ਨਵੀਂ ਦਿੱਲੀ- ਪਾਕਿਸਤਾਨੀ ਅਥਾਰਟੀ ਨੇ ਅੱਜ ਦਾਅਵਾ ਕੀਤਾ ਕਿ ਲੰਘੇ ਸ਼ਨਿਚਰਵਾਰ ਨੂੰ ਭਾਰਤੀ ਡਰੋਨਾਂ ਰਾਹੀਂ ਕੀਤੇ ਗਏ ਹਮਲਿਆਂ ’ਚ ਪਾਕਿਸਤਾਨ ਦੇ ਸੱਤ ਵਿਅਕਤੀ ਮਾਰੇ ਗਏ ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਡਰੋਨਾਂ ਵੱਲੋਂ ਪੰਜਾਬ ਦੇ ਜਿਹੜੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਉਨ੍ਹਾਂ ’ਚ ਲਾਹੌਰ, ਚਿਨੀਓਟ, ਪਾਕਪਟਨ, ਖਰਿਆਨ, ਸ਼ੇਖੂਪੁਰਾ ਤੇ ਜਲਾਪੁਰ ਜੱਟਾਂ ਸ਼ਾਮਲ ਹਨ। ਭਾਰਤ ਵੱਲੋਂ ਦਾਗੀ ਗਈ ਮਿਜ਼ਾਈਲ ਦੇ ਹਮਲੇ ’ਚ ਲਾਹੌਰ ਤੋਂ ਤਕਰੀਬਨ 400 ਕਿਲੋਮੀਟਰ ਦੂਰ ਪੰਜਾਬ ਦੇ ਰਹੀਮ ਯਾਰ ਖਾਨ ਜ਼ਿਲ੍ਹੇ ’ਚ ਸਥਿਤ ਸ਼ੇਖ ਜ਼ਾਇਦ ਕੌਮਾਂਤਰੀ ਹਵਾਈ ਅੱਡੇ (ਏਅਰਬੇਸ) ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਪਾਕਿ ਨੇ ਸੋਸ਼ਲ ਮੀਡੀਆ ’ਤੇ ਕਿਹਾ ਹੈ ਕਿ ਭਾਰਤ ਨੇ ਕਿਰਾਨਾ ਹਿੱਲਜ਼ ’ਤੇ ਹਮਲਾ ਕੀਤਾ ਜੋ ਪਰਮਾਣੂ ਕੇਂਦਰ ਦੇ ਨੇੜੇ ਹੈ।
ਇਸ ਤੋਂ ਬਾਅਦ ਭਾਰਤੀ ਹਵਾਈ ਸੈਨਾ (ਆਈਏਐਫ) ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਸ ਨੇ ਪਾਕਿਸਤਾਨ ਦੀ ਕਿਰਾਨਾ ਹਿੱਲਜ਼ ’ਤੇ ਹਮਲੇ ਨਹੀਂ ਕੀਤੇ ਜਿੱਥੇ ਕਥਿਤ ਤੌਰ ’ਤੇ ਪ੍ਰਮਾਣੂ ਕੇਂਦਰ ਹਨ। ਏਅਰ ਅਪਰੇਸ਼ਨ ਦੇ ਡਾਇਰੈਕਟਰ ਜਨਰਲ ਏਆਰ ਮਾਰਸ਼ਲ ਏ ਕੇ ਭਾਰਤੀ ਨੇ ਅਪਰੇਸ਼ਨ ਸਿੰਧੂਰ ’ਤੇ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਕਿਰਾਨਾ ਹਿੱਲਜ਼ ’ਤੇ ਮਿਜ਼ਾਈਲਾਂ ਨਹੀਂ ਦਾਗੀਆਂ। ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਚ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।