ਚੰਡੀਗੜ੍ਹ- ਗਾਇਕ ਗੁਲਾਬ ਸਿੱਧੂ ਦੇ ਘਰ ਉੱਤੇ ਫਾਇਰਿੰਗ ਕਰਨ ਵਾਲੇ ਗਰੋਹ ਦੇ ਮੈਂਬਰਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ। ਦੱਸ ਦਈਏ ਕਿ ਡੀ.ਆਈ.ਜੀ. ਪਟਿਆਲਾ ਰੇਂਜ ਦੀ ਅਗਵਾਈ ਅਤੇ ਐੱਸ.ਐੱਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ਼ ਮਲਿਕ ਦੇ ਆਦੇਸ਼ਾਂ ਅਨੁਸਾਰ ਪੁਲੀਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਮੁਕਾਬਲੇ ਤੋਂ ਬਾਅਦ ਗਰੋਹ ਦੇ ਮੈਂਬਰਾਂ ਨੂੰ ਅਸਲੇ ਅਤੇ ਗੱਡੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸ ਮੌਕੇ ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਲੰਘੀ 12-13 ਸਤੰਬਰ 2026 ਦੀ ਦਰਮਿਆਨੀ ਰਾਤ ਨੂੰ ਪਿੰਡ ਛਾਨਣੀ ਵਿਖੇ ਗਾਇਕ ਗੁਲਾਬ ਸਿੱਧੂ ਦੇ ਘਰ ਦੇ ਮੇਨ ਗੇਟ ’ਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਇਸ ਘਟਨਾ ਦੀ ਜ਼ਿੰਮੇਵਾਰੀ ਵਿਦੇਸ਼ ਬੈਠੇ ਅਪਰਾਧੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਲਈ ਗਈ ਸੀ। ਇਸ ਸਬੰਧੀ ਥਾਣਾ ਬਰਨਾਲਾ ਵਿਖੇ ਸੰਗੀਨ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਪੁਲੀਸ ਵੱਲੋਂ ਤਕਨੀਕੀ ਅਤੇ ਵਿਗਿਆਨਕ ਤਰੀਕਿਆਂ ਨਾਲ ਤਲਾਸ਼ੀ ਅਭਿਆਨ ਚਲਾਉਂਦੇ ਹੋਏ 21 ਸਤੰਬਰ 2026 ਨੂੰ ਚਾਰ ਮੁਲਜ਼ਮਾਂ—ਗੁਰਵਿੰਦਰ ਸਿੰਘ ਉਰਫ਼ ਸ਼ਕਤੀਮਾਨ ਉਰਫ਼ ਸਨੀ ਦਿਓਲ (ਵਾਸੀ ਗਾਗਾ, ਸੰਗਰੂਰ), ਗੁਰਪ੍ਰੀਤ ਸਿੰਘ ਉਰਫ਼ ਬਾਣਾ (ਵਾਸੀ ਲਹਿਰਾਗਾਗਾ, ਸੰਗਰੂਰ), ਰਮਨਪ੍ਰੀਤ ਸਿੰਘ (ਵਾਸੀ ਰਾਮਗੜ੍ਹ ਸੰਧੂਆਂ, ਸੰਗਰੂਰ) ਅਤੇ ਗੌਰਵ ਸ਼ਰਮਾ ਉਰਫ਼ ਕ੍ਰਿਸ਼ਨ ਕੁਮਾਰ (ਵਾਸੀ ਲਹਿਰਾ, ਸੰਗਰੂਰ)—ਨੂੰ ਗ੍ਰਿਫ਼ਤਾਰ ਕੀਤਾ ਗਿਆ। 22 ਸਤੰਬਰ 2026 ਨੂੰ ਜਦੋਂ ਪੁਲੀਸ ਟੀਮਾਂ ਨੇ ਮਾਨਸਾ ਸਾਈਡ ਤੋਂ ਆ ਰਹੇ ਇੱਕ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਸਵਾਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਘੇਰਾਬੰਦੀ ਕਰਨ ’ਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਨੇ ਪੁਲੀਸ ਟੀਮ ’ਤੇ ਫਾਇਰਿੰਗ ਕਰ ਦਿੱਤੀ ਅਤੇ ਗੋਲੀ ਪੁਲੀਸ ਦੀ ਗੱਡੀ ’ਤੇ ਲੱਗੀ।
ਪੁਲੀਸ ਵੱਲੋਂ ਜਵਾਬੀ ਕਾਰਵਾਈ ਵਿੱਚ ਚਲਾਈ ਗੋਲੀ ਨਾਲ ਇੱਕ ਮੁਲਜ਼ਮ (ਗੁਰਵਿੰਦਰ ਸਿੰਘ) ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਅਤੇ ਦੂਜਾ ਮੁਲਜ਼ਮ (ਗੁਰਪਿਆਰ ਸਿੰਘ) ਮੋਟਰਸਾਈਕਲ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ। ਦੋਹਾਂ ਨੂੰ ਹਿਰਾਸਤ ਵਿੱਚ ਲੈ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਇਸ ਪੂਰੇ ਅਪਰੇਸ਼ਨ ਦੌਰਾਨ 3 ਪਿਸਟਲ ਮੈਗਜ਼ੀਨ ਸਮੇਤ (2 ਦੇਸੀ, 1 .30 ਬੋਰ), 10 ਜ਼ਿੰਦਾ ਕਾਰਤੂਸ, 5 ਖੋਲ ਕਾਰਤੂਸ, 1 ਅਰਟਿਗਾ ਕਾਰ ਅਤੇ 2 ਬਿਨਾਂ ਨੰਬਰ ਵਾਲੇ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀਆਂ ਅਨੁਸਾਰ ਫੜੇ ਗਏ ਮੁਲਜ਼ਮਾਂ ਦਾ ਸਬੰਧ ਵਿਦੇਸ਼ ਬੈਠੇ ਅਪਰਾਧੀਆਂ ਨਾਲ ਹੈ ਅਤੇ ਇਹ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ। ਮੁਲਜ਼ਮਾਂ ਦਾ ਅਦਾਲਤ ਪਾਸੋਂ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

