PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ‘ਚ ਸਿਆਸੀ ਭੂਚਾਲ: ਸੁਨੀਲ ਜਾਖੜ ਵੱਲੋਂ CM ਮਾਨ ਅਤੇ ਕੇਜਰੀਵਾਲ ‘ਤੇ ‘ਦੇਸ਼ ਧਰੋਹ’ ਦਾ ਮੁਕੱਦਮਾ ਦਰਜ ਕਰਨ ਦੀ ਮੰਗ

ਚੰਡੀਗੜ੍ਹ- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਭਾਜਪਾ ਵਫ਼ਦ ਸਮੇਤ ਗ੍ਰਿਫ਼ਤਾਰੀ ਲਈ ਪੇਸ਼ ਹੋਣ ਮਗਰੋਂ ਪੰਜਾਬ ਪੁਲੀਸ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ, ਕਿਉਂਕਿ ਇਨ੍ਹਾਂ ਆਗੂਆਂ ਨੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੈ।ਜਾਖੜ ਨੇ ਮੁੱਖ ਮੰਤਰੀ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ’ਚ ਦੰਗੇ ਕਰਾਏ ਜਾਣ ਵਾਸਤੇ ਇੱਕ ਸਾਜ਼ਿਸ਼ ਘੜੀ ਗਈ ਹੈ ਤਾਂ ਜੋ ਭਾਈਚਾਰੇ ’ਚ ਜ਼ਹਿਰ ਫੈਲਾਈ ਜਾ ਸਕੇ।  ਭਾਜਪਾ ਪ੍ਰਧਾਨ ਜਾਖੜ ਅੱਜ ਵਫ਼ਦ ਸਮੇਤ ਡੀ ਜੀ ਪੀ ਗੌਰਵ ਯਾਦਵ ਨੂੰ ਮਿਲਣ ਗਏ ਪ੍ਰੰਤੂ ਅੱਜ ਡੀ ਜੀ ਪੀ ਦੀ ਗ਼ੈਰਹਾਜ਼ਰੀ ’ਚ ਏ ਡੀ ਜੀ ਪੀ ਸ੍ਰੀ ਏ ਐੱਸ ਰਾਏ ਨੇ ਵਫ਼ਦ ਤੋਂ ਮੰਗ ਪੱਤਰ ਲਿਆ। ਭਾਜਪਾ ਆਗੂਆਂ ਨੇ ਪੁਲੀਸ ਕੋਲ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਵੀ ਕੀਤਾ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ੍ਹ ਕਿਹਾ ਸੀ ਕਿ ਜਲੰਧਰ ਅਤੇ ਅੰਮ੍ਰਿਤਸਰ ’ਚ ਹੋਏ ਧਮਾਕਿਆਂ ਪਿੱਛੇ ਭਾਜਪਾ ਦਾ ਹੱਥ ਹੈ। ਮੁੱਖ ਮੰਤਰੀ ਦੇ ਬਿਆਨ ਮਗਰੋਂ ਪੰਜਾਬ ਦੀ ਸਿਆਸਤ ’ਚ ਸਿਆਸੀ ਘਮਸਾਣ ਮੱਚਿਆ ਹੋਇਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਸੂਬੇ ਦੇ ਡੀ ਜੀ ਪੀ ਤਾਂ ਧਮਾਕਿਆਂ ਪਿੱਛੇ ਆਈ ਐੱਸ ਆਈ ਦਾ ਹੱਥ ਦੱਸ ਰਹੇ ਹਨ ਜਦੋਂ ਕਿ ਮੁੱਖ ਮੰਤਰੀ ਦੇਸ਼ ਭਗਤ ਪਾਰਟੀ ’ਤੇ ਉਂਗਲ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਮੁੱਖ ਮੰਤਰੀ ਦੇ ਇਸ ਬਿਆਨ ਨੇ ਦੇਸ਼ ਵਿਰੋਧੀ ਤਾਕਤਾਂ ਨੂੰ ਬਲ ਦਿੱਤਾ ਹੈ। ਜਾਖੜ ਨੇ ਕਿਹਾ ਕਿ ਪੰਜਾਬ ਪੁਲੀਸ ਮੁੱਖ ਮੰਤਰੀ ’ਤੇ ਦੇਸ਼ ਧਰੋਹ ਦਾ ਕੇਸ ਦਰਜ ਕਰੇ ਜਿਸ ’ਚ ਅਰਵਿੰਦ ਕੇਜਰੀਵਾਲ ਨੂੰ ਸ਼ਾਮਲ ਕੀਤਾ ਜਾਵੇ।

 ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ‘ਆਪ’ ਦੇ ਕੌਮੀ ਆਗੂ ਇਸ ਮਾਮਲੇ ਨੂੰ ਹਵਾ ਦੇ ਰਹੇ ਹਨ, ਉਸ ਤੋਂ ਸਾਫ਼ ਹੁੰਦਾ ਹੈ ਕਿ ਪੰਜਾਬ ਦੇ ਮਾਹੌਲ ’ਚ ਜ਼ਹਿਰ ਫੈਲਾਉਣ ਦੀ ਇੱਕ ਸਾਜ਼ਿਸ਼ ਘੜੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਤਰਫ਼ੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮੁੱਖ ਮੰਤਰੀ ਦੇ ਬਿਆਨ ਪਿਛਲੀ ਸੱਚਾਈ ਦੀ ਤਹਿਕੀਕਾਤ ਲਈ ਲਿਖਿਆ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਕੌਮੀ ਜਾਂਚ ਏਜੰਸੀ ਇਸ ਮਾਮਲੇ ਦੀ ਜਾਂਚ ਕਰੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਸ ਆਧਾਰ ’ਤੇ ਬਿਆਨ ਦਿੱਤਾ ਹੈ, ਉਸ ਦੀ ਜਾਂਚ ਹੋਣੀ ਚਾਹੀਦੀ ਹੈ। ਜਾਖੜ ਨੇ ਕਿਹਾ ਕਿ ਭਾਜਪਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਅੱਗ ਨਹੀਂ ਲੱਗਣ ਦੇਵੇਗੀ। ਅੱਜ ਵਫ਼ਦ ’ਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੀਨੀਅਰ ਆਗੂ ਮਨੋਰੰਜਨ ਕਾਲੀਆ, ਕੇਵਲ ਸਿੰਘ ਢਿੱਲੋਂ ਆਦਿ ਵੀ ਸ਼ਾਮਲ ਸਨ।

Related posts

ਬਿਹਾਰ ’ਚ ਆਰਜੇਡੀ-ਕਾਂਗਰਸ ਦੀ ਸਰਕਾਰ ਵੇਲੇ ਵਿਕਾਸ ਕੋਹਾਂ ਦੂਰ ਸੀ: ਮੋਦੀ

On Punjab

ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਗਵਾਹ ਮੇਘਾ ਸਿੰਘ ਦੀ ਮੌਤ

On Punjab

ਬ੍ਰਾਜ਼ੀਲ ਦੀ 33 ਸਾਲਾ ਫਿਟਨੈੱਸ ਮਾਡਲ ਲਾਰੀਸਾ ਬੋਰਗੇਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਸ਼ੁਰੂਆਤੀ ਜਾਂਚ ਨੇ ਕੀਤਾ ਹੈਰਾਨ

On Punjab