48.02 F
New York, US
October 18, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

CCTV ਕੈਮਰੇ ਲਗਾਉਣ ਵਾਲਾ ਨੌਜਵਾਨ ਗ੍ਰਿਫ਼ਤਾਰ; ਹੋਟਲ ਦੇ ਕਮਰੇ ‘ਚ ਗੁਪਤ ਕੈਮਰਾ ਲਗਾ ਕੇ ਨਿਗਰਾਨੀ ਕਰਨ ਦੇ ਲੱਗੇ ਦੋਸ਼

ਸ੍ਰੀ ਆਨੰਦਪੁਰ ਸਾਹਿਬ- ਸ੍ਰੀ ਆਨੰਦਪੁਰ ਸਾਹਿਬ ਪੁਲੀਸ ਨੇ ਸੀ ਸੀ ਟੀ ਵੀ ਕੈਮਰੇ ਲਗਾਉਣ ਦਾ ਕੰਮ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ‘ਤੇ ਹੋਟਲ ਦੇ ਕਮਰੇ ਵਿੱਚ ਗੁਪਤ ਤਰੀਕੇ ਨਾਲ ਕੈਮਰੇ ਲਗਾ ਕੇ ਲੋਕਾਂ ਦੀਆਂ ਨਿੱਜੀ ਗਤੀਵਿਧੀਆਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਨੂੰ ਰਿਕਾਰਡ ਕਰਨ ਦੇ ਦੋਸ਼ ਹਨ। ਪੁਲੀਸ ਮੁਤਾਬਕ ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਹੈਰੀ, ਪੁੱਤਰ ਜਸਵੰਤ ਸਿੰਘ, ਵਾਸੀ ਮੁਹੱਲਾ ਅਨੰਦਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਵਜੋਂ ਹੋਈ ਹੈ। ਉਹ ਹੋਟਲਾਂ ਅਤੇ ਘਰਾਂ ਵਿੱਚ ਸੀ ਸੀ ਟੀ ਵੀ ਕੈਮਰੇ ਲਗਾਉਣ ਦਾ ਕੰਮ ਕਰਦਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਇੱਕ ਹੋਟਲ ਦੇ ਕਮਰੇ ਵਿੱਚ ਗੁਪਤ ਕੈਮਰਾ ਲਗਾ ਦਿੱਤਾ ਸੀ, ਜਿਸ ਰਾਹੀਂ ਉਹ ਕਮਰੇ ਵਿੱਚ ਹੋਣ ਵਾਲੀ ਹਰ ਗਤੀਵਿਧੀ ਨੂੰ ਆਪਣੇ ਕੋਲ ਹੀ ਲਾਈਵ ਦੇਖ ਅਤੇ ਰਿਕਾਰਡ ਕਰ ਸਕਦਾ ਸੀ। ਪੁਲੀਸ ਨੂੰ ਇਸ ਸਬੰਧੀ ਸੂਚਨਾ ਮਿਲਣ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ ਇਲੈਕਟ੍ਰਾਨਿਕ ਡਾਟਾ ਤੇ ਹੋਰ ਡਿਜ਼ੀਟਲ ਸਬੂਤ ਕਬਜ਼ੇ ਵਿੱਚ ਲਏ ਗਏ ਹਨ।

ਮੁੱਢਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜਿੱਥੇ-ਜਿੱਥੇ ਉਸ ਵੱਲੋਂ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਸਨ, ਉਨ੍ਹਾਂ ਦਾ ਕੰਟਰੋਲ ਵੀ ਉਸ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਇਸ ਰਾਹੀਂ ਉਹ ਲੋਕਾਂ ਦੀਆਂ ਨਿੱਜੀ ਗਤੀਵਿਧੀਆਂ ਨੂੰ ਦੇਖਦਾ ਅਤੇ ਰਿਕਾਰਡ ਕਰਦਾ ਸੀ। ਪੁਲੀਸ ਅਨੁਸਾਰ ਮੁਲਜ਼ਮ ਕੋਲੋਂ ਇੱਕ ਹੋਟਲ ਦੇ ਕਮਰੇ ਦੀ ਸੀ ਸੀ ਟੀ ਵੀ ਫੁਟੇਜ ਵੀ ਬਰਾਮਦ ਹੋਈ ਹੈ, ਜਿਸ ਵਿੱਚ ਇੱਕ ਜੋੜਾ ਨਿੱਜੀ ਪਲ ਬਿਤਾਉਂਦਾ ਦਿਖਾਈ ਦਿੰਦਾ ਹੈ। ਪੁਲੀਸ ਨੇ ਇਸ ਫੁਟੇਜ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਹੈ। ਡੀ ਐੱਸ ਪੀ ਜਸ਼ਨਦੀਪ ਸਿੰਘ ਮਾਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ 14 ਜੁਲਾਈ ਨੂੰ ਐੱਫ਼ ਆਈ ਆਰ ਦਰਜ ਕਰਕੇ ਮੁਲਜ਼ਮ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬਾਅਦ ਵਿੱਚ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਪੁਲੀਸ ਨੂੰ ਦੋ ਦਿਨ ਦਾ ਰਿਮਾਂਡ ਮਿਲਿਆ। ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ।

ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਸੂਚਨਾ ਤਕਨਾਲੋਜੀ (ਆਈ ਟੀ ) ਐਕਟ, ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀ ਧਾਰਾ 77 ਅਤੇ ਧਾਰਾ 316(2) ਸਮੇਤ ਹੋਰ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਡੀ ਐੱਸ ਪੀ ਜਸ਼ਨਦੀਪ ਸਿੰਘ ਮਾਨ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਹੋਰ ਕਿੰਨੀਆਂ ਥਾਵਾਂ ‘ਤੇ ਇਸ ਤਰ੍ਹਾਂ ਗੁਪਤ ਨਿਗਰਾਨੀ ਕੀਤੀ ਸੀ। ਪੁਲੀਸ ਵੱਲੋਂ ਡਿਜ਼ੀਟਲ ਸਬੂਤਾਂ ਦੀ ਫੋਰੈਂਸਿਕ ਜਾਂਚ ਵੀ ਕਰਵਾਈ ਜਾ ਰਹੀ ਹੈ।

ਹੋਟਲ ਮਾਲਕਾਂ ਵਿੱਚ ਡਰ- ਉਕਤ ਘਟਨਾ ਸਬੰਧੀ ਜਦੋਂ ਕੁਝ ਸਥਾਨਕ ਹੋਟਲ ਮਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਆਖਿਆ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਡਰ ਸਤਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਉਨ੍ਹਾਂ ਦੇ ਹੋਟਲਾਂ ਵਿੱਚ ਵਿਸ਼ਵਾਸ ਨਾਲ ਰਹਿਣ ਲਈ ਆਉਂਦੇ ਹਨ ਤੇ ਉਹ ਵੀ ਹਮੇਸ਼ਾ ਆਪਣੇ ਗਾਹਕਾਂ ਨੂੰ ਘਰ ਵਰਗਾ ਮਾਹੌਲ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ, ਪ੍ਰੰਤੂ ਇਸ ਮਾਮਲੇ ਵਿੱਚ ਸ਼ਾਮਲ ਕਥਿਤ ਮੁਲਜ਼ਮ ਨੌਜਵਾਨ ਨੇ ਇੱਕ ਹੋਟਲ ਵਿੱਚ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਿ ਉਸ ਨਾਲ ਸਾਰੇ ਹੋਟਲ ਮਾਲਕ ਡਰ ਵਿੱਚ ਹਨ ਕਿ ਕਿਤੇ ਇਸ ਵਿਅਕਤੀ ਵੱਲੋਂ ਹੋਰ ਥਾਵਾਂ ‘ਤੇ ਵੀ ਅਜਿਹਾ ਕੰਮ ਤਾਂ ਨਹੀਂ ਕੀਤਾ ਗਿਆ। ਉਨ੍ਹਾਂ ਚਿੰਤਾ ਜਤਾਈ ਕਿ ਇਸ ਘਟਨਾ ਦਾ ਪ੍ਰਭਾਵ ਸ੍ਰੀ ਆਨੰਦਪੁਰ ਸਾਹਿਬ ਦੀ ਹੋਟਲ ਇੰਡਸਟਰੀ ‘ਤੇ ਪੈ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਗਲਤ ਵਿਅਕਤੀ ਖ਼ਿਲਾਫ਼ ਪੁਲੀਸ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

Related posts

ਸਭ ਤੋਂ ਮਹਿੰਗੇ ਚਲਾਨ ਦਾ ਨੈਸ਼ਨਲ ਰਿਕਾਰਡ, ਟਰੱਕ ਦਾ ਕੱਟਿਆ 1.41 ਲੱਖ ਦਾ ਚਲਾਨ

On Punjab

ਕੇਜਰੀਵਾਲ ਦੀ ਬਰਨਾਲਾ ਰੈਲੀ ਸਬੰਧੀ ਲੋਕਾਂ ‘ਚ ਭਾਰੀ ਉਤਸ਼ਾਹ : ਬਿਲਾਸਪੁਰ

Pritpal Kaur

Polyethylene ਦੀਆਂ ਫੈਕਟਰੀਆਂ ਜਲਦ ਹੋਣ ਗਈਆਂ ਬੰਦ

On Punjab