ਮੈਲਬੌਰਨ- ਭਾਰਤ ਅਤੇ ਆਸਟਰੇਲੀਆ ਵਿਚਾਲੇ ਯੂਰੇਨੀਅਮ ਦੀ ਸਪਲਾਈ ਨੂੰ ਲੈ ਕੇ ਇਤਿਹਾਸਕ ਸਮਝੌਤੇ ’ਤੇ ਮੋਹਰ ਲੱਗ ਗਈ ਹੈ ਜੋ ਪਰਮਾਣੂ ਊਰਜਾ ਅਤੇ ਹਥਿਆਰਾਂ ਲਈ ਬਹੁਤ ਜ਼ਰੂਰੀ ਹੈ। ਮੈਲਬੌਰਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਵਿਚਾਲੇ ਹੋਈ ਇੱਕ ਅਹਿਮ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਆਗੂਆਂ ਨੇ ਰੱਖਿਆ, ਵਪਾਰ, ਊਰਜਾ, ਪੁਲਾੜ ਅਤੇ ਮਹੱਤਵਪੂਰਨ ਖਣਿਜਾਂ (ਕਰਿਟੀਕਲ ਮਿਨਰਲਜ਼) ਸਮੇਤ ਕਈ ਅਹਿਮ ਖੇਤਰਾਂ ਵਿੱਚ ਨਵੇਂ ਸਮਝੌਤਿਆਂ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਅਤੇ ਆਸਟਰੇਲੀਆ ਮਿਲ ਕੇ ਇੱਕ ਕਰਿਟੀਕਲ ਮਿਨਰਲਜ਼ ਕੌਰੀਡੋਰ ਵੀ ਤਿਆਰ ਕਰਨਗੇ। ਇਸ ਦੇ ਨਾਲ ਹੀ ਭਾਰਤ ਦੇ ਅਹਿਮ ਪੁਲਾੜ ਮਿਸ਼ਨ ਗਗਨਯਾਨ’ ਦੀ ਮਦਦ ਲਈ ਕੋਕੋਸ ਟਾਪੂ ‘ਤੇ ਇੱਕ ਸਪੇਸ ਟ੍ਰੈਕਿੰਗ ਟਰਮੀਨਲ ਬਣਾਇਆ ਜਾਵੇਗਾ, ਜੋ ਭਾਰਤੀ ਪੁਲਾੜ ਖੋਜ ਨੂੰ ਨਵੀਂ ਮਜ਼ਬੂਤੀ ਦੇਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਆਸਟ੍ਰੇਲੀਆ ਸਰਕਾਰ ਵੱਲੋਂ 16 ਸਾਲ ਤੱਕ ਦੇ ਬੱਚਿਆਂ ‘ਤੇ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਲਗਾਈ ਪਾਬੰਦੀ ਦੇ ਫੈਸਲੇ ਦੀ ਤਾਰੀਫ਼ ਕੀਤੀ ਅਤੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਉਨ੍ਹਾਂ ਤੋਂ ਸਿੱਖ ਰਹੇ ਹਨ। ਇਨ੍ਹਾਂ ਅਧਿਕਾਰਤ ਸਮਝੌਤਿਆਂ ਅਤੇ ਮੀਟਿੰਗਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਮੈਲਬੌਰਨ ਵਿੱਚ ਇਕੱਠੇ ਹੋਏ ਵੱਡੇ ਭਾਰਤੀ ਲੋਕਾਂ ਦੇ ਵੱਡੇ ਇਕੱਠ ਨੂੰ ਵੀ ਸੰਬੋਧਨ ਕੀਤਾ।

