ਦੇਹਰਾਦੂਨ- ਉੱਤਰਾਖੰਡ ਦੇ ਰਿਸ਼ੀਕੇਸ਼-ਹਰਿਦੁਆਰ ਰੋਡ ’ਤੇ ਪੀਐਨਬੀ ਸਿਟੀ ਗੇਟ ਨੇੜੇ ਤੇਜ਼ ਰਫ਼ਤਾਰ ਐਸਯੂਵੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਉਸ ਵਿੱਚ ਸਵਾਰ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਲੋਕਾਂ ਦੇ ਸਰੀਰ ਦੇ ਅੰਗ ਟਰੱਕ ਦੇ ਪਿਛਲੇ ਹਿੱਸੇ ਹੇਠਾਂ ਫਸ ਗਏ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਕਟਰ ਦੀ ਮਦਦ ਨਾਲ ਕਾਰ ਨੂੰ ਕੱਟਣਾ ਪਿਆ। ਪੁਲੀਸ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਕਾਰ ਕੰਟਰੋਲ ਤੋਂ ਬਾਹਰ ਹੋ ਗਈ।
ਉਨ੍ਹਾਂ ਦੱਸਿਆ ਕਿ ਹਰਿਦੁਆਰ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਐਸਯੂਵੀ ਕਾਰ ਦੇ ਸਾਹਮਣੇ ਅਚਾਨਕ ਇੱਕ ਗਾਂ ਆ ਗਈ ਅਤੇ ਉਸ ਨੂੰ ਬਚਾਉਣ ਲਈ ਡਰਾਈਵਰ ਨੇ ਕਾਰ ਨੂੰ ਖੱਬੇ ਪਾਸੇ ਮੋੜ ਲਿਆ ਪਰ ਇਹ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਕਿਨਾਰੇ ਖੜ੍ਹੇ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਵਾਲੇ ਟਰੱਕ ਨਾਲ ਟਕਰਾ ਗਈ ਅਤੇ ਉਸ ਦੇ ਹੇਠਾਂ ਫਸ ਗਈ। ਪੁਲੀਸ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਚਾਰੇ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਿਸ਼ੀਕੇਸ਼ ਨਿਵਾ ਸੀ ਧੀਰਜ ਜੈਸਵਾਲ (31), ਹਰੀਓਮ ਪਾਂਡੇ (22), ਕਰਨ ਪ੍ਰਸਾਦ (23) ਅਤੇ ਸਤਿਅਮ ਕੁਮਾਰ (20) ਵਜੋਂ ਹੋਈ ਹੈ।

