PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦੁਬਈ ਵਿਚ 11 ਫਲੈਟ; 129 ਕਰੋੜ ਰੁਪਏ ਦਾ ਕ੍ਰਿਪਟੋ ਲੈਣ-ਦੇਣ; ਮੁਲਜ਼ਮ ਦੀ ਜ਼ਮਾਨਤ ਅਰਜ਼ੀ ਖਾਰਜ

ਚੰਡੀਗੜ੍ਹ-  ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਦਿੱਲੀ ਦੇ ਰਹਿਣ ਵਾਲੇ 35 ਸਾਲਾ ਸੁਬਿਨ ਚੇਰੀਅਨ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਉਸ ’ਤੇ ਵੱਖ-ਵੱਖ ਕੰਪਨੀਆਂ ਦੇ ਬੈਂਕ ਖਾਤਿਆਂ ਦਾ ਪ੍ਰਬੰਧ ਕਰਨ ਦਾ ਦੋਸ਼ ਹੈ ਜਿਨ੍ਹਾਂ ਰਾਹੀਂ ਘੁਟਾਲੇ ਦੀ 129 ਕਰੋੜ ਰੁਪਏ ਦੀ ਰਕਮ ਦਾ ਲੈਣ-ਦੇਣ ਕੀਤਾ ਗਿਆ। ਉਹ ਉਸ ਕ੍ਰਿਪਟੋ ਵਾਲਿਟ ਦਾ ਸੰਚਾਲਨ ਕਰਦਾ ਸੀ, ਜਿਸ ਰਾਹੀਂ ਅਪਰਾਧ ਦੀ ਕਮਾਈ ਨੂੰ ਕ੍ਰਿਪਟੋਕਰੰਸੀ ਵਿੱਚ ਬਦਲਿਆ ਜਾਂਦਾ ਸੀ। ਅਦਾਲਤ ਨੇ ਕਿਹਾ ਕਿ ਇਹ ਮਾਮਲਾ ਵੱਡੇ ਪੱਧਰ ’ਤੇ ਨਿਵੇਸ਼ ਧੋਖਾਧੜੀ ਨਾਲ ਸਬੰਧਤ ਹੈ, ਜਿਸ ਵਿੱਚ ਸੈਂਕੜੇ ਕਰੋੜ ਰੁਪਏ ਦੀ ਆਪਣੀ ਮਿਹਨਤ ਦੀ ਕਮਾਈ ਗੁਆਉਣ ਵਾਲੇ ਅਨੇਕਾਂ ਨਿਵੇਸ਼ਕਾਂ ਨਾਲ ਠੱਗੀ ਮਾਰੀ ਗਈ। ਚੇਰੀਅਨ ਦੀ ਭੂਮਿਕਾ ਪੈਸਾ ਪ੍ਰਾਪਤ ਕਰਨ ਵਾਲੇ ਬੈਂਕ ਖਾਤਿਆਂ ਦਾ ਪ੍ਰਬੰਧ ਕਰਨ ਅਤੇ ਬਾਅਦ ਵਿੱਚ ਇਸ ਨੂੰ ਕ੍ਰਿਪਟੋਕਰੰਸੀ ਵਿੱਚ ਬਦਲਣ ਵਿੱਚ ਮਦਦ ਕਰਨ ਦੀ ਸੀ।

12.60 ਲੱਖ ਦੀ ਸ਼ਿਕਾਇਤ ਤੋਂ ਬਾਅਦ ਹੋਇਆ ਖੁਲਾਸਾ- ਇਸ ਮਾਮਲੇ ਦੀ ਸ਼ੁਰੂਆਤ 2023 ਵਿੱਚ ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਦਰਜ ਐੱਫਆਈਆਰ ਤੋਂ ਹੋਈ ਸੀ। ਸ਼ਿਕਾਇਤਕਰਤਾ ਰਾਜੇਸ਼ ਸੈਣੀ ਨੇ ਦੋਸ਼ ਲਾਇਆ ਸੀ ਕਿ ਰਮੇਸ਼ ਚੌਹਾਨ, ਰੋਹਿਤ, ਰਾਜਿੰਦਰ ਸੂਦ, ਸੰਤੋਸ਼ ਕੁਮਾਰ ਅਤੇ ਵਿਨੀਤ ਕੁਮਾਰ ਨੇ ਕਿਊਐੱਫਐਕਸ ਗਰੁੱਪ ਆਫ਼ ਕੰਪਨੀਜ਼ ਦੇ ਨਾਂ ਹੇਠ ਉਸ ਨੂੰ ਫੋਰੈਕਸ ਟਰੇਡਿੰਗ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ। ਉਸ ਨੂੰ ਹਰ ਮਹੀਨੇ ਪੰਜ ਫ਼ੀਸਦੀ ਮੁਨਾਫ਼ੇ ਦਾ ਭਰੋਸਾ ਦਿੱਤਾ ਗਿਆ। ਉਸ ਨੇ 12.60 ਲੱਖ ਰੁਪਏ ਨਿਵੇਸ਼ ਕੀਤੇ ਪਰ ਬਦਲੇ ਵਿੱਚ ਮਿਲੇ ਚੈੱਕਾਂ ਦੀ ਅਦਾਇਗੀ ਰੋਕ ਦਿੱਤੀ ਗਈ। ਜਾਂਚ ਦੌਰਾਨ ਕਿਊਐੱਫਐਕਸ ਟਰੇਡ ਲਿਮਟਿਡ ਖ਼ਿਲਾਫ਼ ਦੇਸ਼ ਵਿੱਚ ਸੱਤ ਹੋਰ ਮਾਮਲੇ ਵੀ ਸਾਹਮਣੇ ਆਏ। ਈਡੀ ਮੁਤਾਬਕ ਕੰਪਨੀ ਦੇ ਡਾਇਰੈਕਟਰਾਂ ਅਤੇ ਲਾਭਕਾਰੀ ਮਾਲਕ ਨਵਾਬ ਅਲੀ ਉਰਫ਼ ਲਵਿਸ਼ ਚੌਧਰੀ ਨੇ ਕਿਊਐੱਫਐਕਸ ਟਰੇਡਿੰਗ ਦੀ ਆੜ ਹੇਠ ਪੋਂਜ਼ੀ ਸਕੀਮ ਚਲਾਈ। ਜਾਂਚ ਤੋਂ ਬਚਣ ਲਈ ਨਿਵੇਸ਼ਕਾਂ ਨੂੰ ਯੌਰਕਰਐੱਫਐਕਸ ਅਤੇ ਬੋਟਬਰੋ ਵਰਗੇ ਪਲੇਟਫਾਰਮਾਂ ’ਤੇ ਭੇਜਿਆ ਜਾਂਦਾ ਸੀ। ਕੰਪਨੀ ਨੇ 210 ਕਰੋੜ ਰੁਪਏ ਨਿਵੇਸ਼ ਵਜੋਂ ਇਕੱਠੇ ਕੀਤੇ, ਜਦਕਿ ਸਿਰਫ਼ 115 ਕਰੋੜ ਰੁਪਏ ਵਾਪਸ ਕੀਤੇ। ਈਡੀ ਨੇ ਹੁਣ ਤੱਕ 1,600 ਕਰੋੜ ਰੁਪਏ ਦੀ ਅਪਰਾਧਕ ਕਮਾਈ ਦੀ ਪਛਾਣ ਕੀਤੀ ਹੈ ਅਤੇ 410 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਜਾਂ ਜ਼ਬਤ ਕੀਤੀਆਂ ਹਨ।

ਕਮਿਸ਼ਨ ਲੈ ਕੇ ਖਾਤੇ ਮੁਹੱਈਆ ਕਰਵਾਉਣ ਦਾ ਦੋਸ਼- ਈਡੀ ਅਨੁਸਾਰ ਚੇਰੀਅਨ ਨੇ ਤਿੰਨ ਫਰਮਾਂ ਸਮੇਤ ਕਈ ਕੰਪਨੀਆਂ ਦੇ ਬੈਂਕ ਖਾਤੇ ਕਮਿਸ਼ਨ ’ਤੇ ਮੁਹੱਈਆ ਕਰਵਾਏ। ਉਸ ਨੇ ਕਥਿਤ ਤੌਰ ’ਤੇ ਪੰਜ ਲੱਖ ਰੁਪਏ ਕਮਿਸ਼ਨ ਕਮਾਇਆ। ਜੂਨ-ਜੁਲਾਈ 2025 ਵਿੱਚ ਉਸ ਦੇ ਕ੍ਰਿਪਟੋ ਵਾਲਿਟ ਤੋਂ 2.56 ਲੱਖ ਯੂਐੱਸਡੀਟੀ (ਕਰੀਬ 2.35 ਕਰੋੜ ਰੁਪਏ) ਨਵੇਂ ਨਿਵੇਸ਼ ਪਲੇਟਫਾਰਮ ਨਾਲ ਜੁੜੇ ਪਤਿਆਂ ’ਤੇ ਭੇਜੇ ਗਏ। ਉਸ ਦੇ ਜ਼ਬਤ ਉਪਕਰਨ ਵਿੱਚੋਂ ਮਿਲੇ ਦਸਤਾਵੇਜ਼ਾਂ ਮੁਤਾਬਕ ਦੁਬਈ ਵਿੱਚ 11 ਫਲੈਟ ਖਰੀਦਣ ਲਈ 6.64 ਕਰੋੜ ਰੁਪਏ ਦਿੱਤੇ ਗਏ। ਉਸ ਦੇ ਨਾਂ ’ਤੇ ਇੱਕ ਹੋਰ ਜਾਇਦਾਦ 3.53 ਕਰੋੜ ਰੁਪਏ ਵਿੱਚ ਵੇਚੀ ਗਈ ਸੀ।

Related posts

Sangrur ByPoll Results 2022 : ‘ਆਪ’ ਦੇ ਗੜ੍ਹ ‘ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ, ਤਿੰਨ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

On Punjab

ਸ਼ਹਾਦਤ ਦੇਣ ਵਾਲਿਆਂ ਨੂੰ ਨਮ ਅੱਖਾਂ ਨਾਲ ਵਿਦਾਇਗੀ

On Punjab

America News: ਅਮਰੀਕਾ ‘ਚ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਦਰਾਮਦ ਦੇ ਦੋਸ਼ ‘ਚ ਭਾਰਤੀ ਵਿਅਕਤੀ ਨੂੰ 7 ਸਾਲ ਜੇਲ੍ਹ ਦੀ ਸਜ਼ਾ

On Punjab