ਭਾਰਤ ਨੇ ਵੈਸਟ ਇੰਡੀਜ਼ ਤੋਂ ਤਿੰਨ T-20 ਮੈਚਾਂ ਦੀ ਲੜੀ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਭਾਰਤ ਦੀ ਜਿੱਤ ਦੇ ਹੀਰੋ ਦੀਪਕ ਚਹਿਰ, ਰਿਸ਼ਭ ਪੰਤ ਤੇ ਵਿਰਾਟ ਕੋਹਲੀ ਰਹੇ। ਚਹਿਰ ਨੇ ਤਿੰਨ ਵਿਕਟਾਂ ਲਈਆਂ ਜਦਕਿ ਪੰਤ ਨੇ 65 ਦੌੜਾਂ ਦੀ ਨਾਬਾਦ ਪਾਰੀ ਖੇਡੀ। ਕਪਤਾਨ ਵਿਰਾਟ ਕੋਹਲੀ ਨੇ ਵੀ ਮੈਚ ਜਿੱਤਣ ਲਈ 59 ਦੌੜਾਂ ਦਾ ਯੋਗਦਾਨ ਪਾਇਆ।
ਬੀਤੇ ਕੱਲ੍ਹ ਹੋਏ ਮੈਚ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਚੁਣੀ ਸੀ। ਦੀਪਕ ਚਹਿਰ ਨੇ ਸ਼ੁਰੂਆਤ ਵਿੱਚ ਹੀ ਵੈਸਟ ਇੰਡੀਜ਼ ਦੇ ਤਿੰਨ ਖਿਡਾਰੀਆਂ ਨੂੰ ਆਊਟ ਕਰਕੇ ਵਿਰੋਧੀ ਟੀਮ ‘ਤੇ ਦਬਾਅ ਬਣਾ ਲਿਆ ਸੀ। ਕੇਰਨ ਪੋਲਾਰਡ ਦੇ 58 ਤੇ ਰੋਵਮੈਨ ਪਾਵੇਲ ਨੇ ਨਾਬਾਦ 32 ਦੌੜਾਂ ਦੀ ਪਾਰੀ ਖੇਡ ਕੇ ਵਿੰਡੀਜ਼ ਨੂੰ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ‘ਤੇ 146 ਦੌੜਾਂ ਦੇ ਸਨਮਾਨਜਨਕ ਸਕੋਰ ‘ਤੇ ਪਹੁੰਚਾਇਆ।
ਭਾਰਤ ਹੁਣ ਭਲਕੇ ਤੋਂ ਵੈਸਟ ਇੰਡੀਜ਼ ਨਾਲ ਇੱਕ ਦਿਨਾ ਤੇ ਫਿਰ ਟੈਸਟ ਲੜੀ ਖੇਡੇਗਾ। ਦੋਵਾਂ ਦੇ ਵੇਰਵੇ ਕੁਝ ਇਸ ਤਰ੍ਹਾਂ ਹਨ-
ODI ਲੜੀ- ਇੱਕ ਦਿਨਾ ਮੈਚਾਂ ਦਾ ਆਗ਼ਾਜ਼ ਅੱਠ ਅਗਸਤ ਨੂੰ ਗੁਆਨਾ ਦੇ ਪ੍ਰਾਵੀਡੈਂਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੂਜਾ ਮੈਚ 11 ਅਗਸਤ ਨੂੰ ਪੋਰਟ ਆਫ ਸਪੇਨ (ਤ੍ਰਿਨੀਡਾਡ) ਦੇ ਕੁਈਨਜ਼ ਪਾਰਕ ਓਵਲ ਵਿੱਚ ਖੇਡਿਆ ਜਾਵੇਗਾ। ਤੀਜੇ ਮੈਚ ਲਈ ਇਸੇ ਸਟੇਡੀਅਮ ਵਿੱਚ 14 ਅਗਸਤ ਨੂੰ ਦੋਵੇਂ ਟੀਮਾਂ ਫਿਰ ਭਿੜਨਗੀਆਂ।
Test ਲੜੀ- 22 ਤੋਂ 26 ਅਗਸਤ ਦਰਮਿਆਨ ਐਂਟੀਗੁਆ ਦੇ ਸਰ ਵਿਵੀਅਨ ਰਿਚਰਡ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੂਜਾ ਟੈਸਟ 30 ਅਗਸਤ ਤੋਂ ਤਿੰਨ ਸਤੰਬਰ ਦਰਮਿਆਨ ਜਮਾਇਕਾ ਦੇ ਸਬੀਨਾ ਪਾਰਕ ਵਿੱਚ ਖੇਡਿਆ ਜਾਵੇਗਾ। ਭਾਰਤੀ ਸਮੇਂ ਮੁਤਾਬਕ ਸਾਰੇ ਇੱਕ ਦਿਨਾ ਤੇ ਟੈਸਟ ਮੈਚ ਰਾਤ ਸੱਤ ਵਜੇ ਤੇ ਟੀ-20 ਰਾਤ ਅੱਠ ਵਜੇ ਸ਼ੁਰੂ ਹੋਣਗੇ।