ਕੈਨੇਡਾ- ਕੈਨੇਡਾ ਸਰਕਾਰ ਇਸ ਐਤਵਾਰ ਨੂੰ ਕੌਮੀ ਫੌਜ ਵਿੱਚ ਸਿੱਖ ਸੈਨਿਕਾਂ ਦੀ 100 ਸਾਲਾਂ ਤੋਂ ਵੱਧ ਦੀ ਸੇਵਾ ਦੇ ਸਨਮਾਨ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਜਾਰੀ ਕਰੇਗੀ। ਕੈਨੇਡਾ ਪੋਸਟ ਵੱਲੋਂ ਤਿਆਰ ਕੀਤੀ ਗਈ ਇਹ ਡਾਕ ਟਿਕਟ ਇਸ ਸਮੇਂ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਸੇਵਾ ਕਰ ਰਹੇ ਸਿੱਖਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੀ ਹੈ ਅਤੇ ਇਸ ਨੂੰ ਰਿਮੈਂਬਰੈਂਸ ਡੇਅ (Remembrance Day) ਸਮਾਗਮ ਦੌਰਾਨ ਇੱਕ ਵਿਸ਼ੇਸ਼ ਰਸਮ ਵਿੱਚ ਜਾਰੀ ਕੀਤਾ ਜਾਵੇਗਾ। ਰਿਮੈਂਬਰੈਂਸ ਡੇਅ (Remembrance Day) ਸਿੱਖ ਭਾਈਚਾਰੇ ਵੱਲੋਂ ਸਾਲਾਨਾ 2 ਨਵੰਬਰ ਨੂੰ ਮਨਾਇਆ ਜਾਂਦਾ ਹੈ।
ਪ੍ਰਾਈਵੇਟ ਬੁੱਕਣ ਸਿੰਘ ਉਨ੍ਹਾਂ ਵਿੱਚੋਂ ਇੱਕ ਸਨ ਅਤੇ ਉਨ੍ਹਾਂ ਨੇ ਫਰਾਂਸ ਅਤੇ ਬੈਲਜੀਅਮ ਵਿੱਚ 20ਵੀਂ ਕੈਨੇਡੀਅਨ ਇਨਫੈਂਟਰੀ ਬਟਾਲੀਅਨ ਨਾਲ ਲੜਾਈ ਲੜੀ ਸੀ। ਉਹ ਜ਼ਖਮੀ ਹੋ ਗਏ ਸਨ ਅਤੇ 1919 ਵਿੱਚ ਕਿਚਨਰ ਓਨਟਾਰੀਓ ਦੇ ਇੱਕ ਕੈਨੇਡੀਅਨ ਫੌਜੀ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਸਿੰਘ ਨੂੰ ਪੂਰੇ ਫੌਜੀ ਸਨਮਾਨਾਂ ਨਾਲ ਦਫ਼ਨਾਇਆ ਗਿਆ ਸੀ ਅਤੇ ਉਨ੍ਹਾਂ ਦੀ 106 ਸਾਲ ਪੁਰਾਣੀ ਕਬਰ ’ਤੇ ਹੁਣ 2 ਨਵੰਬਰ ਨੂੰ ਸਾਲਾਨਾ ਸਿੱਖ ਰਿਮੈਂਬਰੈਂਸ ਡੇਅ ਸਮਾਰੋਹ ਮਨਾਇਆ ਜਾਂਦਾ ਹੈ।ਕੈਨੇਡਾ ਨੇ ਇਸ ਤੋਂ ਪਹਿਲਾਂ ਵੀ ਸਿੱਖ ਭਾਈਚਾਰੇ ਦੇ ਸਨਮਾਨ ਵਿੱਚ ਦੋ ਯਾਦਗਾਰੀ ਡਾਕ ਟਿਕਟਾਂ ਜਾਰੀ ਕੀਤੀਆਂ ਹਨ।
19 ਅਪ੍ਰੈਲ, 1999 ਨੂੰ ਕੈਨੇਡਾ ਪੋਸਟ ਕਾਰਪੋਰੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਚੇਅਰਮੈਨ ਆਂਦਰੇ ਓਉਲੇਟ ਨੇ ਵਿਸਾਖੀ ਦੀ 300ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਇੱਕ ਯਾਦਗਾਰੀ ਡਾਕ ਟਿਕਟ ਦਾ ਐਲਾਨ ਕੀਤਾ ਸੀ। ਇਸ ਡਾਕ ਟਿਕਟ ਵਿੱਚ ਖੰਡਾ ਦਰਸਾਇਆ ਗਿਆ ਸੀ ਅਤੇ ਇਸਦਾ ਸ਼ਾਬਦਿਕ ਅਰਥ ਦੋਧਾਰੀ ਤਲਵਾਰ ਹੈ। ਖੰਡਾ ਬ੍ਰਹਮ ਗਿਆਨ ਦਾ ਪ੍ਰਤੀਕ ਹੈ। ਇਤਿਹਾਸਕ ਹਵਾਲੇ ਦੱਸਦੇ ਹਨ ਕਿ ਕੈਨੇਡਾ ਪਹੁੰਚਣ ਵਾਲੇ ਪਹਿਲੇ ਸਿੱਖਾਂ ਵਿੱਚੋਂ ਇੱਕ 1897 ਵਿੱਚ ਇੱਕ ਬ੍ਰਿਟਿਸ਼ ਆਰਮੀ ਯੂਨਿਟ ਦੇ ਹਿੱਸੇ ਵਜੋਂ ਆਇਆ ਸੀ। 2014 ਵਿੱਚ ਕਾਮਾਗਾਟਾ ਮਾਰੂ ਡਾਕ ਟਿਕਟ ਜਾਰੀ ਕੀਤੀ ਗਈ ਸੀ, ਜੋ ਕਾਮਾਗਾਟਾ ਮਾਰੂ ਘਟਨਾ ਦੀ 100ਵੀਂ ਵਰ੍ਹੇਗੰਢ ਨੂੰ ਦਰਸਾਉਂਦੀ ਹੈ।

