ ਰਹੇ ਹਾਂ। ਪੁਤਿਨ ਹੁਣ ਪਹਿਲਾਂ ਤੋਂ ਕਿਤੇ ਵੱਧ ਦੁਨੀਆ ’ਚ ਇਕੱਲੇ ਪੈ ਗਏ ਹਨ। ਰੂਸ ਨੇ ਅਜੇ ਅਮਰੀਕੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨਹੀਂ ਬੰਦ ਕੀਤੇ। ਪਰ ਹੁਣ ਅਮਰੀਕਾ ਵੱਲੋਂ ਪਾਬੰਦੀ ਲਗਾਏ ਜਾਣ ਤੋਂ ਬਾਅਦ ਜਵਾਬੀ ਕਾਰਵਾਈ ’ਚ ਰੂਸ ਵੀ ਅਮਰੀਕੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਬੰਦ ਕਰ ਸਕਦਾ ਹੈ।

ਯੂਰਪੀ ਸੰਘ ਸਮੇਤ ਕਈ ਦੇਸ਼ ਲਗਾ ਚੁੱਕੇ ਹਨ ਪਾਬੰਦੀਆਂ

ਯੂਕਰੇਨ ’ਤੇ ਹਮਲੇ ਦੇ ਵਿਰੋਧ ’ਚ ਪਿਛਲੇ ਇਕ ਹਫ਼ਤੇ ’ਚ ਯੂਰਪੀ ਸੰਘ ਦੇ ਨਾਲ ਹੀ ਕੈਨੇਡਾ ਤੇ ਹੋਰ ਕਈ ਦੇਸ਼ਾਂ ਨੇ ਰੂਸ ਖ਼ਿਲਾਫ਼ ਆਰਥਿਕ, ਵਿੱਤੀ ਤੇ ਫ਼ੌਜੀ ਪਾਬੰਦੀਆਂ ਲਗਾਈਆਂ ਹਨ। ਇਸ ਨਾਲ ਰੂਸੀ ਕਰੰਸੀ ਰੂਬਲ ਦੀ ਕੀਮਤ ਵੀ ਟੁੱਟੀ ਹੈ ਤੇ ਉਹ ਕਮਜ਼ੋਰ ਹੋਇਆ ਹੈ ਤੇ ਅੱਗੇ ਵੀ ਉਸ ਦੇ ਕਮਜ਼ੋਰ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਰੂਸ ਖ਼ਿਲਾਫ਼ ਪਾਬੰਦੀਆਂ ਹੋਰ ਸਖ਼ਤ ਕਰਦੇ ਹੋਏ ਬਰਤਾਨੀਆ ਨੇ ਉਸ ਦੇ ਬੇੜੇ ਲਈ ਵੀ ਆਪਣੀਆਂ ਬੰਦਰਗਾਹਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਕੈਨੇਡਾ ਇਕ ਦਿਨ ਪਹਿਲਾਂ ਹੀ ਰੂਸੀ ਜਹਾਜ਼ਾਂ ਲਈ ਆਪਣੀਆਂ ਬੰਦਰਗਾਹਾਂ ਤੇ ਰੋਕ ਲਗਾ ਦਿੱਤੀ ਹੈ। ਬਰਤਾਨੀਆ ਨੇ ਬੇਲਾਰੂਸ ਦੇ ਚਾਰ ਸਿਖਰਲੇ ਫ਼ੌਜੀ ਅਧਿਕਾਰੀਆਂ ਤੇ ਫ਼ੌਜੀ ਕੰਪਨੀਆਂ ਖ਼ਿਲਾਫ਼ ਵੀ ਫ਼ੌਰੀ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ। ਯੂਰਪੀ ਸੰਘ ਵੀ ਬੇਲਾਰੂਸ ਖ਼ਿਲਾਫ਼ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ ਹੈ।

ਐਪਲ, ਬੋਇੰਗ ਤੇ ਐਕਸਾਨ ਨੇ ਵੀ ਰੂਸ ’ਚ ਕਾਰੋਬਾਰ ਬੰਦ ਕੀਤੇ

ਵਾਸ਼ਿੰਗਟਨ (ਏਜੰਸੀ) : ਰੂਸ ਖ਼ਿਲਾਫ਼ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵੀ ਇਕਜੁੱਟ ਹੋ ਗਈਆਂ ਹਨ। ਅਮਰੀਕੀ ਟੈੱਕ ਫਰਮ ਐੱਪਲ ਨੇ ਆਪਣੇ ਆਈਫੋਨ ਤੇ ਹੋਰ ਉਤਪਾਦਾਂ ਦੀ ਰੂਸ ’ਚ ਵਿਕਰੀ ਬੰਦ ਕਰ ਦਿੱਤੀ ਹੈ। ਬੋਇੰਗ, ਫੋਰਡ ਤੇ ਊਰਜਾ ਖੇਤਰ ਦੀ ਕੰਪਨੀ ਐਕਸਾਨ ਮੋਬਿਲ ਨੇ ਵੀ ਰੂਸ ’ਚ ਆਪਣਾ ਕਾਰੋਬਾਰ ਫਿਲਹਾਲ ਰੋਕ ਦਿੱਤਾ ਹੈ।

ਐਪਲ ਨੇ ਕਿਹਾ ਹੈ ਕਿ ਉਹ ਯੂਕਰੇਨ ’ਤੇ ਰੂਸ ਦੇ ਹਮਲੇ ਬਾਰੇ ਬਹੁਤ ਚਿੰਤਤ ਹੈ ਤੇ ਹਿੰਸਾ ਦੇ ਸ਼ਿਕਾਰ ਲੋਕਾਂ ਨਾਲ ਖੜ੍ਹੀ ਹੈ। ਐਕਸਾਨ ਮੋਬਿਲ ਨੇ ਵੀ ਯੂਕਰੇਨ ਦੇ ਹਾਲਾਤ ’ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਕਾਰਨ ਉਸ ਨੂੰ ਰੂਸ ’ਚ ਆਪਣਾ ਕਾਰੋਬਾਰ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਹੈ। ਐਕਸਾਨ ਨੇ ਕਿਹਾ ਕਿ ਉਹ ਰੂਸ ’ਚ ਹੁਣ ਕੋਈ ਨਵਾਂ ਨਿਵੇਸ਼ ਨਹੀਂ ਕਰੇਗੀ। ਨਾਲ ਹੀ ਉਹ ਸਖਲੀਨ-1 ਤੇਲ ਤੇ ਗੈਸ ਉੱਦਮ ਤੋਂ ਵੀ ਵੱਖ ਹੋ ਰਹੀ ਹੈ।

ਏਅਰਬਸ ਨੇ ਰੂਸੀ ਏਅਰਲਾਈਨਸ ਨੂੰ ਤਕਨੀਕੀ ਸਹਾਇਤਾ ਦੇਣਾ ਤੇ ਜਹਾਜ਼ਾਂ ਦੀ ਸਾਂਭ ਸੰਭਾਲ ਲਈ ਸਪੇਅਰ ਪਾਰਟਸ ਭੇਜਣਾ ਬੰਦ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਉਹ ਇਸ ਦਾ ਅਨੁਮਾਨ ਲਗਾ ਰਹੀ ਹੈ ਕਿ ਉਹ ਮਾਸਕੋ ਸਥਿਤ ਉਸ ਦੀ ਇੰਜੀਨੀਅਰਿੰਗ ਇਕਾਈ ਕੰਮ ਕਰ ਸਕਦੀ ਹੈ ਜਾਂ ਨਹੀਂ। ਬੋਇੰਗ ਨੇ ਵੀ ਰੂਸ ਲਈ ਆਪਣਾ ਸੰਚਾਲਨ ਬੰਦ ਕਰ ਦਿੱਤਾ ਹੈ।

ਮਰਕਸ ਤੇ ਹਮਾਂਗ ਲਾਇਡ ਨੇ ਰੂਸ ਲਈ ਸਾਮਾਨ ਦੀ ਬੁਕਿੰਗ ਬੰਦ ਕੀਤੀ

ਮਰਕਸ, ਹਪਾਂਗ ਲਾਇਡ ਤੇ ਐੱਮਐੱਸਸੀ ਵਰਗੀਆਂ ਮਾਲਵਾਹਕ ਬੇੜਾ ਕੰਪਨੀਆਂ ਨੇ ਵੀ ਰੂਸ ਤੋਂ ਆਉਣ ਜਾਣ ਵਾਲੇ ਸਾਮਾਨ ਦੀ ਬੁਕਿੰਗ ਬੰਦ ਕਰ ਦਿੱਤੀ ਹੈ। ਜਾਪਾਨੀ ਕੰਪਨੀ ਹੋਂਡਾ ਨੇ ਵੀ ਰੂਸ ਨੂੰ ਕਾਰ ਦੀ ਸਪਲਾਈ ਬੰਦ ਕਰ ਦਿੱਤੀ ਹੈ। ਮਾਜਦਾ ਨੇ ਵੀ ਰੂਸ ਸਥਿਤ ਆਪਣੇ ਪਲਾਂਟ ਲਈ ਸਪੇਅਰ ਪਾਰਟ ਭੇਜਣੇ ਬੰਦ ਕਰ ਦਿੱਤੇ ਹਨ।

ਵੋਲਵੋ ਕਾਰ, ਏਬੀ ਵੋਲਵੇ, ਜਨਰਲ ਮੋਟਰ ਕੰਪਨੀ, ਹਰਲੇ ਡੇਵਿਡਸਨ ਤੇ ਜਗੁਆਰ ਲੈਂਡ ਰੋਵਰ ਵਰਗੇ ਵਾਹਨ ਨਿਰਮਾਤਾ ਪਹਿਲਾਂ ਹੀ ਰੂਸ ’ਚ ਆਪਣਾ ਕਾਰੋਬਾਰ ਬੰਦ ਕਰਨ ਦਾ ਐਲਾਨ ਕਰ ਚੁੱਕੇ ਹਨ।

ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਕਿਹਾ ਹੈ ਕਿ ਰੂਸ ਖ਼ਿਲਾਫ਼ ਜਦੋਂ ਯੂਰਪੀ ਸੰਘ ਦੀਆਂ ਪਾਬੰਦੀਆਂ ਅਸਰਦਾਰ ਹੋਣਗੀਆਂ ਉਦੋਂ ਤੋਂ ਉਹ ਉਸ ਦਾ ਪਾਲਣ ਕਰੇਗੀ ਤੇ ਆਪਣੇ ਪਲੇਟਫਾਰਮ ’ਤੇ ਰੂਸ ਦੀ ਸਰਕਾਰੀ ਮੀਡੀਆ ਆਰਟੀ ਤੇ ਸਪੁਤਨਿਕ ਦੀ ਸਮੱਗਰੀ ਨੂੰ ਰੋਕ ਦੇਵੇਗੀ। ਕੰਪਨੀ ਨੇ ਕਿਹਾ ਕਿ ਯੂਰਪੀ ਸੰਘ ਤੋਂ ਬਾਹਰ ਉਸ ਨੇ ਆਪਣੇ ਪਲੇਟਫਾਰਮ ’ਤੇ ਰੂਸੀ ਕੰਪਨੀਆਂ ਦੀ ਸਮੱਗਰੀ ਘੱਟ ਕਰਨ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ।

Related posts

ਕੈਪਟਨ ਦੀ ਘੁਰਕੀ ਮਗਰੋਂ ਪੁਲਿਸ ਨੇ ਉਲੀਕੀ ਨਸ਼ਿਆਂ ਖਿਲਾਫ ਰਣਨੀਤੀ

On Punjab

ਬੇਨਜ਼ੀਰ ਭੁੱਟੋ ਦੀ ਸਭ ਤੋਂ ਛੋਟੀ ਧੀ ਦੀ ਸਿਆਸਤ ‘ਚ ਐਂਟਰੀ, ਪਹਿਲੀ ਹੀ ਰੈਲੀ ‘ਚ ਇਮਰਾਨ ਖਾਨ ਦਾ ਬੋਰੀਆ-ਬਿਸਤਰਾ ਬੰਨ੍ਹਿਆ

On Punjab

ਮਹਿਲਾ ਪਾਈਲਟ ਨੂੰ ਪੁੱਛੇ ਕੁਝ ਨਿੱਜੀ ਸਵਾਲ ਤਾਂ ਮਾਮਲਾ ਵਿਗੜ ਗਿਆ, ਜਾਂਚ ਸ਼ੁਰੂ

On Punjab