PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ: ‘ਆਪ’ ਵੱਲੋਂ ਭਾਰਤ-ਪਾਕਿਸਤਾਨ ਮੈਚ ਦਾ ਵਿਰੋਧ; ਕਲੱਬਾਂ ਨੂੰ ਸਕ੍ਰੀਨਿੰਗ ਵਿਰੁੱਧ ਦਿੱਤੀ ਚੇਤਾਵਨੀ

ਨਵੀਂ ਦਿੱਲੀ- ਆਮ ਆਦਮੀ ਪਾਰਟੀ ਵੱਲੋਂ ਭਾਰਤ-ਪਾਕਿਸਤਾਨ ਦਰਮਿਆਨ ਹੋਣ ਵਾਲੇ ਕ੍ਰਿਕੇਟ ਮੈਚ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ‘ਆਪ’ ਦੇ ਦਿੱਲੀ ਇਕਾਈ ਦੇ ਪ੍ਰਧਾਨ ਸੌਰਵ ਭਾਰਦਵਾਜ ਨੇ ਕੇਂਦਰ ’ਤੇ ਪਹਿਲਗਾਮ ਅਤਿਵਾਦੀ ਹਮਲੇ ਦੇ ਪੀੜਤਾਂ ਨੂੰ ‘ਅਪਮਾਨਿਤ’ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਪਾਕਿਸਤਾਨੀ ਖਿਡਾਰੀਆਂ ਦੇ ਪੁਤਲੇ ਫੂਕ ਕੇ ਵਿਰੋਧ ਜ਼ਾਹਰ ਕੀਤਾ| ਹਾਲਾਂਕਿ ਭਾਜਪਾ ਨੇ ਇਸ ’ਤੇ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਹੋਣ ਵਾਲੇ ਮੈਚ ’ਤੇ ਸਵਾਲ ਖੜ੍ਹੇ ਕੀਤੇ । ਉਨ੍ਹਾਂ ਆਪਣੇ ਐਕਸ ਹੈਂਡਲ ’ਤੇ ਲਿਖਿਆ, “ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਦੇ ਨਾਲ ਮੈਚ ਕਰਵਾਉਣ ਦੀ ਆਖ਼ਿਰ ਕਿਉਂ ਲੋੜ ਪਈ। ਸਾਰਾ ਮੁਲਕ ਇਹ ਕਹਿ ਰਿਹਾ ਕਿ ਮੈਚ ਨਹੀਂ ਹੋਣਾ ਚਾਹੀਦਾ, ਫਿਰ ਇਹ ਮੈਚ ਕਿਉਂ ਕਰਵਾਇਆ ਜਾ ਰਿਹਾ। ਕੀ ਇਹ ਵੀ ਟਰੰਪ ਦੇ ਦਬਾਅ ਹੇਠ ਕੀਤਾ ਜਾ ਰਿਹਾ। ਆਖ਼ਿਰ ਟਰੰਪ ਦੇ ਅੱਗੇ ਹੋਰ ਕਿੰਨਾਂ ਝੁਕੋਂਗੇ।”

ਉੱਧਰ ਸੋਰਵ ਭਾਰਦਵਾਜ ਨੇ ਇੱਕ ਸ਼ੋਸ਼ਲ ਮੀਡੀਆ ਪੋਸਟ ’ਤੇ ਇਸ਼ਾਰਾ ਕੀਤਾ ਜਿਸ ਨੂੰ ਕਥਿਤ ਤੌਰ ’ਤੇ ਪਾਕਿਸਤਾਨ ਦੇ ਕ੍ਰਿਕਟਰ ਨ ੇ ਸ਼ੇਅਰ ਕੀਤਾ ਸੀ, ਜਿਸ ਵਿੱਚ ਪਾਕਿਸਤਾਨੀ ਫੌਜ ਦੇ ਮੁਖੀ ਆਸਿਫ਼ ਮੁਨੀਰ ਨੂੰ ਭਾਰਤੀ ਤਿਰੰਗੇ ਵਿੱਚ ਰੰਗੀ ਹੋਈ ਇੱਕ ਔਰਤ ਦੇ ਵਾਲਾਂ ਨੂੰ ਸਿੰਦੂਰ ਨਾਲ ਭਰਦੇ ਹੋਏ ਦਿਖਾਇਆ ਗਿਆ ਹੈ – ਇਹ ਤਸਵੀਰ ਆਪਰੇਸ਼ਨ ਸਿੰਧੂਰ ਦੇ ਮਜ਼ਾਕ ਉਡਾਉਣ ਵਾਲੇ ਸੰਦਰਭ ਵਜੋਂ ਦੇਖੀ ਜਾ ਰਹੀ ਹੈ, ਜੋ ਕਿ ਪਹਿਲਗਾਮ ਅਤਿਵਾਦੀ ਹਮਲੇ ਦੇ ਬਦਲੇ ਵਿੱਚ ਪਾਕਿਸਤਾਨ ਵਿੱਚ ਅਤਿਵਾਦੀ ਟਿਕਾਣਿਆਂ ਵਿਰੁੱਧ ਭਾਰਤ ਦੀ ਜਵਾਬੀ ਕਾਰਵਾਈ ਸੀ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਦੇ ਵਰਕਰ ਮੈਚ ਦੀ ਸਕ੍ਰੀਨਿੰਗ ਕਰਨ ਵਾਲੇ ਕਲੱਬਾਂ, ਪੱਬਾਂ ਅਤੇ ਰੈਸਟੋਰੈਂਟਾਂ ਦਾ ‘ਪਰਦਾਫਾਸ਼’ ਕਰਨਗੇ। ਤਾਂ ਜੋ ਲੋਕ ਇੱਥੇ ਜਾਣਾ ਬੰਦ ਕਰ ਦੇਣ। ਐਕਸ ’ਤੇ ਪੋਸਟ ਵਿੱਚ ਭਾਰਦਵਾਜ ਨੇ ਕਿਹਾ, “ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਸਾਡੀਆਂ ਵਿਧਵਾਵਾਂ ਦਾ ਇੰਨੇ ਗੰਦੇ, ਘਿਣਾਉਣੇ ਤਰੀਕੇ ਨਾਲ ਮਜ਼ਾਕ ਉਡਾਉਂਦੇ ਹਨ ਅਤੇ ਅਸੀਂ ਉਨ੍ਹਾਂ ਨਾਲ ਕ੍ਰਿਕਟ ਖੇਡਾਂਗੇ। ਭਾਜਪਾ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ।”

22 ਅਪਰੈਲ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਕ੍ਰਿਕਟ ਸਬੰਧਾਂ ਦਾ ਬਾਈਕਾਟ ਕਰਨ ਦੀਆਂ ਮੰਗਾਂ ਹੋਰ ਵੀ ਤੇਜ਼ ਹੋ ਗਈਆਂ ਹਨ, ਜਿਸ ਵਿੱਚ 26 ਬੇਕਸੂਰ ਸੈਲਾਨੀਆਂ ਨੂੰ ਅਤਿਵਾਦੀਆਂ ਨੇ ਮਾਰ ਦਿਤਾ ਸੀ। ਸਰਕਾਰ ਦੀ ਨਵੀਂ ਖੇਡ ਨੀਤੀ ਦੇ ਅਨੁਸਾਰ ਭਾਰਤ ਪਾਕਿਸਤਾਨ ਵਿਰੁੱਧ ਦੁਵੱਲੇ ਮੁਕਾਬਲੇ ਨਹੀਂ ਖੇਡੇਗਾ ਪਰ ਚੱਲ ਰਹੇ ਏਸ਼ੀਆ ਕੱਪ ਅਤੇ ਆਈਸੀਸੀ ਸਮਾਗਮਾਂ ਵਰਗੇ ਬਹੁ-ਪੱਖੀ ਟੂਰਨਾਮੈਂਟਾਂ ਵਿੱਚ ਭਾਗ ਲਵੇਗਾ।

Related posts

Punjab Police Constable Result 2024 : ਪੰਜਾਬ ਪੁਲਿਸ ਕਾਂਸਟੇਬਲ ਭਰਤੀ ਫੇਜ਼-1 ਮੈਰਿਟ List ਜਾਰੀ, ਇਸ ਤਰ੍ਹਾਂ ਡਾਊਨਲੋਡ ਕਰੋ ਸਕੋਰਕਾਰਡ

On Punjab

ਰਾਹੁਲ ਗਾਂਧੀ ਦੀ ਚੌਥੀ ਪੀੜ੍ਹੀ ਵੀ SC, ST, OBC ਦਾ ਰਾਖਵਾਂਕਰਨ ਕੱਟ ਕੇ ਮੁਸਲਮਾਨਾਂ ਨੂੰ ਨਹੀਂ ਦੇ ਸਕਦੀ : ਸ਼ਾਹ

On Punjab

ਸੂਬਿਆਂ ਨੂੰ ਵੰਡੇ ਜਾਣਗੇ 20 ਹਜ਼ਾਰ ਕਰੋੜ ਰੁਪਏ, ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ ਐਲਾਨ

On Punjab