57.18 F
New York, US
March 23, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗੁਰਜੀਤ ਸਿੰਘ ਦਾ ਸੰਘਰਸ਼ ਰੰਗ ਲਿਆਉਣ ਲੱਗਾ

ਪਟਿਆਲਾ- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਧਣ ਦੇ ਮੱਦੇਨਜ਼ਰ ਇਸ ਸਬੰਧੀ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸਮਾਣਾ ਸ਼ਹਿਰ ਵਿਚ ਬੀ ਐੱਸ ਐੱਨ ਐੱਲ ਦੇ 400 ਫੁੱਟ ਉੱਚੇ ਟਾਵਰ ’ਤੇ ਲਗਪਗ ਡੇਢ ਸਾਲ ਤੋਂ ਢਾਈ ਸੌ ਫੁੱਟ ਦੀ ਉਚਾਈ ’ਤੇ ਬੈਠੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਨਾਗਿਆਂ ਦੇ ਵਸਨੀਕ ਗੁਰਜੀਤ ਸਿੰਘ ਦਾ ਸੰਘਰਸ਼ ਰੰਗ ਲਿਆਉਂਦਾ ਜਾਪ ਰਿਹਾ ਹੈ। ਪੰਜਾਬ ਸਰਕਾਰ ਨੇ ਬੇਅਦਬੀਆਂ ਰੋਕਣ ਸਬੰਧੀ ਕਾਨੂੰਨ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਅੱਜ ਪਹਿਲੀ ਵਾਰ ਪੰਜਾਬ ਸਰਕਾਰ ਨੇ ਇਸ ਮੰਗ ਦੀ ਪੂਰਤੀ ਲਈ ਨਾ ਸਿਰਫ਼ ਹਾਮੀ ਭਰੀ, ਬਲਕਿ ਕਈ ਵਿਧਾਇਕਾਂ, ‘ਆਪ’ ਆਗੂਆਂ ਅਤੇ ਹੋਰਾਂ ਸਮੇਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਖੁਦ ਚੱਲ ਕੇ ਇਸ ਮੋਰਚੇ ’ਚ ਪੁੱਜੇ ਅਤੇ 13 ਅਪਰੈਲ ਨੂੰ ਵਿਸਾਖੀ ਮੌਕੇ ਇਹ ਕਾਨੂੰਨ ਬਣਾਉਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੋਣ ਬਾਰੇ ਜਾਣਕਾਰੀ ਦਿੱਤੀ। ‘ਆਪ’ ਦੇ ਸੂਬਾਈ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਆਪਣੀ ਪਟਿਆਲਾ ਸਥਿਤ ਰਿਹਾਇਸ਼ ’ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ-2008 ਵਿੱਚ ਸੋਧ ਕਰਨ ਅਤੇ ਸਖ਼ਤ ਕਾਨੂੰਨ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 13 ਅਪਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਲਿਆ ਹੈ।

ਇਸ ਮੰਗ ਨੂੰ ਲੈ ਕੇ ਗੁਰਜੀਤ ਸਿੰਘ 12 ਅਕਤੂਬਰ 2024 ਨੂੰ ਇਸ ਟਾਵਰ ’ਤੇ ਚੜ੍ਹਿਆ ਸੀ। ਇਨ੍ਹਾਂ 17 ਮਹੀਨਿਆਂ ਦੌਰਾਨ ਉਸ ਨੇ ਗਰਮੀ ਤੇ ਸਰਦੀ ਦੇ ਮੌਸਮ ਆਪਣੇ ਪਿੰਡੇ ’ਤੇ ਹੰਢਾਏ। ਸ਼ੁਰੂ ਵਿੱਚ ਗੁਰਜੀਤ ਸਿੰਘ ਇਕੱਲਾ ਹੀ ਜੂਝਦਾ ਰਿਹਾ। ਹਾਲਾਂਕਿ, ਬੀਤੀ 24 ਫਰਵਰੀ ਨੂੰ ਟਾਵਰ ਮੋਰਚਾ ਦੇ ਵਰਕਰਾਂ, ਖਾਸ ਕਰ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਦਿੱਤੇ ਸਮਰਥਨ ਨਾਲ ਉਸ ਦੇ ਸੰਘਰਸ਼ ਨੂੰ ਇਸ ਕਦਰ ਹੁਲਾਰਾ ਮਿਲਿਆ ਕਿ ਹੁਣ ਕਈ ਪਾਸਿਆਂ ਤੋਂ ਸਮਰਥਨ ਜੁਟਣ ਕਰਕੇ ਇਹ ਪੰਜਾਬ ਦਾ ਅਹਿਮ ਸੰਘਰਸ਼ ਹੋ ਨਿੱਬੜਿਆ। ਗੁਰਪ੍ਰੀਤ ਸਿੰਘ ਇਸ ਮੋਰਚੇ ਦੇ ਕੋਆਰਡੀਨੇਟਰ ਵਜੋਂ ਜ਼ਿੰਮੇਵਾਰੀ ਨਿਭਾਅ ਰਿਹਾ ਹੈ। ਫਿਲਮ ਡਾਇਰੈਕਟਰ ਅਮਿਤੋਜ ਮਾਨ ਨੇ ਵੀ ਇਥੇ ਹੀ ਡੇਰੇ ਲਾਏ ਹੋਏ ਹਨ। ਇਸ ਤੋਂ ਇਲਾਵਾ ਪੁਸ਼ਪਿੰਦਰ ਸਿੰਘ ਕਾਕਾ, ਤਲਵਿੰਦਰ ਸਿੰਘ ਔਲਖ, ਅਮਰਜੀਤ ਸਿੰਘ ਮਰਿਆਦਾ ਅਤੇ ਕਾਕਾ ਸਿੰਘ ਕੋਟੜਾ ਵੀ ਮੋਰਚੇ ਦੇ ਪ੍ਰਬੰਧਕਾਂ ’ਚ ਸ਼ਾਮਲ ਹਨ। ਟਾਵਰ ਮੋਰਚੇ ਵੱਲੋਂ ਸਮਾਣਾ ਵਿੱਚ ਬੰਦਾ ਸਿੰਘ ਬਹਾਦਰ ਚੌਕ ’ਚ ਧਰਨਾ ਲਾ ਕੇ ਆਵਾਜਾਈ ਰੋਕੀ ਹੋਈ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਕਈ ਹੋਰ ਹਸਤੀਆਂ ਵੀ ਫੇਰੀਆਂ ਪਾ ਚੁੱੱਕੀਆਂ ਹਨ। ਉਧਰ ਸ਼ਿਵ ਸੈਨਾ ਤੇ ਕੁਝ ਹੋਰ ਧਿਰਾਂ ਇਹ ਚੌਕ ਖਾਲੀ ਕਰਵਾਉਣ ਦੀ ਮੰਗ ਕਰ ਚੁੱਕੀਆਂ ਹਨ।

ਸਾਰੇ ਧਾਰਮਿਕ ਗ੍ਰ੍ਰੰਥਾਂ ਲਈ ਬਣੇ ਕਾਨੂੰਨ: ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਲਈ ਮੌਤ ਦੀ ਸਜ਼ਾ ਦਾ ਕਾਨੂੰਨ ਬਣਾਉਣ ਦੀ ਇੱਕ ਨੁਕਾਤੀ ਮੰਗ ਨੂੰ ਲੈ ਕੇ ਲਗਪਗ ਡੇਢ ਸਾਲ ਤੋਂ ਸਮਾਣਾ ਸ਼ਹਿਰ ਵਿਚ ਬੀ ਐੱੱਸ ਐੱਨ ਐੱਲ ਦੇ 400 ਫੁੱਟ ਉੱਚੇ ਟਾਵਰ ’ਤੇ ਬੈਠੇ ਭਾਈ ਗੁਰਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਿਸੇ ਵੀ ਧਰਮ ਨਾਲ ਸਬੰਧਤ ਧਾਰਮਿਕ ਗ੍ਰੰਥ ਦੀ ਬੇਅਦਬੀ ਨਾ ਹੋਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ, ਬਲਕਿ ਜੇਕਰ ਕੋਈ ਗੀਤਾ, ਬਾਈਬਲ ਅਤੇ ਕੁਰਾਨ ਦੀ ਬੇਅਦਬੀ ਕਰਦਾ ਹੈ, ਤਾਂ ਉਸ ਲਈ ਮੌਤ ਦੀ ਸਜ਼ ਦੀ ਵਿਵਸਥਾ ਹੋਣੀ ਚਾਹੀਦੀ ਹੈ।

Related posts

Amtrak Train Derails: ਅਮਰੀਕਾ ਦੇ ਮੋਂਟਾਨਾ ‘ਚ ਪੱਟੜੀ ਤੋਂ ਉਤਰੀ ਟਰੇਨ, ਹਾਦਸੇ ‘ਚ ਹੁਣ ਤਕ ਤਿੰਨ ਲੋਕਾਂ ਦੀ ਮੌਤ

On Punjab

ਕੋਰੋਨਾ ਵਾਇਰਸ: ਹੁਣ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਹੋਵੇਗੀ ਜਾਂਚ

On Punjab

ਸਿੱਖ ਸ਼ਰਧਾਲੂਆਂ ਨੂੰ ਨਵੇਂ ਸਾਲ ਦਾ ਤੋਹਫਾ, ਹਜ਼ੂਰ ਸਾਹਿਬ ਲਈ ਸਿੱਧੀ ਉਡਾਣ

On Punjab