ਮੋਹਾਲੀ- ਸੰਘਣੀ ਧੁੰਦ ਕਰਕੇ ਵੀਰਵਾਰ ਸਵੇਰੇ ਖਰੜ ਕੁਰਾਲੀ ਹਾਈਵੇਅ ਉੱਤੇ ਦੋ ਸਕੂਲ ਬੱਸਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਹਾਦਸੇ ਵਿਚ ਦੋਵਾਂ ਬੱਸਾਂ ਦੇ ਡਰਾਈਵਰਾਂ ਅਤੇ ਕੁਝ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਰਾਹਗੀਰਾਂ ਦੀ ਮਦਦ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਉਂਝ ਹਾਦਸੇ ਕਰਕੇ ਦਹਿਸ਼ਤ ਫੈਲ ਗਈ।
ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਵਿੱਚ ਦੋਵੇਂ ਬੱਸਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਨ੍ਹਾਂ ਵਿਚੋਂ ਇਕ ਬੱਸ ਦਿੱਲੀ ਪਬਲਿਕ ਸਕੂਲ ਜਦੋਂਕਿ ਦੂਜੀ ਸੇਂਟ ਐਗਰਾ ਸਕੂਲ ਦੀ ਹੈ।ਪਿਛਲੇ ਦੋ ਦਿਨਾਂ ਤੋਂ ਟ੍ਰਾਈਸਿਟੀ ਵਿੱਚ ਸਵੇਰੇ ਅਤੇ ਦੇਰ ਸ਼ਾਮ ਨੂੰ ਸੰਘਣੀ ਧੁੰਦ ਪੈ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਇਸ ਖੇਤਰ ਵਿੱਚ ਸੰਘਣੀ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ।ਪੰਜਾਬ ਸਰਕਾਰ ਠੰਢ ਕਰਕੇ 24 ਦਸੰਬਰ ਤੋਂ ਸਕੂਲਾਂ ਵਿਚ ਛੁੱਟੀਆਂ ਦਾ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ।

