60.84 F
New York, US
October 29, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੌਜਪੁਰ ਮੈਟਰੋ ਸਟੇਸ਼ਨ ਨੇੜਿਓਂ ਪੈਰਾ-ਅਥਲੀਟ ਦੀ ਭੇਤਭਰੇ ਹਾਲਤ ’ਚ ਲਾਸ਼ ਬਰਾਮਦ; ਪੁਲੀਸ ਵੱਲੋਂ ਜਾਂਚ ਸ਼ੁਰੂ

ਨਵੀਂ ਦਿੱਲੀ-  ਹਰਿਆਣਾ ਦੇ ਸੋਨੀਪਤ ਵਿੱਚ ਇੱਕ ਔਨਲਾਈਨ ਸਪੋਰਟਸ ਅਕੈਡਮੀ ਚਲਾਉਣ ਵਾਲੇ ਇੱਕ ਪੈਰਾ-ਅਥਲੀਟ ਦੀ ਮੰਗਲਵਾਰ ਰਾਤ ਉੱਤਰ-ਪੂਰਬੀ ਦਿੱਲੀ ਦੇ ਮੌਜਪੁਰ ਮੈਟਰੋ ਸਟੇਸ਼ਨ ਨੇੜੇ ਆਪਣੀ ਕਾਰ ਕੋਲੋਂ ਸ਼ੱਕੀ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਹੈ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਬੁੱਧਵਾਰ ਨੂੰ ਘਟਨਾ ਦੀ ਪੁਸ਼ਟੀ ਕਰਦਿਆਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਨੀਰਜ ਯਾਦਵ ਵਜੋਂ ਹੋਈ ਹੈ, ਜਿਸ ਨੂੰ ਅੱਧੀ ਰਾਤ ਦੇ ਕਰੀਬ ਜੀ.ਟੀ.ਬੀ. (ਗੁਰੂ ਤੇਗ਼ ਬਹਾਦਰ) ਹਸਪਤਾਲ ਦੇ ਐਮਰਜੈਂਸੀ ਵਿਭਾਗ ਲਿਆਂਦਾ ਗਿਆ ਸੀ। ਦਿੱਲੀ ਪੁਲੀਸ ਮੁਤਾਬਕ, ਜਾਫ਼ਰਾਬਾਦ ਥਾਣੇ ਨੂੰ ਰਾਤ ਕਰੀਬ 12:08 ਵਜੇ ਇਸ ਘਟਨਾ ਸਬੰਧੀ ਸੂਚਨਾ ਮਿਲੀ ਸੀ।

ਮੁੱਢਲੀ ਪੜਤਾਲ ਦੌਰਾਨ ਯਾਦਵ ਨੂੰ ਹਸਪਤਾਲ ਪਹੁੰਚਾਉਣ ਵਾਲੀ ਇੱਕ ਮਹਿਲਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਨੀਰਜ ਨਾਲ ਦਸੰਬਰ 2025 ਤੋਂ ਦੋਸਤੀ ਸੀ। ਉਸ ਨੇ ਦੱਸਿਆ ਕਿ ਉਹ 27 ਅਕਤੂਬਰ ਨੂੰ ਸੋਨੀਪਤ ਵਿਖੇ ਨੀਰਜ ਨੂੰ ਇਹ ਕਹਿਣ ਗਈ ਸੀ ਕਿ ਉਹ ਹੁਣ ਉਸ ਨਾਲ ਹੋਰ ਸੰਪਰਕ ਨਹੀਂ ਰੱਖ ਸਕਦੀ। ਇਸ ਮਗਰੋਂ ਨੀਰਜ ਆਪਣੀ ਸਕਾਰਪੀਓ-ਐੱਨ ਕਾਰ ਰਾਹੀਂ ਉਸ ਨੂੰ ਦਿੱਲੀ ਦੇ ਮੌਜਪੁਰ ਛੱਡਣ ਆਇਆ ਸੀ। ਮਹਿਲਾ ਮੁਤਾਬਕ, ਰਾਤ ਕਰੀਬ 9 ਵਜੇ ਕਿਸੇ ਸ਼ੱਕ ਦੇ ਆਧਾਰ ’ਤੇ ਉਹ ਦੁਬਾਰਾ ਮੌਜਪੁਰ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਪੁੱਜੀ ਤਾਂ ਉਸ ਨੇ ਨੀਰਜ ਨੂੰ ਸੜਕ ਕਿਨਾਰੇ ਆਪਣੀ ਕਾਰ ਕੋਲ ਬੇਸੁੱਧ ਪਏ ਦੇਖਿਆ। ਉਹ ਤੁਰੰਤ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਈ, ਪਰ ਡਾਕਟਰਾਂ ਨੇ ਜਾਂਚ ਉਪਰੰਤ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਨੀਰਜ ਯਾਦਵ ਇੱਕ ਪੈਰਾ-ਅਥਲੀਟ ਸੀ ਅਤੇ ਉਹ ਸੋਨੀਪਤ ਵਿੱਚ ‘ਅੰਸ਼ਨੀਰ ਸਪੋਰਟਸ ਅਕੈਡਮੀ’ ਨਾਂ ਹੇਠ ਔਨਲਾਈਨ ਖੇਡ ਅਕੈਡਮੀ ਚਲਾਉਂਦਾ ਸੀ। ਉਹ ਵਿਆਹਿਆ ਹੋਇਆ ਸੀ ਅਤੇ ਆਪਣੇ ਪਿੱਛੇ ਪਤਨੀ ਤੇ ਤਿੰਨ ਸਾਲਾਂ ਦੀ ਧੀ ਛੱਡ ਗਿਆ ਹੈ। ਪੁਲੀਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐੱਨ.ਐੱਸ.ਐੱਸ.) ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ|

Related posts

28 ਸਾਲਾ ਨੌਜਵਾਨ ਵੱਲੋਂ ਖੁਦਕੁਸ਼ੀ ਮਾਮਲੇ ਵਿੱਚ ਪਤਨੀ ਸਮੇਤ ਸਹੁਰੇ ਪਰਿਵਾਰ ’ਤੇ ਮਾਮਲਾ ਦਰਜ

On Punjab

ਕਾਂਗਰਸ ਹਾਈ ਕਮਾਂਡ ਵੱਲੋਂ ਰਾਜਾ ਵੜਿੰਗ ਅੱਜ ਦਿੱਲੀ ਤਲਬ

On Punjab

ਅਮਰੀਕਾ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ‘ਤੇ ਹਮਲਾ

On Punjab