PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Amritpal Singh ਨੂੰ ਕਸਟਡੀ ਪੈਰੋਲ; ਅਦਾਲਤ ਨੇ ਦਾਦੀ ਦੇ ਸਸਕਾਰ ਵਿੱਚ ਸ਼ਾਮਲ ਹੋਣ ਦੀ ਦਿੱਤੀ ਇਜਾਜ਼ਤ

ਅੰਮ੍ਰਿਤਸਰ- ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਸ਼ੁੱਕਰਵਾਰ ਨੂੰ ਇੱਥੋਂ ਦੀ ਇੱਕ ਅਦਾਲਤ ਵੱਲੋਂ ਆਪਣੀ ਦਾਦੀ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਇੱਕ ਦਿਨ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਉਨ੍ਹਾਂ ਦੇ ਵਕੀਲਾਂ ਨੇ ਦਿੱਤੀ।
ਸਿੰਘ ਦੀ 84 ਸਾਲਾ ਦਾਦੀ ਚਰਨ ਕੌਰ ਦਾ ਐਤਵਾਰ ਨੂੰ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਸੰਸਦ ਮੈਂਬਰ ਦੇ ਪਰਿਵਾਰ ਨੇ ਉਨ੍ਹਾਂ ਦੀ ਆਰਜ਼ੀ ਰਿਹਾਈ ਦੀ ਮੰਗ ਕਰਦਿਆਂ ਅੰਮ੍ਰਿਤਸਰ ਦੀ ਇੱਕ ਅਦਾਲਤ ਵਿੱਚ ਪਹੁੰਚ ਕੀਤੀ ਸੀ।
ਕੌਰ ਦੀ ਮ੍ਰਿਤਕ ਦੇਹ ਪਰਿਵਾਰ ਦੇ ਜੱਦੀ ਪਿੰਡ ਜੱਲੂਪੁਰ ਖੇੜਾ (ਅੰਮ੍ਰਿਤਸਰ) ਵਿਖੇ ਰੱਖੀ ਗਈ ਹੈ।
ਪਰਿਵਾਰ 14 ਨਵੰਬਰ ਤੋਂ 17 ਨਵੰਬਰ ਤੱਕ ਚਾਰ ਦਿਨਾਂ ਦੀ ਪੈਰੋਲ ਦੀ ਮੰਗ ਕਰ ਰਿਹਾ ਸੀ। ਹਾਲਾਂਕਿ, ਸ਼ੁੱਕਰਵਾਰ ਨੂੰ ਅਦਾਲਤ ਨੇ ਇੱਕ ਦਿਨ ਦੀ ਅੰਤਰਿਮ ਜ਼ਮਾਨਤ ਮਨਜ਼ੂਰ ਕੀਤੀ।
ਉਨ੍ਹਾਂ ਦੇ ਵਕੀਲ ਕਰਮਵੀਰ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਦਾ ਇੱਥੇ ਪਹੁੰਚਣਾ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦੀ ਆਰਜ਼ੀ ਰਿਹਾਈ ਲਈ ਸਾਰੀਆਂ ਰਸਮੀ ਕਾਰਵਾਈਆਂ ਕਿੰਨੀ ਜਲਦੀ ਪੂਰੀਆਂ ਹੁੰਦੀਆਂ ਹਨ।
ਚਰਨ ਕੌਰ ਦੇ ਦੇਹਾਂਤ ਤੋਂ ਬਾਅਦ, ਪਰਿਵਾਰ ਨੇ ਉਨ੍ਹਾਂ ਦਾ ਅੰਤਿਮ ਸਸਕਾਰ ਮੁਲਤਵੀ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਉਹ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਪਾਲ ਸਿੰਘ ਦੀ ਉਡੀਕ ਕਰਨਗੇ।
ਕਰਮਵੀਰ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਇੱਛਾ ਸੀ ਕਿ ਉਹ ਆਪਣੀ ਦਾਦੀ ਦੀਆਂ ਅੰਤਿਮ ਰਸਮਾਂ ਮੌਕੇ ਮੌਜੂਦ ਰਹਿਣ।
ਜ਼ਿਲ੍ਹਾ ਅਦਾਲਤ ਨੇ ਇਸ ਤੋਂ ਪਹਿਲਾਂ ਜੇਲ੍ਹ ਵਿੱਚ ਬੰਦ ਆਗੂ ਨੂੰ ਡਿਬਰੂਗੜ੍ਹ ਕੇਂਦਰੀ ਜੇਲ੍ਹ (ਜਿੱਥੇ ਉਹ ਇਸ ਸਮੇਂ ਬੰਦ ਹਨ) ਤੋਂ 10 ਮਿੰਟ ਦੀ ਵੀਡੀਓ ਕਾਲ ਰਾਹੀਂ ਆਪਣੀ ਦਾਦੀ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦਿੱਤੀ ਸੀ।
ਹਾਲਾਂਕਿ, ਵਕੀਲਾਂ ਨੇ ਦੱਸਿਆ ਕਿ ਇਹ ਵੀਡੀਓ ਕਾਲ ਨਹੀਂ ਹੋ ਸਕੀ, ਕਿਉਂਕਿ ਉਨ੍ਹਾਂ ਦੀ ਦਾਦੀ ਦੀ ਹਾਲਤ ਗੰਭੀਰ ਸੀ। ਅੰਮ੍ਰਿਤਪਾਲ ਸਿੰਘ ਇਸ ਸਮੇਂ 2023 ਦੇ ਅਜਨਾਲਾ ਥਾਣਾ ਹਮਲੇ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ। ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਚੱਲੀ ਤਲਾਸ਼ੀ ਮੁਹਿੰਮ ਤੋਂ ਬਾਅਦ 23 ਅਪਰੈਲ, 2023 ਨੂੰ ਮੋਗਾ ਦੇ ਪਿੰਡ ਰੋਡੇ ਤੋਂ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੰਜਾਬ ਪੁਲੀਸ ਨੇ 23 ਫਰਵਰੀ, 2023 ਦੀ ਅਜਨਾਲਾ ਘਟਨਾ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕੀਤੀ ਸੀ, ਜਿਸ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ (ਜਿਨ੍ਹਾਂ ਵਿੱਚੋਂ ਕੁਝ ਕੋਲ ਤਲਵਾਰਾਂ ਅਤੇ ਬੰਦੂਕਾਂ ਸਨ) ਨੇ ਕਥਿਤ ਤੌਰ ‘ਤੇ ਬੈਰੀਕੇਡ ਤੋੜ ਕੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਇੱਕ ਥਾਣੇ ਵਿੱਚ ਦਾਖ਼ਲ ਹੋ ਕੇ ਆਪਣੇ ਸਾਥੀਆਂ ਦੀ ਰਿਹਾਈ ਲਈ ਪੁਲੀਸ ਨਾਲ ਝੜਪ ਕੀਤੀ ਸੀ।
ਅੰਮ੍ਰਿਤਪਾਲ ਸਿੰਘ ਨੇ 2024 ਦੀਆਂ ਲੋਕ ਸਭਾ ਚੋਣਾਂ ਆਜ਼ਾਦ ਉਮੀਦਵਾਰ ਵਜੋਂ ਲੜੀਆਂ ਸਨ ਅਤੇ ਖਡੂਰ ਸਾਹਿਬ ਤੋਂ ਜਿੱਤ ਹਾਸਲ ਕੀਤੀ ਸੀ।

Related posts

ਸ਼ਹੀਦ ਉਧਮ ਸਿੰਘ ਦੀ ਬਰਸੀ ‘ਤੇ ਝਾਤ ਮਾਰੋ ਆਜ਼ਾਦੀ ਘੁਲਾਟੀਏ ਬਾਰੇ ਕੁੱਝ ਤੱਥਾਂ ‘ਤੇ

On Punjab

ਐੱਨਐੱਚਏਆਈ ਨੇ ਦੇਸ਼ ਭਰ ਵਿਚ ਟੌਲ ਰੇਟ ਵਧਾਏ

On Punjab

ਦਿੱਲੀ ਵਾਲੇ ਪੰਜਾਬ-ਹਰਿਆਣਾ ਦੇ ਧੂੰਏਂ ਤੋਂ ਔਖੇ ਤਾਂ ਭਾਰਤ-ਚੀਨ ਦੇ ਕੂੜੇ ਤੋਂ ਅਮਰੀਕਾ ਪ੍ਰੇਸ਼ਾਨ

On Punjab