ਧਰਮਕੋਟ- ਥਾਣਾ ਕੋਟ ਈਸੇ ਖਾਂ ਦੇ ਅਧੀਨ ਪਿੰਡ ਲੁਹਾਰਾ ਦੇ ਖੇਤਾਂ ਵਿੱਚੋਂ ਕੁੱਝ ਦਿਨ ਪਹਿਲਾਂ ਲਾਪਤਾ ਹੋਈ ਪਰਵਾਸੀ ਮਹਿਲਾ ਦੀ ਲਾਸ਼ ਮਿਲੀ ਹੈ। ਪਰਿਵਾਰ ਨੇ ਉਸ ਦੀ ਲਾਸ਼ ਨੂੰ ਨਗਨ ਹਾਲਤ ਵਿੱਚ ਭੱਠੇ ਦੇ ਨਜ਼ਦੀਕ ਖੇਤਾਂ ਵਿੱਚੋਂ ਬਰਾਮਦ ਕੀਤਾ ਅਤੇ ਸੂਚਨਾ ਕੋਟ ਈਸੇ ਖਾਂ ਪੁਲੀਸ ਨੂੰ ਦਿੱਤੀ। ਪੁਲੀਸ ਨੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਮੁਖੀ ਜਨਕ ਰਾਜ ਨੇ ਦੱਸਿਆ ਕਿ ਮੌਤ ਦਾ ਅਸਲ ਕਾਰਨ ਤਾਂ ਪੋਸਟਮਾਰਟਮ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਲੱਗ ਸਕਦਾ ਹੈ। ਉਨ੍ਹਾਂ ਕਤਲ ਤੋਂ ਪਹਿਲਾਂ ਜਬਰ ਜਨਾਹ ਬਾਰੇ ਵੀ ਸੰਭਾਵਨਾ ਜਤਾਈ ਹੈ। ਜ਼ਿਕਰਯੋਗ ਹੈ ਕਿ ਪੀੜਤ ਅਤੇ ਉਸਦਾ ਪਤੀ ਲੁਹਾਰਾ ਪਿੰਡ ਨਜ਼ਦੀਕ ਐੱਸ ਆਰ ਨਾਂ ਦੇ ਭੱਠੇ ’ਤੇ ਦਿਹਾੜੀਦਾਰ ਹਨ, ਇਹ ਪਰਵਾਸੀ ਜੋੜਾ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਕੋਰਾਨਾ ਜ਼ਿਲ੍ਹਾ ਸ਼ਾਮਲੀ ਦਾ ਰਹਿਣ ਵਾਲਾ ਹੈ। ਕਤਲ ਕੀਤੀ ਗਈ ਔਰਤ ਗੁਲਸਫਾ ਦੇ ਪਤੀ ਆਰਿਫ਼ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਛੋਟੇ ਨਾਬਾਲਗ ਬੱਚੇ ਹਨ। ਉਸ ਮੁਤਾਬਿਕ ਗੁਲਸਫਾ 8 ਦਸੰਬਰ ਤੋਂ ਅਚਾਨਕ ਗੁੰਮ ਹੋ ਗਈ ਸੀ ਅਤੇ ਦਿਨ ਭਰ ਭਾਲ ਕਰਨ ਤੋਂ ਬਾਅਦ ਜਦੋਂ ਉਹ ਨਾ ਮਿਲੀ ਤਾਂ ਉਸਨੇ ਆਪਣੇ ਸਹੁਰੇ ਅਲੀ ਮੁਹੰਮਦ ਅਤੇ ਪੁਲੀਸ ਨੂੰ ਇਸਦੀ ਸੂਚਨਾ ਦਿੱਤੀ।
ਪਰਿਵਾਰ ਆਪਣੇ ਤੌਰ ਉੱਤੇ ਗੁੰਮ ਔਰਤ ਦੀ ਭਾਲ ਵਿੱਚ ਲੱਗਿਆ ਹੋਇਆ ਸੀ। ਉੱਧਰ ਅਧਿਕਾਰੀਆਂ ਅਨੁਸਾਰ ਪਰਿਵਾਰ ਨੇ ਉਨ੍ਹਾਂ ਨੂੰ 11 ਦਸੰਬਰ ਨੂੰ ਔਰਤ ਦੀ ਗੁਮਸ਼ੁਦਗੀ ਦੀ ਲਿਖਤੀ ਸੂਚਨਾ ਦਿੱਤੀ ਸੀ ਅਤੇ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਸੀ। ਲਗਾਤਾਰ ਪਰਿਵਾਰ ਦੀ ਭਾਲ ਤੋਂ ਬਾਅਦ ਲੰਘੇ ਕੱਲ੍ਹ ਔਰਤ ਦੀ ਲਾਸ਼ ਭੱਠੇ ਨਜ਼ਦੀਕ ਖੇਤਾਂ ਵਿੱਚੋਂ ਮਿਲੀ। ਪਰਿਵਾਰ ਮੁਤਾਬਕ ਲਾਸ਼ ਨਗਨ ਹਾਲਤ ਵਿੱਚ ਸੀ ਅਤੇ ਮ੍ਰਿਤਕਾ ਦਾ ਸਿਰ ਮਿੱਟੀ ਹੇਠਾਂ ਦਬਿਆ ਹੋਇਆ ਸੀ। ਥਾਣਾ ਮੁੱਖੀ ਜਨਕ ਰਾਜ ਨੇ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਪਤਾ ਪੋਸਟਮਾਰਟਮ ਤੋਂ ਬਾਅਦ ਹੀ ਲੱਗ ਸਕੇਗਾ। ਫਿਲਹਾਲ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਕੇਸ ਦੀ ਡੂੰਘਾਈ ਨਾਲ ਜਾਂਚ ਆਰੰਭ ਦਿੱਤੀ ਗਈ ਹੈ।

