PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤੀਜਾ ਤਨਖ਼ਾਹ ਕਮਿਸ਼ਨ ਲਾਗੂ ਕਰਾਉਣ ਲਈ ਡਟੇ ਬੀ ਐੱਸ ਐੱਨ ਐੱਲ ਮੁਲਾਜ਼ਮ

ਸੰਗਰੂਰ-  ਆਲ ਯੂਨੀਅਨਜ਼ ਐਂਡ ਐਸੋਸੀਏਸ਼ਨਜ਼ ਆਫ ਬੀ ਐੱਸ ਐੱਨ ਐੱਲ ਦੇ ਸੱਦੇ ’ਤੇ ਬੀ ਐੱਸ ਐੱਨ ਐੱਲ ਦਫ਼ਤਰ ਅੱਗੇ ਤੀਜੇ ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਵਾਉਣ ਅਤੇ ਮੁਨਾਫ਼ੇ ਦੀ ਸ਼ਰਤ ਖ਼ਤਮ ਕਰਨ ਦੀ ਮੰਗ ਲਈ ਤੀਜੇ ਦਿਨ ਰੋਸ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਦੂਰਸੰਚਾਰ ਵਿਭਾਗ ਅਤੇ ਬੀ ਐੱਸ ਐੱਨ ਐੱਲ ਪ੍ਰਬੰਧਕਾਂ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਤਨਖ਼ਾਹਾਂ ਵਿੱਚ ਸੋਧ ਦੀ ਮੰਗ ਕੀਤੀ। ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੌਤਮ ਕੁਮਾਰ, ਸਹਾਇਕ ਜਨਰਲ ਸਕੱਤਰ ਹਰਵਿੰਦਰ ਸਿੰਘ, ਮੁਹੰਮਦ ਇਮਰਾਨ ਜ਼ਿਲ੍ਹਾ ਸਕੱਤਰ, ਬੀ ਐੱਸ ਐੱਨ ਐੱਲ ਈ ਯੂ ਦੇ ਰਘਵੀਰ ਸਿੰਘ, ਜ਼ਿਲ੍ਹਾ ਪ੍ਰਧਾਨ, ਐੱਨ ਐੱਫ ਟੀ ਈ ਅਤੇ ਧਰਨੇ ਵਿੱਚ ਪਹੁੰਚੇ ਸੇਵਾਮੁਕਤ ਅਧਿਕਾਰੀਆਂ ਨੇ ਕਿਹਾ ਕਿ ਬੀ ਐੱਸ ਐੱਨ ਐੱਲ ਦੇਸ਼ ਦੀ ਇੱਕ ਅਹਿਮ ਅਤੇ ਰਣਨੀਤਕ ਦੂਰਸੰਚਾਰ ਸੇਵਾ ਹੈ। ਕਰੋਨਾ ਮਹਾਮਾਰੀ, ਹੜ੍ਹਾਂ, ਸਰਹੱਦੀ ਖੇਤਰਾਂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਮੁਸ਼ਕਲ ਹਾਲਾਤਾਂ ਦੌਰਾਨ ਬੀ ਐੱਸ ਐੱਨ ਐੱਲ ਦੇ ਮੁਲਾਜ਼ਮ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸੰਚਾਰ ਸੇਵਾਵਾਂ ਚਾਲੂ ਰੱਖਦੇ ਹਨ। ਅਜਿਹੀ ਅਹਿਮ ਜਨਤਕ ਸੇਵਾ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਮੁਨਾਫ਼ੇ ਦੀ ਸ਼ਰਤ ਦੇ ਆਧਾਰ ’ਤੇ ਤਨਖ਼ਾਹ ਵਾਧੇ ਤੋਂ ਵਾਂਝਾ ਰੱਖਣਾ ਸਰਾਸਰ ਬੇਇਨਸਾਫ਼ੀ ਹੈ। ਦੂਜੇ ਪਾਸੇ, ਉਨ੍ਹਾਂ ਅਨੁਸਾਰ ਬੀ ਐੱਸ ਐੱਨ ਐੱਲ ਵਿੱਚ ਤਾਇਨਾਤ ਉੱਚ ਪ੍ਰਬੰਧਕੀ ਅਧਿਕਾਰੀ, ਆਈ ਟੀ ਐਸ ਕੇਡਰ ਦੇ ਅਧਿਕਾਰੀ ਅਤੇ ਜਨਰਲ ਮੈਨੇਜਰ ਸੱਤਵੇਂ ਤਨਖ਼ਾਹ ਕਮਿਸ਼ਨ ਦੇ ਨਵੇਂ ਸਕੇਲਾਂ ਅਤੇ ਸਰਕਾਰੀ ਭੱਤਿਆਂ ਦਾ ਲਾਭ ਲੈ ਰਹੇ ਹਨ। ਇੱਕੋ ਕੰਪਨੀ ਵਿੱਚ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਿਚਕਾਰ ਤਨਖ਼ਾਹਾਂ ਦਾ ਇਹ ਪਾੜਾ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਮਨੋਬਲ ਨੂੰ ਢਾਹ ਲਾਉਣ ਵਾਲਾ ਹੈ। ਆਗੂਆਂ ਨੇ ਮੰਗ ਕੀਤੀ ਕਿ ਮੁਨਾਫ਼ੇ ਦੀ ਸ਼ਰਤ ਖ਼ਤਮ ਕੀਤੀ ਜਾਵੇ, ਤੀਜਾ ਤਨਖ਼ਾਹ ਕਮਿਸ਼ਨ ਲਾਗੂ ਕੀਤਾ ਜਾਵੇ, ਪਹਿਲੀ ਜਨਵਰੀ 2017 ਤੋਂ ਬਕਾਇਆ ਤਨਖ਼ਾਹ ਸੋਧ ਬਿਨਾਂ ਕਿਸੇ ਸ਼ਰਤ ਦੇ ਲਾਗੂ ਕੀਤੀ ਜਾਵੇ, ਤਨਖ਼ਾਹਾਂ ਦੇ ਦੋਹਰੇ ਮਾਪਦੰਡ ਖ਼ਤਮ ਕੀਤੇ ਜਾਣ, ਬੀ ਐੱਸ ਐੱਨ ਐੱਲ ਦੇ ਆਪਣੇ ਮੁਲਾਜ਼ਮਾਂ ਅਤੇ ਡੈਪੂਟੇਸ਼ਨ ’ਤੇ ਆਏ ਉੱਚ ਅਧਿਕਾਰੀਆਂ ਵਿਚਕਾਰ ਤਨਖ਼ਾਹਾਂ ਦਾ ਪਾੜਾ ਦੂਰ ਕੀਤਾ ਜਾਵੇ, ਸੇਵਾਮੁਕਤ ਮੁਲਾਜ਼ਮਾਂ ਦੀ ਪੈਨਸ਼ਨ ਸੋਧ ਕੀਤੀ ਜਾਵੇ, ਸੇਵਾਮੁਕਤ ਸਾਥੀਆਂ ਦੀ ਪੈਨਸ਼ਨ ਵਿੱਚ ਸੋਧ ਦਾ ਮਾਮਲਾ ਤੁਰੰਤ ਨਿਬੇੜਿਆ ਜਾਵੇ।

Related posts

ਮਿਜਾਇਲ ਹਮਲੇ ’ਚ ਸੀਰੀਆ ਦੇ ਤਿੰਨ ਸੈਨਿਕਾਂ ਦੀ ਮੌਤ

On Punjab

30,000 ਆਵਾਰਾ ਕੁੱਤਿਆਂ ਦੀ ਨਸਬੰਦੀ ਲਈ 4.95 ਕਰੋੜ ਦਾ ਪ੍ਰਸਤਾਵ ਤਿਆਰ

On Punjab

‘ਨਗਰ ਨਿਗਮ ਚੋਣਾਂ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਹੇਰਾਫੇਰੀ ਹੋਈ’: ‘ਕੇਵਲ ਢਿੱਲੋਂ

On Punjab