ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਅਮਰੀਕਾ ਵਿੱਚ 59 ਲੱਖ ਰੁਪਏ ਵਿੱਚ ਨਿਲਾਮ ਹੋਏ ਵਿਧਾਇਕ ਹੋਸਟਲ ਦੇ ਹੈਰੀਟੇਜ ਫਰਨੀਚਰ ਬਾਰੇ ਕਸਟਡੀ ਰਿਪੋਰਟ ਮੰਗੀ ਹੈ। ਇਸ ਸਬੰਧੀ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਸਬੰਧਤ ਅਧਿਕਾਰੀਆਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਵਸਤੂਆਂ ਦਾ ਰਖਵਾਲਾ (ਕਸਟੋਡੀਅਨ) ਕੌਣ ਸੀ, ਕਿਉਂਕਿ ਹੈਰੀਟੇਜ ਫਰਨੀਚਰ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਵੱਖ-ਵੱਖ ਸਰਕਾਰੀ ਅਥਾਰਟੀਆਂ ਦੀ ਹਿਰਾਸਤ ਵਿੱਚ ਹੈ ਅਤੇ ਅਜਿਹੀਆਂ ਵਸਤੂਆਂ ਦੀ ਇਨਵੈਂਟਰੀ ਦਾ ਰਿਕਾਰਡ ਯੂਟੀ ਪ੍ਰਸ਼ਾਸਨ ਦੁਆਰਾ ਰੱਖਿਆ ਜਾ ਰਿਹਾ ਹੈ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜਿਨ੍ਹਾਂ ਨੇ ਇਹ ਅਪਰਾਧ ਕੀਤਾ ਹੈ, ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਸਪੀਕਰ ਨੇ ਜ਼ੋਰ ਦਿੱਤਾ ਕਿ ਚੰਡੀਗੜ੍ਹ ਦੇ ਵਿਲੱਖਣ ਆਰਕੀਟੈਕਚਰ ਅਤੇ ਇਤਿਹਾਸਕ ਵਿਰਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਵੀ ਇਰਾਦਤਨ ਲਾਪਰਵਾਹੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਹੈਰੀਟੇਜ ਪ੍ਰੋਟੈਕਸ਼ਨ ਸੈੱਲ, ਚੰਡੀਗੜ੍ਹ ਦੇ ਮੈਂਬਰ ਅਜੇ ਜੱਗਾ – ਜੋ ਕਿ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਆਈਕੋਨਿਕ ਮਿਡ-ਸੈਂਚਰੀ ਮਾਡਰਨ ਹੈਰੀਟੇਜ ਫਰਨੀਚਰ ਦੀ ਇਨਵੈਂਟਰੀ ਬਣਾਉਣ, ਲੱਭਣ ਅਤੇ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ ਸਥਾਪਿਤ ਇੱਕ ਸਿਖਰਲੀ ਕਮੇਟੀ ਹੈ – ਨੇ ਇੱਕ ਪੱਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਹ ਪਤਾ ਲਗਾਉਣ ਦੀ ਅਪੀਲ ਕੀਤੀ ਸੀ ਕਿ ਇਸ ਵਿਕਰੀ ਨੂੰ ਕਿਸ ਨੇ ਅਧਿਕਾਰਤ ਕੀਤਾ ਅਤੇ ਕੀ ਲੋੜੀਂਦੀ ਇਜਾਜ਼ਤ ਲਈ ਗਈ ਸੀ। ਹੈਰੀਟੇਜ ਸੈੱਲ ਦੀ ਅਗਵਾਈ ਯੂਟੀ ਦੇ ਮੁੱਖ ਸਕੱਤਰ ਕਰਦੇ ਹਨ।

