ਨਵੀਂ ਦਿੱਲੀ- ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਤੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਇਸੇ ਮਹੀਨੇ ਦੇ ਅਖੀਰ ਵਿੱਚ ਜ਼ਿੰਬਾਬਵੇ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਸੋਮਵਾਰ ਨੂੰ ਚੋਣਕਾਰਾਂ ਨੇ ਉਨ੍ਹਾਂ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਹੈ, ਜਦੋਂ ਕਿ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤੇਜ਼ ਗੇਂਦਬਾਜ਼ਾਂ ਯਸ਼ ਠਾਕੁਰ ਅਤੇ ਅਸ਼ੋਕ ਸ਼ਰਮਾ ਨੂੰ ਪਹਿਲੀ ਵਾਰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਟੀਮ ਇਸ ਦੌਰੇ ਦੌਰਾਨ 23, 25 ਅਤੇ 27 ਜੁਲਾਈ ਨੂੰ ਹਰਾਰੇ ਵਿੱਚ ਤਿੰਨ ਟੀ-20 ਮੈਚ ਖੇਡੇਗੀ। ਸੰਜੂ ਸੈਮਸਨ ਦੇ ਬਾਹਰ ਹੋਣ ਦਾ ਮੁੱਖ ਕਾਰਨ ਉਨ੍ਹਾਂ ਦਾ ਖ਼ਰਾਬ ਫਾਰਮ ਮੰਨਿਆ ਜਾ ਰਿਹਾ ਹੈ। ਕੇਰਲ ਦੇ ਇਸ ਬੱਲੇਬਾਜ਼ ਨੇ ਲਗਾਤਾਰ ਤਿੰਨ ਮੈਚਾਂ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿੱਚ ਦੋ ਮੈਚ ਆਇਰਲੈਂਡ ਖ਼ਿਲਾਫ਼ ਅਤੇ ਇੱਕ ਇੰਗਲੈਂਡ ਖ਼ਿਲਾਫ਼ ਡਰਹਮ ਵਿਚ ਖੇਡਿਆ ਗਿਆ ਪਹਿਲਾ ਟੀ-20 ਮੈਚ ਸ਼ਾਮਲ ਸੀ।
ਇੰਗਲੈਂਡ ਖ਼ਿਲਾਫ਼ ਚੱਲ ਰਹੀ ਪੰਜ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਸੈਮਸਨ ਦੀ ਜਗ੍ਹਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਸ਼ਾਮਲ ਕੀਤਾ ਗਿਆ ਸੀ। ਹੁਣ ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਸੈਮਸਨ ਦੀ ਜਗ੍ਹਾ ਪੰਜਾਬ ਦੇ ਵਿਕਟਕੀਪਰ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ, ਜਿਨ੍ਹਾਂ ਨੂੰ ਪਹਿਲੀ ਵਾਰ ਕੌਮੀ ਟੀਮ ਵੱਲੋਂ ਸੱਦਾ ਮਿਲਿਆ ਹੈ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ ਵੀ 2024 ਤੋਂ ਬਾਅਦ ਪਹਿਲੀ ਵਾਰ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ।
ਇੰਗਲੈਂਡ ਖ਼ਿਲਾਫ਼ ਵਨਡੇਅ ਟੀਮ ਵਿੱਚ ਬਦਲਾਅ ਅਤੇ ਦੋਵਾਂ ਲੜੀਆਂ ਲਈ ਭਾਰਤੀ ਟੀਮ- ਜ਼ਿੰਬਾਬਵੇ ਦੌਰੇ ਦੇ ਐਲਾਨ ਦੇ ਨਾਲ-ਨਾਲ ਚੋਣਕਾਰਾਂ ਨੇ ਇੰਗਲੈਂਡ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇਅ (ODI) ਸੀਰੀਜ਼ ਲਈ ਵੀ ਭਾਰਤੀ ਟੀਮ ਵਿੱਚ ਇੱਕ ਬਦਲਾਅ ਕੀਤਾ ਹੈ। ਜ਼ਖ਼ਮੀ ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਦੀ ਜਗ੍ਹਾ ਸਟਾਰ ਖਿਡਾਰੀ ਸ਼ਿਵਮ ਦੂਬੇ ਨੂੰ ਵਨਡੇਅ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਜ਼ਿੰਬਾਬਵੇ ਖ਼ਿਲਾਫ਼ ਟੀ-20 ਲੜੀ ਲਈ ਚੁਣੀ ਗਈ ਭਾਰਤੀ ਟੀਮ ਇਸ ਪ੍ਰਕਾਰ ਹੈ: ਸ਼੍ਰੇਅਸ ਅਈਅਰ (ਕਪਤਾਨ), ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ (ਉਪ-ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼ਿਵਮ ਦੂਬੇ, ਸੂਰਯਾਂਸ਼ ਸ਼ੈਡਗੇ, ਰਿੰਕੂ ਸਿੰਘ, ਹਰਸ਼ ਦੂਬੇ, ਵਰੁਣ ਚੱਕਰਵਰਤੀ, ਪ੍ਰਿੰਸ ਯਾਦਵ, ਯਸ਼ ਠਾਕੁਰ, ਅਸ਼ੋਕ ਸ਼ਰਮਾ, ਮਯੰਕ ਯਾਦਵ ਅਤੇ ਪ੍ਰਭਸਿਮਰਨ ਸਿੰਘ (ਵਿਕਟਕੀਪਰ)। ਇੰਗਲੈਂਡ ਖ਼ਿਲਾਫ਼ ਵਨਡੇਅ ਲੜੀ ਲਈ ਭਾਰਤ ਦੀ ਨਵੀਂ ਟੀਮ: ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਕੇ.ਐਲ. ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਪ੍ਰਸਿੱਧ ਕ੍ਰਿਸ਼ਨਾ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਗੁਰਨੂਰ ਬਰਾੜ ਅਤੇ ਸ਼ਿਵਮ ਦੂਬੇ।

