ਮੋਗਾ- ਮੋਗਾ ਦੇ ਇੱਕ ਨੌਜਵਾਨ ਨੇ ਨਸ਼ਿਆਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਹੈ। ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਉਸ ਲਈ ਰਾਹ-ਦਸੇਰਾ ਬਣ ਗਈ ਹੈ। ਮੁਹਿੰਮ ਵਿੱਚ ਭਾਗੀਦਾਰ ਬਣਦਿਆਂ ਨੌਜਵਾਨ ਨੇ ਨਸ਼ਾ ਛੁਡਾਊ ਕੇਂਦਰ, ਜਨੇਰ ਤੋਂ ਆਪਣਾ ਇਲਾਜ ਕਰਵਾਇਆ ਅਤੇ ਨਸ਼ਿਆਂ ਦਾ ਪੂਰੀ ਤਰ੍ਹਾਂ ਤਿਆਗ ਕਰ ਦਿੱਤਾ। ਅੱਜ ਉਹ ਆਪਣੇ ਪਰਿਵਾਰ ਨਾਲ ਸਕੂਨ ਦਾ ਜੀਵਨ ਜੀਅ ਰਿਹਾ ਹੈ। ਉਸ ਦੀ ਬਦਲੀ ਦਸ਼ਾ ਦੂਜਿਆਂ ਲਈ ਰਾਹ-ਦਸੇਰਾ ਬਣਨ ਲੱਗੀ ਹੈ। ਉਸ ਦੇ ਆਪਣੇ ਸ਼ਬਦਾਂ ਮੁਤਾਬਕ, “ਨਸ਼ਿਆਂ ਦੀ ਲਤ ਜ਼ਿੰਦਗੀ ਨੂੰ ਮੁਸ਼ਕਲਾਂ ਵੱਲ ਧੱਕ ਸਕਦੀ ਹੈ, ਪਰ ਸਹੀ ਇਲਾਜ, ਦ੍ਰਿੜ੍ਹ ਇਰਾਦੇ ਅਤੇ ਸਹਿਯੋਗ ਨਾਲ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਂਦਾ ਜਾ ਸਕਦਾ ਹੈ।” ਉਹ ਇਸ ਲਈ ਆਪਣੀ ਮਿਸਾਲ ਦਿੰਦਾ ਨਹੀਂ ਥੱਕਦਾ। ਮੋਗਾ ਦਾ ਵਰੁਣ ਕੁਮਾਰ (ਕਾਲਪਨਿਕ ਨਾਮ) ਅੱਜ ਨਸ਼ਿਆਂ ਤੋਂ ਦੂਰ ਰਹਿ ਕੇ ਨਿਰੋਗ ਅਤੇ ਆਤਮ-ਨਿਰਭਰ ਜੀਵਨ ਬਤੀਤ ਕਰ ਰਿਹਾ ਹੈ।
ਵਰੁਣ ਕੁਮਾਰ (ਕਾਲਪਨਿਕ ਨਾਮ) ਦਾ ਇਹ ਸਫ਼ਰ ਉਨ੍ਹਾਂ ਨੌਜਵਾਨਾਂ ਲਈ ਉਮੀਦ ਦੀ ਕਿਰਨ ਹੈ, ਜੋ ਕਿਸੇ ਕਾਰਨ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋ ਗਏ ਹਨ ਅਤੇ ਇਸ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਦੀ ਜ਼ਿੰਦਗੀ ਵਿੱਚ ਆਇਆ ਇਹ ਬਦਲਾਅ ਦਰਸਾਉਂਦਾ ਹੈ ਕਿ ਨਸ਼ਾ ਛੱਡਣ ਲਈ ਪਹਿਲਾ ਕਦਮ ਇਲਾਜ ਕਰਵਾਉਣ ਦਾ ਫ਼ੈਸਲਾ ਲੈਣਾ ਹੈ। ਨਸ਼ੇ ਦੀ ਲਤ ਨੂੰ ਛੁਪਾਉਣ ਜਾਂ ਇਸ ਕਾਰਨ ਨਿਰਾਸ਼ ਹੋਣ ਦੀ ਬਜਾਏ ਸਮੇਂ ਸਿਰ ਇਲਾਜ ਅਤੇ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੈ। ਆਪਣੇ ਜੀਵਨ ਵਿੱਚ ਆਏ ਇਸ ਸਕਾਰਾਤਮਕ ਬਦਲਾਅ ਲਈ ਉਸ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਉਸ ਨੇ ਨਸ਼ਿਆਂ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਉਹ ਹਿੰਮਤ ਨਾ ਹਾਰਨ ਅਤੇ ਨਸ਼ਾ ਛੱਡਣ ਲਈ ਇਲਾਜ ਦਾ ਰਾਹ ਅਪਣਾਉਣ। ਉਸ ਅਨੁਸਾਰ, ਸਹੀ ਇਲਾਜ ਅਤੇ ਮਜ਼ਬੂਤ ਇਰਾਦੇ ਨਾਲ ਨਸ਼ਿਆਂ ਤੋਂ ਛੁਟਕਾਰਾ ਪਾ ਕੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ।
ਉਸ ਨੇ ਦੱਸਿਆ, “ਹੁਣ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ, ਆਪਣਾ ਡੌਗ-ਬਰੀਡਿੰਗ ਦਾ ਕੰਮ ਕਰ ਰਿਹਾ ਹੈ, ਜਿਸ ਨਾਲ ਉਹ ਆਪਣਾ ਅਤੇ ਪਰਿਵਾਰ ਦਾ ਜੀਵਨ ਨਿਰਬਾਹ ਕਰ ਰਿਹਾ ਹੈ।” ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਵਰੁਣ ਕੁਮਾਰ ਦੀ ਕਹਾਣੀ ਦਾ ਸੁਨੇਹਾ ਸਪੱਸ਼ਟ ਹੈ, ਨਸ਼ਾ ਜ਼ਿੰਦਗੀ ਦਾ ਅੰਤ ਨਹੀਂ, ਸਗੋਂ ਸਹੀ ਸਮੇਂ ’ਤੇ ਲਿਆ ਗਿਆ ਫ਼ੈਸਲਾ ਨਵੀਂ ਸ਼ੁਰੂਆਤ ਬਣ ਸਕਦਾ ਹੈ। ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ, ਸਨਮਾਨਜਨਕ ਅਤੇ ਆਤਮ-ਨਿਰਭਰ ਜੀਵਨ ਜਿਊਣਾ ਸੰਭਵ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਵਰਗੇ ਉਪਰਾਲਿਆਂ ਦਾ ਮਕਸਦ ਵੀ ਨਸ਼ਿਆਂ ਦੀ ਲਤ ਤੋਂ ਪੀੜਤ ਲੋਕਾਂ ਨੂੰ ਇਲਾਜ ਨਾਲ ਜੋੜ ਕੇ ਉਨ੍ਹਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣਾ ਹੈ।

