78.62 F
New York, US
September 11, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਦਾਲਤੀ ਹੁਕਮਾਂ ਦੀਆਂ ਧੱਜੀਆਂ ਉਡਾ ਰਿਹੈ PUDA; ਛੇ ਮਹੀਨੇ ਬਾਅਦ ਵੀ 15 ਕੀਲਿਆਂ ਦੀ ਜ਼ਮੀਨ ਦੀ ਨਹੀਂ ਕੀਤੀ ਚਾਰਦੀਵਾਰੀ

ਸ੍ਰੀ ਮੁਕਤਸਰ ਸਾਹਿਬ-   ਸ੍ਰੀ ਮੁਕਤਸਰ ਸਾਹਿਬ ਵਿਖੇ ਕੋਟਕਪੂਰਾ ਰੋਡ ਉੱਪਰ ਬਣੀ ਸਬ-ਜੇਲ੍ਹ ਬਦਲ ਕੇ ਪਿੰਡ ਬੂੜਾ ਗੁੱਜਰ ਵਿਖੇ ਚਲੀ ਜਾਣ ਕਰਕੇ ਪੰਜਾਬ ਸਰਕਾਰ ਨੇ ਸਬ-ਜੇਲ੍ਹ ਵਾਲੀ ਕਰੀਬ 15 ਕੀਲੇ ਜ਼ਮੀਨ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਨੂੰ ਅਲਾਟ ਕਰ ਦਿੱਤੀ ਸੀ। ਹੁਣ ਕਰੀਬ ਇੱਕ ਦਹਾਕੇ ਤੋਂ ਇਹ ਜ਼ਮੀਨ ਖ਼ਾਲੀ ਪਈ ਹੈ। ਇਸ ਵਿੱਚ ਕੂੜੇ ਅਤੇ ਮਲਬੇ ਦੇ ਢੇਰ ਲੱਗੇ ਹਨ। ਆਵਾਰਾ ਪਸ਼ੂਆਂ ਦੀ ਟਿਕਾਣਾ ਬਣੀ ਹੋਈ ਹੈ ਅਤੇ ਪਾਣੀ ਖੜ੍ਹਾ ਰਹਿੰਦਾ ਹੈ। ਇਸ ਕਰਕੇ ਗੰਦਾ ਮੁਸ਼ਕ ਚਾਰੇ ਪਾਸੇ ਫੈਲਿਆ ਰਹਿੰਦਾ ਹੈ।

ਮੁੱਖ ਸੜਕ ਕੋਟਕਪੂਰਾ ਰੋਡ ਉੱਪਰ ਰਕਬਾ ਹੋਣ ਕਰਕੇ ਹਰ ਵੇਲੇ ਆਵਾਰਾ ਪਸ਼ੂ ਸੜਕ ਉੱਪਰ ਆਉਂਦੇ ਰਹਿੰਦੇ ਹਨ, ਜਿਸ ਕਰਕੇ ਐਕਸੀਡੈਂਟਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਦੇ ਬਿਲਕੁਲ ਨਾਲ ਹਸਪਤਾਲ ਅਤੇ ਸੰਘਣੀ ਰਿਹਾਇਸ਼ੀ ਆਬਾਦੀ ਹੈ, ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਹੈ। ਬਿਮਾਰੀਆਂ ਫੈਲਣ ਤੇ ਆਵਾਰਾ ਪਸ਼ੂਆਂ ਵੱਲੋਂ ਸੱਟਾਂ ਮਾਰਨ ਦਾ ਖ਼ਤਰਾ ਹੈ। ਲੋਕਾਂ ਦੇ ਵਾਰ-ਵਾਰ ਕਹਿਣ ’ਤੇ ਵੀ ਪੁੱਡਾ (PUDA) ਨੇ ਇਸ ਜ਼ਮੀਨ ਦੀ ਸੰਭਾਲ ਨਹੀਂ ਕੀਤੀ, ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਦੇਵ ਸਿੰਘ ਸਿਵੀਆ ਦੇ ਸਪੁੱਤਰ ਡਾ. ਕੰਵਰਜੀਤ ਸਿੰਘ ਸਿਵੀਆ ਵੱਲੋਂ ਪਰਮਾਨੈਂਟ ਲੋਕ ਅਦਾਲਤ ਵਿੱਚ ਪੁੱਡਾ (PUDA) ਵਿਰੁੱਧ 26 ਅਪਰੈਲ 2022 ਨੂੰ ਪਟੀਸ਼ਨ ਦਾਇਰ ਕੀਤੀ ਗਈ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸਿਵੀਆ ਅਤੇ ਐਡਵੋਕੇਟ ਸੁਖਮੰਦਰ ਸਿੰਘ ਥਾਂਦੇਵਾਲਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਅਦਾਲਤ ਦੇ ਚੇਅਰਮੈਨ ਚਰਨਜੀਤ ਅਰੋੜਾ ਅਤੇ ਮੈਂਬਰ ਤੇਜਿੰਦਰ ਕੌਰ ਧਾਲੀਵਾਲ ਤੇ ਵੀਰਪਾਲ ਕੌਰ ਨੇ 28 ਜਨਵਰੀ 2026 ਨੂੰ ਪੁੱਡਾ (PUDA) ਨੂੰ ਹੁਕਮ ਦਿੱਤਾ ਸੀ ਕਿ ਤਿੰਨ ਮਹੀਨਿਆਂ ਦੇ ਅੰਦਰ-ਅੰਦਰ 120 ਕਨਾਲ 3 ਮਰਲੇ ਜਗ੍ਹਾ ਦੀ ਚਾਰਦੀਵਾਰੀ ਕਰਕੇ ਕਵਰ ਕੀਤਾ ਜਾਵੇ ਅਤੇ ਕੂੜਾ ਸੁੱਟਣ ਦੀ ਥਾਂ ਬਣਨ ਤੋਂ ਰੋਕਿਆ ਜਾਵੇ। ਐਡਵੋਕੇਟ ਸੁਖਮੰਦਰ ਸਿੰਘ ਥਾਂਦੇਵਾਲਾ ਨੇ ਦੱਸਿਆ ਕਿ ਪੁੱਡਾ ਨੇ ਛੇ ਮਹੀਨੇ ਬੀਤਣ ਦੇ ਬਾਵਜੂਦ ਵੀ ਚਾਰਦੀਵਾਰੀ ਨਹੀਂ ਕੀਤੀ ਜੋ ਕਿ ਅਦਾਲਤੀ ਹੁਕਮਾਂ ਦੀ ਉਲੰਘਣਾ ਹੈ, ਜਿਸ ਦੇ ਖ਼ਿਲਾਫ਼ ਉਹ ਕਾਨੂੰਨੀ ਚਾਰਾਜੋਈ ਕਰਨਗੇ।

ਇਸ ਦੌਰਾਨ ਪੁੱਡਾ ਦੇ ਉਪ ਮੰਡਲ ਅਫ਼ਸਰ ਖ਼ੁਸ਼ਦੀਪ ਸਿੰਘ ਨੇ ਦੱਸਿਆ ਕਿ ਪੁੱਡਾ ਕੋਲ ਕੋਟਕਪੂਰਾ ਰੋਡ ਉੱਪਰ ਸਥਿਤ 120 ਕਨਾਲ 3 ਮਰਲੇ ਜਗ੍ਹਾ ਮੌਜੂਦ ਹੈ, ਜਿਸ ਉੱਪਰ ਕਮਰਸ਼ੀਅਲ ਕੰਪਲੈਕਸ ਬਣਾਉਣ ਦੀ ਯੋਜਨਾ ਹੈ। ਇਸ ਲਈ ਜੇਕਰ ਚਾਰਦੀਵਾਰੀ ਕੀਤੀ ਤਾਂ ਇਹ ਪੈਸਾ ਬਰਬਾਦ ਜਾਵੇਗਾ। ਇਸ ਲਈ ਉਹ ਇਸ ਫ਼ੈਸਲੇ ਸਬੰਧੀ ਉਚੇਰੀ ਅਦਾਲਤ ’ਚ ਚਾਰਾਜੋਈ ਕਰਨਗੇ। ਪਰ ਇਹ ਚਾਰਾਜੋਈ ਸ਼ੁਰੂ ਕੀਤੀ ਹੈ ਜਾਂ ਨਹੀਂ ਅਤੇ ਕਮਰਸ਼ੀਅਲ ਕੰਪਲੈਕਸ ਕਦੋਂ ਬਣੇਗਾ, ਇਸ ਸਬੰਧੀ ਉਨ੍ਹਾਂ ਕੁੱਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ।

Related posts

India vs Canada: ਨਿੱਝਰ ਦੇ ਕਤਲ ਪਿੱਛੇ ਜੁੜਿਆ ਭਾਰਤ ਦਾ ਨਾਂਅ, ਦੋਵਾਂ ਦੇਸ਼ਾਂ ਵਿਚਾਲੇ ਛਿੜੀ ‘ਸ਼ਬਦੀ ਜੰਗ’, ਜਾਣੋ ਹੁਣ ਤੱਕ ਕੀ ਹੋਇਆ

On Punjab

ਭਾਰਤ ਨੇ ਮਿਲਾਇਆ ਰੂਸ ਨਾਲ ਹੱਥ, ਅਮਰੀਕਾ ਨੇ ਦਿੱਤੀ ਧਮਕੀ

On Punjab

ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਮਾਨ ਤੋਂ ਸੁਰੱਖਿਆ ਮੰਗੀ, ਚੁੱਪੀ ’ਤੇ ਚੁੱਕੇ ਸਵਾਲ

On Punjab