ਵੈਨਕੂਵਰ- ਸੰਗੀਨ ਅਪਰਾਧਿਕ ਮਾਮਲੇ ਵਿੱਚ ਨਾਮਜ਼ਦ ਅਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਅਮਰਜੀਤ ਚਾਵਲਾ ਦੇ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਦੇਖੇ ਜਾਣ ਦਾ ਦਾਅਵਾ ਕੀਤਾ ਜਾ ਰਹਾ ਹੈ। ਜਬਰ-ਜਨਾਹ ਦੇ ਗੰਭੀਰ ਦੋਸ਼ਾਂ ਹੇਠ ਘਿਰੇ ਚਾਵਲਾ ਦੇ ਵਿਦੇਸ਼ ‘ਚ ਹੋਣ ਅਤੇ ਆਪਣੀ ਪਛਾਣ ਲੁਕਾ ਕੇ ਭੇਸ ਬਦਲ ਕੇ ਘੁੰਮਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਨੇ ਇੱਕ ਵਾਰ ਫਿਰ ਤੂਲ ਫੜ ਲਿਆ ਹੈ। ਇਸ ਸਬੰਧੀ ਸੋਸ਼ਲ ਮੀਡੀਆ ਅਤੇ ਸਥਾਨਕ ਚਰਚਾਵਾਂ ਦਾ ਬਾਜ਼ਾਰ ਕਾਫ਼ੀ ਗਰਮ ਹੋ ਗਿਆ ਹੈ।
ਸੂਤਰਾਂ ਅਤੇ ਪ੍ਰਤੱਖਦਰਸ਼ੀਆਂ ਦੇ ਹਵਾਲੇ ਨਾਲ ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ ਅਮਰਜੀਤ ਚਾਵਲਾ ਨੂੰ ਸਰੀ ਦੇ ਇੱਕ ਜਨਤਕ ਸਥਾਨ ‘ਤੇ ਦੇਖਿਆ ਗਿਆ ਹੈ, ਜਿੱਥੇ ਉਹ ਆਪਣੀ ਪਛਾਣ ਲੁਕਾਉਣ ਲਈ ਬਦਲੇ ਹੋਏ ਹੁਲੀਏ ਵਿੱਚ ਨਜ਼ਰ ਆਏ। ਦੱਸਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਕਾਨੂੰਨੀ ਸ਼ਿਕੰਜਾ ਕੱਸਣ ਤੋਂ ਬਾਅਦ ਉਹ ਜਾਂਚ ਏਜੰਸੀਆਂ ਦੀ ਪਹੁੰਚ ਤੋਂ ਬਚਣ ਲਈ ਵਿਦੇਸ਼ ਫਰਾਰ ਹੋ ਗਏ ਸਨ। ਇਸ ਨਵੀਂ ਜਾਣਕਾਰੀ ਤੋਂ ਬਾਅਦ ਪੀੜਤ ਪੱਖ ਅਤੇ ਆਮ ਲੋਕਾਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਦੂਜੇ ਪਾਸੇ, ਇਸ ਘਟਨਾਕ੍ਰਮ ਤੋਂ ਬਾਅਦ ਸਬੰਧਤ ਪੁਲਿਸ ਅਤੇ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਪੁਸ਼ਟੀ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ। ਕਾਨੂੰਨੀ ਮਾਹਰਾਂ ਅਨੁਸਾਰ ਜੇਕਰ ਦੋਸ਼ੀ ਦੇ ਵਿਦੇਸ਼ ਵਿੱਚ ਹੋਣ ਦੀ ਅਧਿਕਾਰਤ ਪੁਸ਼ਟੀ ਹੋ ਜਾਂਦੀ ਹੈ, ਤਾਂ ਭਾਰਤੀ ਪ੍ਰਸ਼ਾਸਨ ਵੱਲੋਂ ਅੰਤਰਰਾਸ਼ਟਰੀ ਏਜੰਸੀਆਂ ਅਤੇ ਰੈੱਡ ਕਾਰਨਰ ਨੋਟਿਸ ਰਾਹੀਂ ਉਸ ਨੂੰ ਵਾਪਸ ਲਿਆਉਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ।

