66.47 F
New York, US
June 16, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਰੋੜਾਂ ਦੇ ਬੈਂਕ ਘੁਟਾਲੇ ’ਚ ‘ਆਪ’ ਆਗੂ ਦੀਪਕ ਸਿੰਗਲਾ ਦੇ ਰਿਸ਼ਤੇਦਾਰਾਂ ’ਤੇ ਈ.ਡੀ. ਦੇ ਛਾਪੇ

ਚੰਡੀਗੜ੍ਹ- ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਚੰਡੀਗੜ੍ਹ ਯੂਨਿਟ ਨੇ ਅੱਜ ਇੱਕ ਵੱਡੀ ਕਾਰਵਾਈ ਕਰਦਿਆਂ ‘ਮੈਸਰਜ਼ ਮਹੇਸ਼ ਟਿੰਬਰ ਪ੍ਰਾਈਵੇਟ ਲਿਮਟਿਡ’ ਕੰਪਨੀ ਵਿਰੁੱਧ ਚੱਲ ਰਹੀ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ਵਿੱਚ ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਆਗੂ ਦੀਪਕ ਸਿੰਗਲਾ ਦੇ ਰਿਸ਼ਤੇਦਾਰਾਂ ਅਤੇ ਸਾਥੀਆਂ ਦੇ 11 ਟਿਕਾਣਿਆਂ ’ਤੇ ਤਾਬੜਤੋੜ ਛਾਪੇਮਾਰੀ ਕੀਤੀ। ਈ.ਡੀ. ਦੀਆਂ ਟੀਮਾਂ ਵੱਲੋਂ ਇਹ ਛਾਪੇ ਹਰਿਆਣਾ ਦੇ ਕਰਨਾਲ, ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਗੋਆ ਵਿੱਚ ਸਥਿਤ ਅਸ਼ੋਕ ਮਿੱਤਲ, ਸੌਰਭ ਢੀਂਗਰਾ, ਭਾਰਤ ਭੂਸ਼ਣ ਮਿੱਤਲ, ਰਮਨ ਸਿੰਗਲ ਅਤੇ ਹੋਰਨਾਂ ਦੇ ਵਪਾਰਕ ਤੇ ਨਿੱਜੀ ਟਿਕਾਣਿਆਂ ’ਤੇ ਮਾਰੇ ਗਏ ਹਨ।

ਇਹ ਪੂਰਾ ਮਾਮਲਾ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ‘ਮੈਸਰਜ਼ ਮਹੇਸ਼ ਟਿੰਬਰ ਪ੍ਰਾਈਵੇਟ ਲਿਮਟਿਡ’ ਅਤੇ ਉਸ ਦੇ ਡਾਇਰੈਕਟਰਾਂ ਖ਼ਿਲਾਫ਼ ਦਰਜ ਕੀਤੀ ਗਈ ਐੱਫ.ਆਈ.ਆਰ. ’ਤੇ ਅਧਾਰਿਤ ਹੈ। ਕੰਪਨੀ ’ਤੇ ਓਰੀਐਂਟਲ ਬੈਂਕ ਆਫ਼ ਕਾਮਰਸ (OBC) ਅਤੇ ਹੋਰਾਂ ਬੈਂਕਾਂ ਦੇ ਸਮੂਹ (Consortium) ਨਾਲ ਕਰੀਬ 155.21 ਕਰੋੜ ਰੁਪਏ ਦੀ ਵਿੱਤੀ ਧੋਖਾਧੜੀ ਕਰਨ ਦੇ ਗੰਭੀਰ ਦੋਸ਼ ਹਨ। ਈ.ਡੀ. ਮੁਤਾਬਕ ‘ਆਪ’ ਦੇ ਗੋਆ ਇੰਚਾਰਜ ਦੀਪਕ ਸਿੰਗਲਾ, ਉਨ੍ਹਾਂ ਦੇ ਭਰਾ ਰਮਨ ਸਿੰਗਲ ਅਤੇ ਉਨ੍ਹਾਂ ਦੇ ਸਕੇ ਮਾਮੇ ਅਸ਼ੋਕ ਕੁਮਾਰ ਮਿੱਤਲ ਨੇ ਭਾਰਤ ਅਤੇ ਸਿੰਗਾਪੁਰ ਵਿੱਚ ਆਪਸ ਵਿੱਚ ਜੁੜੀਆਂ ਫਰਜ਼ੀ ਕੰਪਨੀਆਂ ਦਾ ਇੱਕ ਵੱਡਾ ਨੈੱਟਵਰਕ ਤਿਆਰ ਕੀਤਾ ਹੋਇਆ ਸੀ, ਜਿਸ ਰਾਹੀਂ ਇਸ ਘੁਟਾਲੇ ਨੂੰ ਅੰਜਾਮ ਦਿੱਤਾ ਗਿਆ।

ਜਾਂਚ ਏਜੰਸੀ ਨੇ ਪੰਚਕੂਲਾ ਅਦਾਲਤ ਵਿੱਚ ਦੀਪਕ ਸਿੰਗਲਾ ਦੇ ਰਿਮਾਂਡ ਦੌਰਾਨ ਖੁਲਾਸਾ ਕੀਤਾ ਸੀ ਕਿ ਮੁਲਜ਼ਮਾਂ ਨੇ ਬੈਂਕਾਂ ਤੋਂ ਵਿਦੇਸ਼ੀ ਲੈਟਰਜ਼ ਆਫ਼ ਕ੍ਰੈਡਿਟ (FLCs) ਹਾਸਲ ਕਰਨ ਅਤੇ ਉਨ੍ਹਾਂ ਦੀ ਸੀਮਾ ਗ਼ੈਰ-ਕਾਨੂੰਨੀ ਤਰੀਕੇ ਨਾਲ ਵਧਾਉਣ ਲਈ ਬਿੱਲ ਆਫ਼ ਲੈਡਿੰਗ, ਬਿੱਲ ਆਫ਼ ਐਂਟਰੀ ਅਤੇ ਹੋਰ ਜਾਅਲੀ ਦਸਤਾਵੇਜ਼ ਤਿਆਰ ਕੀਤੇ ਸਨ। ਡਾਇਰੈਕਟਰ ਜਨਰਲ ਆਫ਼ ਸਿਸਟਮਜ਼ ਐਂਡ ਡੇਟਾ ਮੈਨੇਜਮੈਂਟ (CBIC) ਦੀ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਅਸਲ ਵਿੱਚ ਭਾਰਤ ਵਿੱਚ ਕਿਸੇ ਵੀ ਕਿਸਮ ਦੀ ਲੱਕੜ (Timber) ਦਾ ਕੋਈ ਆਯਾਤ (Import) ਹੋਇਆ ਹੀ ਨਹੀਂ ਸੀ ਅਤੇ ਸਾਰੀਆਂ ਟ੍ਰਾਂਜੈਕਸ਼ਨਾਂ ਸਿਰਫ਼ ਕਾਗਜ਼ਾਂ ਵਿੱਚ ਹੀ ਦਿਖਾਈਆਂ ਗਈਆਂ ਸਨ।

ਈ.ਡੀ. ਦੀ ਜਾਂਚ ਰਿਪੋਰਟ ਵਿੱਚੋਂ ਅਹਿਮ ਤੱਥ- ਸੀਬੀਆਈ ਨੇ ਕਰਨਾਲ ਵਿੱਚ ਓਰੀਐਂਟਲ ਬੈਂਕ ਆਫ਼ ਕਾਮਰਸ ਦੀ ਬ੍ਰਾਂਚ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਅਸ਼ੋਕ ਮਿੱਤਲ ‘ਤੇ ਕੇਸ ਦਰਜ ਕੀਤਾ ਸੀ। ਬੈਂਕ ਵੱਲੋਂ ਸ਼ੁਰੂ ਵਿੱਚ 21.48 ਕਰੋੜ ਰੁਪਏ ਦੇ ਲੈਟਰਜ਼ ਆਫ਼ ਕ੍ਰੈਡਿਟ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਬੈਂਕ ਮੈਨੇਜਰ ਦੀ ਮਿਲੀਭੁਗਤ ਨਾਲ ਧੋਖੇ ਨਾਲ ਵਧਾ ਕੇ 173.04 ਕਰੋੜ ਰੁਪਏ ਕਰ ਦਿੱਤਾ ਗਿਆ। ਬੈਂਕ ਦੇ ਬਰਖ਼ਾਸਤ ਸੀਨੀਅਰ ਮੈਨੇਜਰ ਸੁਰਿੰਦਰ ਕੁਮਾਰ ਰੰਗਾ ਨੇ ਈ.ਡੀ. ਨੂੰ ਦਿੱਤੇ ਬਿਆਨ ਵਿੱਚ ਮੰਨਿਆ ਸੀ ਕਿ ਅਸ਼ੋਕ ਮਿੱਤਲ ਨੇ ਇਸ ਬਦਲੇ ਉਸ ਨੂੰ ਸਿੰਗਾਪੁਰ ਵਿੱਚ ਸੈੱਟ ਕਰਨ ਦਾ ਲਾਲਚ ਦਿੱਤਾ ਸੀ।

ਈ.ਡੀ. ਨੇ ਅਦਾਲਤ ਨੂੰ ਦੱਸਿਆ ਕਿ ਦੀਪਕ ਸਿੰਗਲਾ ਅਤੇ ਉਸ ਦਾ ਭਰਾ ਹਰੀਸ਼ ਸਿੰਗਲਾ ‘ਮੈਸਰਜ਼ ਟ੍ਰੈਫਿਕ ਮੀਡੀਆ ਇੰਡੀਆ ਪ੍ਰਾਈਵੇਟ ਲਿਮਟਿਡ’ ਵਿੱਚ ਡਾਇਰੈਕਟਰ ਸਨ, ਜੋ ‘ਮਹੇਸ਼ ਟਿੰਬਰ’ ਤੋਂ ਕਾਗਜ਼ੀ ਤੌਰ ‘ਤੇ ਲੱਕੜ ਖਰੀਦ ਰਹੀ ਸੀ। ਦੂਜੇ ਪਾਸੇ, ਉਸ ਦਾ ਦੂਜਾ ਭਰਾ ਰਮਨ ਸਿੰਗਲ ਸਿੰਗਾਪੁਰ ਦੀ ਕੰਪਨੀ ‘ਐਮਾਜ਼ਾਨ ਐਕਸਪੋਰਟ ਪ੍ਰਾਈਵੇਟ ਲਿਮਟਿਡ’ (AEPL) ਦਾ ਡਾਇਰੈਕਟਰ ਸੀ, ਜੋ ਅੱਗੋਂ ‘ਮਹੇਸ਼ ਟਿੰਬਰ’ ਨੂੰ ਮਾਲ ਸਪਲਾਈ ਕਰ ਰਹੀ ਸੀ। ਖਾਤਿਆਂ ਦੀ ਜਾਂਚ ਤੋਂ ਸਾਫ਼ ਹੋਇਆ ਹੈ ਕਿ ਲੱਕੜ ਦਾ ਕੋਈ ਵਜੂਦ ਨਾ ਹੋਣ ਦੇ ਬਾਵਜੂਦ ਕਰੋੜਾਂ ਰੁਪਏ ਇਧਰੋਂ-ਉਧਰ ਟ੍ਰਾਂਸਫਰ ਕੀਤੇ ਗਏ। ਈ.ਡੀ. ਮੁਤਾਬਕ ਅੱਜ ਦੀ ਛਾਪੇਮਾਰੀ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਡਿਜੀਟਲ ਸਬੂਤ ਹੱਥ ਲੱਗੇ ਹਨ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਮੁਲਜ਼ਮਾਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ।

Related posts

ਭਾਰਤ ਖ਼ਿਲਾਫ਼ ਬੰਗਲਾਦੇਸ਼ ਵੱਲੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ

On Punjab

ਮੌਸਮ ਵਿਭਾਗ ਦੀ ਭਵਿੱਖਬਾਣੀ: 11 ਮਈ ਤੋਂ ਬਦਲੇਗਾ ਮੌਸਮ ਦਾ ਮਿਜ਼ਾਜ, ਮੀਂਹ ਪੈਣ ਦੀ ਸੰਭਾਵਨਾ

On Punjab

ਹਾਰ ਨਾਲ ਖਤਮ ਹੋਇਆ ਸਾਨੀਆ ਮਿਰਜ਼ਾ ਦਾ ਟੈਨਿਸ ਕਰੀਅਰ, ਦੁਬਈ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਤੋਂ ਬਾਹਰ

On Punjab