ਚੰਡੀਗੜ੍ਹ: ਕੌਮੀ ਜਾਂਚ ਏਜੰਸੀ ਨੇ ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਂਈਂ ਛਾਪੇਮਾਰੀ ਕੀਤੀ ਹੈ। ਖ਼ਤਰਨਾਕ ਦਹਿਸ਼ਤੀ ਜਥੇਬੰਦੀ ਇਸਲਾਮਿਕ ਸਟੇਟਸ ਨਾਲ ਸਬੰਧਤ ਹੋਣ ਦੇ ਸ਼ੱਕ ਕਰਕੇ ਪੱਛਮੀ ਯੂਪੀ ਤੇ ਪੰਜਾਬ ਵਿੱਚ ਸੱਤ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਸਬੰਧੀ ਐਨਆਈਏ ਨੇ ਵੀਰਵਾਰ ਵੱਡੇ ਤੜਕੇ ਤਕਰੀਬਨ ਢਾਈ ਵਜੇ ਲੁਧਿਆਣਾ ਤੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਵੀ ਲਿਆ ਹੈ।
ਲੁਧਿਆਣਾ ਦੇ ਰਾਹੋਣ ਮਾਰਗ ‘ਤੇ ਸਥਿਤ ਮਦਾਨੀ ਜਾਮਾ ਮਸਜਿਦ ਵਿੱਚ ਬਤੌਰ ਮੌਲਵੀ ਤਾਇਨਾਤ ਮੁਹੰਮਦ ਓਵੈਸ ਪਾਸ਼ਾ ਨੂੰ ਆਈਐਸਆਈਐਸ ਨਾਲ ਸਬੰਧਾਂ ਹੋਣ ਦੇ ਸ਼ੱਕ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ। ਸੂਤਰਾਂ ਮੁਤਾਬਕ ਯੂਪੀ ਵਿੱਚ ਫੜੇ ਗਏ ਆਈਐਸਆਈਐਸ ਮਾਡਿਊਲ ਤੋਂ ਮਿਲੀ ਸੂਹ ਤਹਿਤ ਜਾਂਚ ਏਜੰਸੀ ਨੇ ਮੌਲਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮਸਜਿਦ ਦੇ ਪ੍ਰਬੰਧਕ ਮੁਹੰਮਦ ਜਮੀਲ ਨੇ ਕਿਹਾ ਹੈ ਕਿ ਮੌਲਾਨਾ ਓਵੈਸ ਯੂਪੀ ਦਾ ਰਹਿਣ ਵਾਲਾ ਹੈ ਤੇ ਪਿਛਲੇ ਛੇ ਮਹੀਨਿਆਂ ਤੋਂ ਉਹ ਇੱਥੇ ਬੱਚਿਆਂ ਨੂੰ ਪੜ੍ਹਾ ਰਹੇ ਸਨ।
ਲੁਧਿਆਣਾ ਪੁਲਿਸ ਮੁਤਾਬਕ ਉਕਤ ਮੌਲਵੀ ‘ਤੇ ਵਿਸਫੋਟਕ ਸਮੱਗਰੀ ਕਾਨੂੰਨ ਦੇ ਨਾਲ ਨਾਲ ਧਾਰਾ 120-ਏ, 121-ਬੀ ਤੇ 122 ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ, ਮੌਲਵੀ ਪਾਸੋਂ ਉਰਦੂ ਤੇ ਫਾਰਸੀ ਵਿੱਚ ਲਿਖੀਆਂ ਹੋਈਆਂ ਚਾਰ ਕਿਤਾਬਾਂ ਨੂੰ ਛੱਡ ਕੇ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ।