60.84 F
New York, US
October 29, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਮਰੀਕਾ ਦੀ ਸੰਸਥਾ ਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਨੇ 53 ਮਰੀਜ਼ਾਂ ਦੇ ਮੁਫ਼ਤ ਗੋਡੇ ਬਦਲ ਦਿੱਤਾ ਜੀਵਨਦਾਨ

ਅੰਮ੍ਰਿਤਸਰ- ਲੋੜਵੰਦ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅਮਰੀਕਾ ਦੀ ਸੰਸਥਾ ਅਪਰੇਸ਼ਨ ਵਾਕ ਮਿਡ ਐਟਲਾਂਟਿਕ ਅਤੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਅੰਮ੍ਰਿਤਸਰ ਦੇ ਸਾਂਝੇ ਉਪਰਾਲੇ ਸਦਕਾ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਵਿਖੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਮਰੀਜ਼ਾਂ ਦੇ ਗੋਡੇ ਬਦਲਣ ਦੇ 53 ਮੁਫ਼ਤ ਅਪਰੇਸ਼ਨ ਸਫ਼ਲਤਾਪੂਰਵਕ ਕੀਤੇ ਗਏ ਹਨ। ਇਸ ਸੇਵਾ ਤਹਿਤ ਉਨ੍ਹਾਂ ਮਰੀਜ਼ਾਂ ਦੀ ਚੋਣ ਕੀਤੀ ਗਈ, ਜਿਹੜੇ ਗੋਡਿਆਂ ਦੀ ਗੰਭੀਰ ਸਮੱਸਿਆ ਕਾਰਨ ਤੁਰਨ-ਫਿਰਨ ਤੋਂ ਅਸਮਰੱਥ ਸਨ ਅਤੇ ਮਹਿੰਗੇ ਇਲਾਜ ਦਾ ਖ਼ਰਚਾ ਚੁੱਕਣ ਦੀ ਸਮਰੱਥਾ ਨਹੀਂ ਰੱਖਦੇ ਸਨ। ਇਹ ਉਪਰਾਲਾ ਦੋਵਾਂ ਸੰਸਥਾਵਾਂ ਦੀ ਹਰੇਕ ਵਰਗ ਤੱਕ ਆਸਾਨ ਪਹੁੰਚਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਕੈਂਪ ਦੀ ਸਫ਼ਲਤਾ ਉਪਰੰਤ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਰੀਕਾ ਦੀ ਚੈਰੀਟੇਬਲ ਸੰਸਥਾ ਅਪਰੇਸ਼ਨ ਵਾਕ ਮਿਡ ਐਟਲਾਂਟਿਕ ਦੇ ਡਾ. ਹਰਪਾਲ ਸਿੰਘ ਖਨੂਜਾ ਨੇ ਕਿਹਾ ਕਿ ਸਾਡਾ ਮਕਸਦ ਆਰਥਿਕ ਰੁਕਾਵਟਾਂ ਨੂੰ ਦੂਰ ਕਰਕੇ, ਲੋੜਵੰਦਾਂ ਲਈ ਇਲਾਜ ਦੇ ਦਰਵਾਜ਼ੇ ਖੋਲ੍ਹਣਾ ਹੈ, ਜਿਨ੍ਹਾਂ ਨੂੰ ਲੋੜੀਂਦੀਆਂ ਡਾਕਟਰੀ ਪ੍ਰਕਿਰਿਆਵਾਂ ਦਾ ਖ਼ਰਚਾ ਚੁੱਕਣ ਵਿੱਚ ਅਸਮਰੱਥ ਹੋਣ ਕਾਰਨ ਚੁੱਪਚਾਪ ਤਕਲੀਫ਼ ਸਹਿਣੀ ਪੈ ਸਕਦੀ ਸੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਤਹਿਤ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਦੇ ਇਲਾਜ ਨਾਲ ਸਬੰਧਤ ਸਾਰੇ ਖ਼ਰਚੇ ਦੋਵਾਂ ਸੰਸਥਾਵਾਂ ਵੱਲੋਂ ਚੁੱਕੇ ਗਏ। ਇਨ੍ਹਾਂ ਵਿੱਚ ਸਰਜਰੀ ਦਾ ਖ਼ਰਚਾ, ਗੋਡੇ ਬਦਲਣ ਲਈ ਵਰਤੇ ਜਾਣ ਵਾਲੇ ਇੰਪਲਾਂਟ, ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਇੱਕ ਮਹੀਨੇ ਤੱਕ ਦੀਆਂ ਦਵਾਈਆਂ ਅਤੇ ਮਰੀਜ਼ਾਂ ਨੂੰ ਚੱਲਣ-ਫਿਰਨ ਅਤੇ ਮੁੜ-ਵਸੇਬੇ ਵਿੱਚ ਸਹਾਇਤਾ ਦੇਣ ਲਈ ਵਾਕਰ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਗੋਡੇ ਬਦਲਣ ਦੀਆਂ ਸਰਜਰੀਆਂ ਲਈ ਜ਼ਿਮਰ ਬਾਇਓਮੈਟ ਦੇ ਇੰਪਲਾਂਟ ਦੀ ਵਰਤੋਂ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਦੀ ਸਫ਼ਲਤਾ ਲਈ ਅਮਰੀਕਾ ਤੋਂ ਅਪਰੇਸ਼ਨ ਵਾਕ ਮਿਡ ਐਟਲਾਂਟਿਕ ਦਾ 49 ਮੈਂਬਰੀ ਵਫ਼ਦ, ਜਿਸ ਵਿੱਚ ਡਾਕਟਰ, ਨਰਸਾਂ, ਫਿਜ਼ੀਕਲ ਥੈਰੇਪਿਸਟ ਅਤੇ ਵਲੰਟੀਅਰ ਸ਼ਾਮਲ ਸਨ, ਇੱਥੇ ਆਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਵਿੱਚ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਮੈਡੀਕਲ ਮਾਹਿਰਾਂ, ਖ਼ਾਸ ਕਰਕੇ ਆਰਥੋਪੀਡਿਕਸ ਅਤੇ ਐਨੇਸਥੀਜ਼ੀਓਲੋਜੀ ਵਿਭਾਗਾਂ ਦੇ ਮਾਹਿਰਾਂ ਦੇ ਤਾਲਮੇਲ ਨੇ ਮਰੀਜ਼ਾਂ ਨੂੰ ਪ੍ਰਭਾਵਸ਼ਾਲੀ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਦੋਵਾਂ ਵਿਭਾਗਾਂ ਦੇ ਫੈਕਲਟੀ ਮੈਂਬਰਾਂ, ਮੈਡੀਕਲ ਮਾਹਿਰਾਂ ਅਤੇ ਸਹਾਇਕ ਸਟਾਫ਼ ਨੇ ਆਏ ਹੋਏ ਵਫ਼ਦ ਨਾਲ ਮਿਲ ਕੇ ਪੂਰੀ ਲਗਨ ਅਤੇ ਤਾਲਮੇਲ ਨਾਲ ਕੰਮ ਕੀਤਾ। ਉਨ੍ਹਾਂ ਦੇ ਯੋਗਦਾਨ ਸਦਕਾ ਸਾਰੀਆਂ ਸਰਜਰੀਆਂ ਨੂੰ ਸਫ਼ਲਤਾਪੂਰਵਕ ਸੰਪੰਨ ਕਰਨ ਵਿੱਚ ਮਹੱਤਵਪੂਰਨ ਸਹਾਇਤਾ ਮਿਲੀ।

ਇਸ ਮੌਕੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਡੀਨ ਡਾ. ਏ. ਪੀ. ਸਿੰਘ ਨੇ ਦੱਸਿਆ ਕਿ ਸਿੱਖਾਂ ਦੀ ਇਸ ਮੈਡੀਕਲ ਸੰਸਥਾ ਵਿੱਚ ਅਮਰੀਕਾ ਦੀ ਇਸ ਸੰਸਥਾ ਦੇ ਸਹਿਯੋਗ ਨਾਲ ਬੀਤੇ ਸਾਲ ਵੀ 39 ਲੋੜਵੰਦ ਮਰੀਜ਼ਾਂ ਦੇ ਮੁਫ਼ਤ ਆਪਰੇਸ਼ਨ ਕੀਤੇ ਗਏ ਸਨ, ਅਤੇ ਇਸ ਸਾਲ 53 ਮਰੀਜ਼ਾਂ ਦਾ ਸਫ਼ਲ ਇਲਾਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਮਨੁੱਖਤਾ ਦੀ ਸੇਵਾ ਅਤੇ ਸੰਸਥਾਗਤ ਸਹਿਯੋਗ ਪ੍ਰਤੀ ਸੰਸਥਾ ਦੀ ਵਚਨਬੱਧਤਾ ਦਾ ਪ੍ਰਗਟਾਵਾ ਹੈ। ਇਹ ਦਰਸਾਉਂਦਾ ਹੈ ਕਿ ਵੱਖ-ਵੱਖ ਸੰਸਥਾਵਾਂ ਵਿਚਕਾਰ ਸਹਿਯੋਗ ਰਾਹੀਂ ਮਹਿੰਗੇ ਇਲਾਜ ਦੇ ਚਲਦਿਆਂ ਆਰਥਿਕ ਤੌਰ ’ਤੇ ਕਮਜ਼ੋਰ ਮਰੀਜ਼ਾਂ ਨੂੰ ਜ਼ਰੂਰੀ ਇਲਾਜ ਦੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਪਰਿਵਰਤਨਕਾਰੀ ਹੱਲ ਕਿਵੇਂ ਲਿਆਂਦੇ ਜਾ ਸਕਦੇ ਹਨ। ਅੱਜ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿਖੇ ਅਮਰੀਕਾ ਤੋਂ ਆਏ ਡਾਕਟਰਾਂ ਦੇ ਵਫ਼ਦ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਡੀਨ ਡਾ. ਏ. ਪੀ. ਸਿੰਘ, ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਉੱਪਲ, ਡਾ. ਰਾਜ ਕੁਮਾਰ, ਆਪਰੇਸ਼ਨ ਵਾਕ ਮਿਡ ਐਟਲਾਂਟਿਕ ਦੇ ਡਾ. ਹਰਪਾਲ ਖਨੂਜਾ, ਮਾਰੀਆ, ਡਾ. ਦਲਜੀਤ, ਡਾ. ਸੀਮਾ, ਡਾ. ਵਿਵੇਕ ਸੂਦ, ਡਾ. ਪਰਮਜੋਤ ਬਿੰਦਰਾ ਸਮੇਤ ਹੋਰ ਮੌਜੂਦ ਸਨ|

Related posts

ਪੁਰਾਤਨ ਸਾਮਾਨ ਸਾਂਭੀ ਬੈਠਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਅਜਾਇਬ ਘਰ, ਜਿਸ ਨੂੰ ਦੇਖ ਕੇ ਅੱਜ ਦੀ ਨੌਜਵਾਨ ਪੀੜ੍ਹੀ ਰਹਿ ਜਾਂਦੀ ਹੈ ਹੈਰਾਨ

On Punjab

ਸਰੀ ਦੇ ਨਾਲ ਲਗਦੇ ਸ਼ਹਿਰ ਡੈਲਟਾ ਦੇ ਸ਼ੌਪਿੰਗ ਮਾਲ ‘ਚ ਚੱਲੀ ਗੋਲ਼ੀ, ਇੱਕ ਦੀ ਮੌਤ

On Punjab

ਰਾਜੋਆਣਾ ਮਸਲੇ ‘ਤੇ ਧਾਮੀ ਦੀ ਅਗਵਾਈ ਹੇਠਾਂ ਵਿਦਵਾਨਾਂ ਤੇ ਆਗੂਆਂ ਦੀ ਮੀਟਿੰਗ

On Punjab