ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਸਭ ਤੋਂ ਆਮ ਕਾਰਨ ਫੇਫੜਿਆਂ ਦਾ ਕੈਂਸਰ ਹੈ। ਇਨ੍ਹਾਂ ਵਿਚ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਗਿਣਤੀ 10-20 ਫ਼ੀਸਦ ਹੁੰਦੀ ਹੈ। ਜੇਕਰ ਇਸ ਬਾਰੇ ਸਮੇਂ ਤੋਂ ਪਹਿਲਾਂ ਪਤਾ ਚੱਲ ਜਾਵੇ ਤਾਂ ਜਾਨ ਬਚਾਉਣੀ ਆਸਾਨ ਹੋ ਜਾਂਦੀ ਹੈ। ਇਸ ਸਬੰਧੀ ਕੀਤੇ ਗਏ ਅਧਿਐਨ ‘ਚ ਕਿਹਾ ਗਿਆ ਹੈ ਕਿ ਨਵਾਂ ਏਆਈ ਟੂਲ ਐਕਸਰੇ ਰਿਪੋਰਟ ਦੀ ਵਰਤੋਂ ਕਰ ਕੇ ਸਿਗਰਟਨੋਸ਼ੀ ਨਾ ਕਰਨ ਵਾਲਿਆਂ ‘ਚ ਫੇਫੜਿਆਂ ਦੇ ਕੈਂਸਰ ਦੇ ਹਾਈ ਰਿਸਕ ਦੀ ਪਛਾਣ ਕਰ ਸਕਦਾ ਹੈ। ਇਸ ਖੋਜ ‘ਚ ਇਕ ਭਾਰਤਵੰਸ਼ੀ ਵੀ ਸ਼ਾਮਲ ਸੀ।
ਖੋਜੀਆਂ ਦਾ ਟੀਚਾ ਇਹ ਜਾਣਨਾ ਸੀ ਕਿ ਕੀ ਡੀਪ ਲਰਨਿੰਗ ਮਾਡਲ ਸਿਗਰਟਨੋਸ਼ੀ ਨਾ ਕਰਨ ਵਾਲਿਆਂ ਦੀ ਛਾਤੀ ਦੇ ਐਕਸਰੇ ਦੀ ਜਾਂਚ ਕਰ ਕੇ ਫੇਫੜਿਆਂ ਦੇ ਕੈਂਸਰ ਦੇ ਖ਼ਤਰਿਆਂ ਦਾ ਪਤਾ ਲਾਉਣ ‘ਚ ਮਦਦਗਾਰ ਸਾਬਿਤ ਹੋ ਸਕਦਾ ਹੈ। ਡੀਪ ਲਰਨਿੰਗ ਇਕ ਉੱਨਤ ਏਆਈ ਹੈ ਜਿਸ ਰਾਹੀਂ ਬਿਮਾਰੀ ਨਾਲ ਜੁੜੇ ਪੈਟਰਨ ਲੱਭਣ ਲਈ ਐਕਸਰੇ ਤਸਵੀਰਾਂ ਦੀ ਜਾਂਚ ਲਈ ਸਿਖਲਾਈ ਦਿੱਤੀ ਜਾਂਦੀ ਹੈ।
ਬੋਸਟਨ ਯੂਨੀਵਰਸਿਟੀ ਸਕੂਲ ਆਫ ਮੈਡੀਸਿਨ ‘ਚ ਮੈਡੀਕਲ ਦੀ ਵਿਦਿਆਰਥਣ ਅਨਿਕਾ ਐੱਸ. ਵਾਲੀਆ ਨੇ ਕਿਹਾ ਕਿ ਇਸ ਦਾ ਫਾਇਦਾ ਇਹ ਹੁੰਦੈ ਕਿ ਇਸ ਦੀ ਭਵਿੱਖਣਬਾਣੀ ਲਈ ਸਿਰਫ਼ ਛਾਤੀ ਦੇ ਐਕਸਰੇ ਦੀ ਲੋੜ ਹੁੰਦੀ ਹੈ। ਅਧਿਐਨ ‘ਚ ਸ਼ਾਮਲ 17,407 ਮਰੀਜ਼ਾਂ (ਔਸਤ ਉਮਰ 63 ਸਾਲ) ‘ਚੋਂ 28 ਫ਼ੀਸਦ ਨੂੰ ਇਸ ਮਾਡਲ ਤਹਿਤ ਜਾਂਚ ਤੋਂ ਬਾਅਦ ਹਾਈ ਰਿਸਕ ‘ਚ ਮੰਨਿਆ ਗਿਆ ਸੀ। ਇਨ੍ਹਾਂ ਵਿਚੋਂ 2.9 ਫ਼ੀਸਦ ਰੋਗੀਆਂ ‘ਚ ਬਾਅਦ ‘ਚ ਫੇਫੜਿਆਂ ਦੇ ਕੈਂਸਰ ਦੀ ਪਛਾਣ ਕੀਤੀ ਗਈ ਸੀ।