29.34 F
New York, US
December 17, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨੈਸ਼ਨਲ ਹੈਰਾਲਡ ਕੇਸ ਦੀ ਚਾਰਜਸ਼ੀਟ ਨਾਮਨਜ਼ੂਰ

ਨਵੀਂ ਦਿੱਲੀ- ਦਿੱਲੀ ਦੀ ਅਦਾਲਤ ਨੇ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਕਾਂਗਰਸ ਆਗੂਆਂ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪੰਜ ਹੋਰਨਾਂ ਖਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਈ ਡੀ ਦੀ ਚਾਰਜਸ਼ੀਟ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਈ ਡੀ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਖਿਲਾਫ਼ ਅਪੀਲ ਦਾਖਲ ਕਰੇਗਾ।

ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ ਕਿ ਇਸ ਮਾਮਲੇ ਵਿੱਚ ਦਾਖ਼ਲ ਕੀਤੀ ਚਾਰਜਸ਼ੀਟ ਕਿਸੇ ਮੂਲ ਅਪਰਾਧ ਨਾਲ ਸਬੰਧਤ ਐੱਫ ਆਈ ਆਰ ਦੀ ਥਾਂ ਕਿਸੇ ਵਿਅਕਤੀ ਦੀ ਨਿੱਜੀ ਸ਼ਿਕਾਇਤ ’ਤੇ ਕੀਤੀ ਜਾਂਚ ’ਤੇ ਆਧਾਰਿਤ ਹੈ। ਕਾਨੂੰਨ ਅਨੁਸਾਰ ਇਸ ’ਤੇ ਸੁਣਵਾਈ ਨਹੀਂ ਕੀਤੀ ਜਾ ਸਕਦੀ। ਈ ਡੀ ਅਧਿਕਾਰੀਆਂ ਨੇ ਕਿਹਾ ਕਿ ਜਾਂਚ ਏਜੰਸੀ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਸਮੇਤ ਕਾਨੂੰਨ ਮਾਹਿਰਾਂ ਤੋਂ ਰਾਇ ਲੈਣ ਬਾਅਦ ਅਦਾਲਤ ਦੇ ਹੁਕਮਾਂ ਖ਼ਿਲਾਫ਼ ਅਪੀਲ ਦਾਇਰ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਏਜੰਸੀ ਨੈਸ਼ਨਲ ਹੇਰਾਲਡ ਮਨੀ ਲਾਂਡਰਿੰਗ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਦਰਜ ਕੀਤੀ ਹਾਲੀਆ ਐੱਫ ਆਈ ਆਰ ਦਾ ਨੋਟਿਸ ਲੈਂਦਿਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਣੇ ਹੋਰਨਾਂ ਲੋਕਾਂ ਖਿਲਾਫ਼ ਨਵੀਂ ਚਾਰਜਸ਼ੀਟ ਦਾਖਲ ਕਰੇਗੀ।

ਕੇਂਦਰੀ ੲੰਜਸੀ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ, ਕਾਂਗਰਸ ਆਗੂਆਂ ਮੋਤੀਲਾਲ ਵੋਰਾ ਅਤੇ ਆਸਕਰ ਫਰਨਾਂਡੇਜ਼ ਤੋਂ ਇਲਾਵਾ ਸੁਮਨ ਦੂਬੇ, ਸੈਮ ਪਿਤਰੋਦਾ ਅਤੇ ਇਕ ਨਿਜੀ ਕੰਪਨੀ ‘ਯੰਗ ਇੰਡੀਅਨ’ ’ਤੇ ਅਪਰਾਧਕ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਦਾ ਦੋਸ਼ ਲਾਇਆ ਹੈ। ਇਨ੍ਹਾਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ‘ਐਸੋਸੀਏਟਿਡ ਜਰਨਲਸ ਲਿਮਟਿਡ’ ਦੀ ਲਗਪਗ 2000 ਕਰੋੜ ਰੁਪਏ ਦੀ ਜਾਇਦਾਦ ’ਤੇ ਕਬਜ਼ਾ ਕੀਤਾ ਹੈ। ਇਹ ਕੰਪਨੀ ਨੈਸ਼ਨਲ ਹੇਰਾਲਡ ਅਖ਼ਬਾਰ ਪ੍ਰਕਾਸ਼ਿਤ ਕਰਦੀ ਹੈ।

ਈ ਡੀ ਦੀ ਸ਼ਿਕਾਇਤ ਦਾ ਨੋਟਿਸ ਲੈਣ ਨਾਲ ਸਬੰਧਤ 117 ਪੰਨਿਆਂ ਦੇ ਹੁਕਮਾਂ ਦਾ ਮੁੱਖ ਹਿੱਸਾ ਪੜ੍ਹਦਿਆਂ ਜੱਜ ਗੋਗਨੇ ਨੇ ਕਿਹਾ ਕਿ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਇਸ ਮਾਮਲੇ ਵਿੱਚ ਪਹਿਲਾਂ ਹੀ ਐੱਫਆਈਆਰ ਦਰਜ ਕਰ ਚੁੱਕੀ ਹੈ, ਇਸ ਲਈ ਮਾਮਲੇ ’ਤੇ ਗੁਣ-ਦੋਸ਼ ਦੇ ਆਧਾਰ ’ਤੇ ਈ ਡੀ ਦੀਆਂ ਦਲੀਲਾਂ ’ਤੇ ਫੈਸਲਾ ਕਰਨਾ ਹਾਲੇ ਸਮੇਂ ਤੋਂ ਪਹਿਲਾਂ ਦੀ ਕਾਰਵਾਈ ਹੋਵੇਗਾ। ਇਸ ਦੇ ਨਾਲ ਹੀ ਅਦਾਲਤ ਨੇ ਮੈਜਿਸਟ੍ਰੇਟ ਅਦਾਲਤ ਦੇ ਉਨ੍ਹਾਂ ਹੁਕਮਾਂ ਨੂੰ ਵੀ ਰੱਦ ਕਰ ਦਿੱਤਾ, ਜਿਸ ਵਿਚ ਦਿੱਲੀ ਪੁਲੀਸ ਨੂੰ ਨੈਸ਼ਨਲ ਹੇਰਾਲਡ ਮਾਮਲੇ ਵਿੱਚ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਉਨ੍ਹਾਂ ਖਿਲਾਫ਼ ਦਰਜ ਐਫ ਆਈ ਆਰ ਦੀ ਕਾਪੀ ਮੁਹੱਈਆ ਕਰਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਉਧਰ, ਈ ਡੀ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਦਿੱਲੀ ਪੁਲੀਸ ਦੀ ਹਾਲੀਆ ਐੱਫ ਆਈ ਆਰ ਦੇ ਆਧਾਰ ’ਤੇ ਕਾਂਗਰਸ ਆਗੂਆਂ ਖਿਲਾਫ਼ ਨਵੀਂ ਚਾਰਜਸ਼ੀਟ ਦਾਖਲ ਕੀਤੀ ਜਾਵੇਗੀ।

ਰਾਹੁਲ ਜ਼ਮਾਨਤ ’ਤੇ, ਕਲੀਨ ਚਿੱਟ ਨਹੀਂ:  ਭਾਜਪਾ ਨੇ ਕਿਹਾ ਕਿ ਚਾਰਜਸ਼ੀਟ ਦਾ ਨੋਟਿਸ ਨਾ ਲੈਣਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਕਲੀਨ ਚਿੱਟ ਨਹੀਂ। ਪਾਰਟੀ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਇਹ ਕੇਸ ਸੁਬਰਾਮਨੀਅਨ ਸਵਾਮੀ ਦੀ ਸ਼ਿਕਾਇਤ ’ਤੇ ਸ਼ੁਰੂ ਹੋਇਆ ਸੀ, ਜਿਸ ਵਿੱਚ ਧੋਖਾਧੜੀ, ਅਪਰਾਧਕ ਸਾਜ਼ਿਸ਼ ਅਤੇ ਭਰੋਸੇਯੋਗਤਾ ਦਾ ਘਾਣ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਹਾਲੇ ਵੀ ਦਿੱਲੀ ਅਦਾਲਤ ਵਿੱਚ ਸੁਣਵਾਈ ਹੋ ਰਹੀ ਹੈ। ਦੋਵੇਂ ਕਾਂਗਰਸੀ ਆਗੂ ਜ਼ਮਾਨਤ ’ਤੇ ਹਨ, ਬਰੀ ਨਹੀਂ ਹੋਏ।

ਸਚਾਈ ਦੀ ਜਿੱਤ ਹੋਈ: ਕਾਂਗਰਸ ਨੇ ਅਦਾਲਤ ਦੇ ਫੈਸਲੇ ਨੂੰ ਸਚਾਈ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ‘ਗ਼ੈਰ-ਕਾਨੂੰਨੀ ਕਾਰਵਾਈ’ ਤੇ ‘ਸਾਜ਼ਿਸ਼’ ਨਾਕਾਮ ਹੋ ਗਈ ਹੈ ਅਤੇ ਉਨ੍ਹਾਂ ਦਾ ਕੂੜ ਪ੍ਰਚਾਰ ਬੇਨਕਾਬ ਹੋ ਗਿਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਐਕਸ’ ’ਤੇ ਪੋਸਟ ਵਿੱਚ ਕਿਹਾ, ‘‘ਜਦੋਂ ਨੈਸ਼ਨਲ ਹੇਰਾਲਡ, ਕਾਂਗਰਸ ਪਾਰਟੀ ਅਤੇ ਸਾਡੇ ਆਗੂਆਂ ਨੂੰ ਬਦਨਾਮ ਕਰਨ ਲਈ ਝੂਠੇ ਦੋਸ਼ ਲਾਏ ਗਏ, ਉਦੋਂ ਵੀ ਮੈਂ ਕਿਹਾ ਸੀ ਕਿ ਅਸੀਂ ਅੰਗਰੇਜ਼ਾਂ ਤੋਂ ਨਹੀਂ ਡਰੇ ਤਾਂ ਭਾਜਪਾ-ਆਰ ਐੱਸ ਐੱਸ ਜਾਂ ਮੋਦੀ-ਸ਼ਾਹ ਕੀ ਚੀਜ਼ ਹਨ। ਅਦਾਲਤ ਨੇ ਮੋਦੀ ਸਰਕਾਰ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।’’ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਨੈਸ਼ਨਲ ਹੇਰਾਲਡ ਮਾਮਲੇ ਵਿੱਚ ਕੁਝ ਨਹੀਂ ਹੈ ਅਤੇ ਇਹੀ ਸੱਚ ਹੈ। ਸਰਕਾਰ ਇਸ ਕੇਸ ਨੂੰ ਖਿੱਚ ਰਹੀ ਹੈ। ਕੰਪਨੀ ਤੋਂ ਕੋਈ ਪੈਸੇ ਨਹੀਂ ਕੱਢ ਸਕਦਾ, ਕੋਈ ਵਰਤੋਂ ਨਹੀਂ ਕਰ ਸਕਦਾ ਅਤੇ ਕੋਈ ਕੁਝ ਵੇਚ ਨਹੀਂ ਸਕਦਾ। ਇਹ ਸਚਾਈ ਅਦਾਲਤ ਸਣੇ ਸਭ ਜਾਣਦੇ ਹਨ। ਅਖੀਰ ਸੱਚ ਸਾਹਮਣੇ ਆ ਜਾਵੇਗਾ।

Related posts

ਚੀਨ ਨੇ ਜੋ ਬਾਇਡਨ ਨੂੰ ਵਧਾਈ ਦੇਣ ਤੋਂ ਕੀਤਾ ਇਨਕਾਰ, ਕਹਿ ਦਿੱਤੀ ਇਹ ਵੱਡੀ ਗੱਲ

On Punjab

Cyclone Warning : ਪਾਕਿਸਤਾਨ ’ਚ ਚੱਕਰਵਾਤ ਦੀ ਚਿਤਾਵਨੀ ਦੌਰਾਨ ਸਮੁੰਦਰ ’ਚ ਮੱਛੀਆਂ ਫੜਨ ਵਾਲੀਆਂ 70 ਕਿਸ਼ਤੀਆਂ ਲਾਪਤਾ

On Punjab

ਅਮਰੀਕਾ ‘ਚ ਕਾਰ ਹਾਦਸੇ ਦੌਰਾਨ ਦੋ ਸਿੱਖ ਭਰਾਵਾਂ ਦੀ ਮੌਤ

On Punjab