PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਿਲੋਮੀਟਰ ਸਕੀਮ ਵਿਰੁੱਧ ਪ੍ਰਦਰਸ਼ਨ ਜਾਰੀ; ਯੂਨੀਅਨ ਆਗੂਆਂ ਦੀ ਹਿਰਾਸਤ ਦੀ ਨਿਖੇਧੀ

ਪਟਿਆਲਾ- ਪੀਆਰਟੀਸੀ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਖਿਲਾਫ਼ ਕੱਚੇ ਕਾਮਿਆਂ ਦਾ ਸੰਘਰਸ਼ ਦੂਜੇ ਦਿਨ ਵੀ ਜਾਰੀ ਹੈ। ਸਰਕਾਰੀ ਬੱਸਾਂ ਘੱਟ ਚੱਲਣ ਕਾਰਨ ਯਾਤਰੀਆਂ ਨੂੰ ਪ੍ਰਾਈਵੇਟ ਆਪਰੇਟਰਾਂ ’ਤੇ ਨਿਰਭਰ ਰਹਿਣਾ ਪਿਆ। ਮਹਿਲਾ ਯਾਤਰੀ, ਜੋ ਆਮ ਤੌਰ ‘ਤੇ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਲੈਂਦੀਆਂ ਹਨ, ਨੇ ਕਿਹਾ ਕਿ ਸਰਕਾਰੀ ਸੇਵਾਵਾਂ ਦੀ ਅਣਹੋਂਦ ਵਿੱਚ ਉਨ੍ਹਾਂ ਨੂੰ ਪ੍ਰਾਈਵੇਟ ਬੱਸਾਂ ਵਿੱਚ ਟਿਕਟਾਂ ਖਰੀਦਣ ਲਈ ਮਜਬੂਰ ਹੋਣਾ ਪਿਆ ਹੈ।
ਪੰਜਾਬ ਵਿੱਚ ਸਰਕਾਰੀ ਬੱਸ ਸੇਵਾਵਾਂ ਦੇ ਕਈ ਠੇਕਾ ਕਰਮਚਾਰੀਆਂ ਨੂੰ ਕਿਲੋਮੀਟਰ-ਆਧਾਰਿਤ ਬੱਸ ਸਕੀਮ ਨਾਲ ਸਬੰਧਤ ਟੈਂਡਰ ਖੋਲ੍ਹਣ ਵਿਰੁੱਧ ਕੀਤੇ ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲਏ ਜਾਣ ਤੋਂ ਇੱਕ ਦਿਨ ਬਾਅਦ ਲੁਧਿਆਣਾ ਵਿੱਚ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਕਾਰਵਾਈ ਦੀ ਨਿੰਦਾ ਕੀਤੀ।

ਹੁਸ਼ਿਆਰਪੁਰ ਵਿੱਚ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਚਾਰ ਆਗੂ – ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ, ਜ਼ਿਲ੍ਹਾ ਪ੍ਰਧਾਨ ਰਮਿੰਦਰ ਸਿੰਘ, ਸਕੱਤਰ ਨਰਿੰਦਰ ਸਿੰਘ ਅਤੇ ਖ਼ਜ਼ਾਨਚੀ ਧਰਮਿੰਦਰ ਸਿੰਘ – ਅਜੇ ਵੀ ਹਿਰਾਸਤ ਵਿੱਚ ਹਨ। ਉਨ੍ਹਾਂ ਕਿਹਾ, “ਜਦੋਂ ਤੱਕ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਕਿਲੋਮੀਟਰ-ਸਕੀਮ ਦੇ ਟੈਂਡਰ ਰੱਦ ਨਹੀਂ ਕੀਤੇ ਜਾਂਦੇ ਅਤੇ ਠੇਕਾ ਅਧਾਰਿਤ ਕਰਮਚਾਰੀਆਂ ਨੂੰ ਪੱਕਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸਾਡਾ ਧਰਨਾ ਅਤੇ ਹੜਤਾਲ ਜਾਰੀ ਰਹੇਗੀ।’’

ਉਨ੍ਹਾਂ ਦਾਅਵਾ ਕੀਤਾ, ‘‘ਪਿਛਲੇ ਚਾਰ ਸਾਲਾਂ ਵਿੱਚ, ਸਰਕਾਰ ਨੇ ਪੰਜਾਬ ਰੋਡਵੇਜ਼ ਨੂੰ ਇੱਕ ਵੀ ਨਵੀਂ ਬੱਸ ਮੁਹੱਈਆ ਨਹੀਂ ਕਰਵਾਈ। 500 ਤੋਂ ਵੱਧ ਪੁਰਾਣੀਆਂ ਬੱਸਾਂ ਸੜਕਾਂ ਤੋਂ ਉੱਤਰ ਚੁੱਕੀਆਂ ਹਨ ਅਤੇ ਜਿਹੜੀਆਂ ਅਜੇ ਵੀ ਚੱਲ ਰਹੀਆਂ ਹਨ, ਉਹ ਵੱਡੀਆਂ ਮੁਰੰਮਤ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਵਿਭਾਗ ਕੋਲ ਟਾਇਰਾਂ ਅਤੇ ਜ਼ਰੂਰੀ ਮੁਰੰਮਤ ਲਈ ਵੀ ਫੰਡ ਨਹੀਂ ਹਨ।’’ ਪੰਜਾਬ ਰੋਡਵੇਜ਼, ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮਟਿਡ (ਪਨਬੱਸ) ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਕਰਮਚਾਰੀਆਂ ਵੱਲੋਂ ਦੂਜੇ ਦਿਨ ਵੀ ਪ੍ਰਦਰਸ਼ਨ ਜਾਰੀ ਰਹਿਣ ਕਾਰਨ ਸੂਬੇ ਦੇ ਕੁਝ ਹਿੱਸਿਆਂ ਵਿੱਚ ਬੱਸ ਸੇਵਾਵਾਂ ਪ੍ਰਭਾਵਿਤ ਰਹੀਆਂ।

ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਕਿਲੋਮੀਟਰ-ਆਧਾਰਿਤ ਬੱਸ ਸਕੀਮ ਨਾਲ ਸਬੰਧਤ ਟੈਂਡਰ ਖੋਲ੍ਹਣ ਦੇ ਵਿਰੁੱਧ ਹੜਤਾਲ ਸ਼ੁਰੂ ਕੀਤੀ, ਜਿਸ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਇਹ “ਪ੍ਰਾਈਵੇਟ ਬੱਸਾਂ ਲਿਆਉਣ ਅਤੇ ਸਰਕਾਰੀ ਟਰਾਂਸਪੋਰਟ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਇੱਕ ਪਿਛਲੇ ਦਰਵਾਜ਼ੇ ਰਾਹੀਂ ਕੀਤੀ ਜਾ ਰਹੀ ਕੋਸ਼ਿਸ਼ ਹੈ, ਜਿਸ ਨਾਲ ਪ੍ਰਾਈਵੇਟ ਆਪਰੇਟਰਾਂ ਨੂੰ ਸਰਕਾਰ ਵੱਲੋਂ ਸੂਚਿਤ ਰੂਟਾਂ ‘ਤੇ ਬੱਸਾਂ ਚਲਾਉਣ ਦੇ ਯੋਗ ਬਣਾਇਆ ਜਾਵੇਗਾ।” ਬੀਤੇ ਦਿਨ ਯੂਨੀਅਨਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ ਪੁਲੀਸ ਨੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਸੀ, ਜਿਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਥਾਵਾਂ ’ਤੇ ਹੰਗਾਮੇ ਵਾਲੀ ਸਥਿਤੀ ਬਣ ਗਈ ਸੀ। ਅੱਜ ਲੁਧਿਆਣਾ ਵਿੱਚ ਇੱਕ ਪ੍ਰਦਰਸ਼ਨਕਾਰੀ ਨੇ ਪ੍ਰਦਰਸ਼ਨ ਕਰ ਰਹੇ ਕਰਮਚਾਰੀਆਂ ਵਿਰੁੱਧ ਪੁਲੀਸ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ।

Related posts

ਭਾਰਤ-ਅਮਰੀਕਾ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਈ ਮੁਲਾਕਾਤ, ਦੋਵਾਂ ਦੇਸ਼ਾਂ ਦੇ ਸੰਬਧਾਂ ਦੀ ਮਜ਼ਬੂਤੀ ‘ਤੇ ਦਿੱਤਾ ਜ਼ੋਰ

On Punjab

ਹੋਮਵਿਸ਼ਵ ਸ਼ੀ ਨੇ ਟਰੰਪ ਨੂੰ ਉੱਤਰ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ‘ਚ ਛੇਤੀ ਢਿੱਲ ਦੇਣ ਨੂੰ ਕਿਹਾ

On Punjab

PM ਮੋਦੀ ਨੇ ਕਿਹਾ, ਦੁਨੀਆ ਨੂੰ ਤਬਾਹ ਕਰਨ ਵਿੱਚ ਭਾਰਤੀਆਂ ਦੀ ਕੋਈ ਭੂਮਿਕਾ ਨਹੀਂ , ਸਾਡੇ ਤਾਂ ਪੌਦੇ ‘ਚ ਵੀ ਭਗਵਾਨ ਦੇਖਦੇ ਹਨ

On Punjab