PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੈਨੇਡਾ: ਦਰਸ਼ਕਾਂ ਲਈ ਵੱਡੇ ਸੰਦੇਸ਼ ਛੱਡ ਗਿਆ ਨਾਟਕ ‘ਧੁੱਖਦੇ ਰਿਸ਼ਤੇ’

ਕੈਨੇਡਾ- ਚੇਤਨਾ ਕਲਚਰਲ ਸੈਂਟਰ ਟਰਾਂਟੋ ਵਲੋਂ ਮਿਸੀਸਾਗਾ ਦੇ ਸੰਪ੍ਰਦਾਇ ਥੀਏਟਰ ਵਿੱਚ ਖੇਡਿਆ ਗਿਆ ਨਾਟਕ ‘ਧੁੱਖਦੇ ਰਿਸ਼ਤੇ’ ਦਰਸ਼ਕਾਂ ਲਈ ਵੱਡੇ ਸੰਦੇਸ਼ ਛੱਡ ਗਿਆ। ਨਾਹਰ ਸਿੰਘ ਔਜਲਾ ਵਲੋਂ ਲਿਖੇ ਤੇ ਨਿਰਦੇਸ਼ਤ ਕੀਤੇ ਨਾਟਕ ਦੇ ਪਾਤਰਾਂ ਨੇ ਆਪਣੇ ਕਿਰਦਾਰ ਇੰਜ ਖੁੱਭ ਕੇ ਨਿਭਾਏ, ਜਿਵੇਂ ਉਹ ਖੁਦ ਉਸ ਵਿਵਹਾਰ ’ਚੋਂ ਲੰਘ ਅਤੇ ਹੰਢਾ ਰਹੇ ਹੋਣ।

ਪੰਜਾਬੀਆਂ ਲਈ ਵਿਦੇਸ਼ ਦੀ ਖਿੱਚ ਅਤੇ ਅਵਾਸ ’ਚੋਂ ਪੈਦਾ ਹੁੰਦੀਆਂ ਸਮੱਸਿਆਵਾਂ ਨਾਲ ਸਿੱਝਦਿਆਂ ਪਨਪਦੇ ਘਾਤਕ ਨਤੀਜਿਆਂ ਦੀ ਪੇਸ਼ਕਾਰੀ ਨੇ ਬਹੁਤੇ ਦਰਸ਼ਕਾਂ ਨੂੰ ਭਾਵੁਕ ਕੀਤਾ। ਕੈਨੇਡਾ ਪਹੁੰਚ ਕੇ ਇੱਥੋਂ ਦੇ ਸਭਿਆਚਾਰ ਅਤੇ ਸਿਸਟਮ ਵਿੱਚ ਜਜ਼ਬ ਹੋਣ ਦੀ ਥਾਂ, ਉਸ ਨਾਲ ਖਿਲਵਾੜ ਕਰਕੇ ਸਮੁੱਚੇ ਭਾਈਚਾਰੇ ਦੀ ਬਦਨਾਮੀ ਦਾ ਕਾਰਨ ਬਣਨ ਤੋਂ ਗੁਰੇਜ਼ ਕਰਨ ਦੇ ਬਾਦਲੀਲ ਸੰਵਾਦ ਨੂੰ ਦਰਸ਼ਕਾਂ ਦੇ ਮਨਾਂ ’ਤੇ ਕਾਟ ਕਰਦੇ ਵੇਖਿਆ ਗਿਆ। ਹਾਲ ਵਿੱਚ ਕਈ ਦਰਸ਼ਕਾਂ ਨੂੰ ਭਾਵੁਕ ਹੋ ਕੇ ਰੁਮਾਲ ਵਰਤਣੇ ਪਏ। ਵਾਰ ਵਾਰ ਵੱਜਦੀਆਂ ਤਾੜੀਆਂ ਦਰਸ਼ਕਾਂ ਦੀ ਪਸੰਦ ਦੀ ਗਵਾਹੀ ਭਰਦੀਆਂ ਲੱਗੀਆਂ।

ਨਾਟਕ ਵਿੱਚ ਪਰਿਵਾਰਕ ਤੇ ਸਮਾਜਕ ਰਿਸ਼ਤਿਆਂ ਦੀ ਮਹੱਤਤਾ ਸਿਰਫ ਪੈਸੇ ਦੀ ਹੋੜ ਵਿੱਚ ਰੁੜਦੀ ਵਿਖਾਈ ਗਈ। ਕੈਨੇਡਾ ਸੱਦੇ ਆਪਣੇ ਮਾਪਿਆਂ ਨੂੰ ਬਣਦੇ ਸਤਿਕਾਰ ਦੀ ਥਾਂ ਉਨ੍ਹਾਂ ਨੂੰ ਘਰੇਲੂ ਕੰਮਾਂ ਵਿੱਚ ਉਲਝਾਈ ਰੱਖਣ ਦੀ ਸਚਾਈ ਨੂੰ ਬੜੇ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਗਿਆ।

ਬੱਚਿਆਂ ਨੂੰ ਮਾਤਭਾਸ਼ਾ ਪੰਜਾਬੀ ਦੀ ਥਾਂ ਅੰਗਰੇਜ਼ੀ ‘ਤੇ ਹੀ ਨਿਰਭਰ ਰਹਿਣ ਦਾ ਬੱਚਿਆਂ ਦੀ ਮਾਨਸਿਕਤਾ ’ਤੇ ਪ੍ਰਭਾਵ ਨੂੰ ਚੰਗੇ ਢੰਗ ਨਾਲ ਪੇਸ਼ ਕੀਤਾ ਗਿਆ। ਸ੍ਰੀ ਔਜਲਾ ਨੇ ਦੱਸਿਆ ਕਿ ਬੇਸ਼ੱਕ ਟੀਮ ਦੇ ਬਹੁਤੇ ਮੈਂਬਰ ਨਵੇਂ ਹੋਣ ਕਾਰਨ ਅਜੇ ਕਲਾਕਾਰੀ ਵਿੱਚ ਪ੍ਰਪੱਕ ਨਹੀਂ, ਪਰ ਥੋੜ੍ਹੀ ਤਿਆਰੀ ਨਾਲ ਹੀ ਉਨ੍ਹਾਂ ਵਲੋਂ ਨਿਭਾਈ ਜਾਂਦੀ ਭੂਮਿਕਾ ਕੈਨੇਡਾ ਵਿੱਚ ਨਾਟਕਾਂ ਦੇ ਚੰਗੇ ਭਵਿੱਖ ਦਾ ਸੰਕੇਤ ਹੈ।

ਕਲਾਕਾਰਾਂ ’ਚੋਂ ਹੀਰਾ ਸਿੰਘ ਹੰਸਪਾਲ, ਬਲਤੇਜ ਕੜਿਆਲਵੀ, ਬਿਕਰਮ ਰੱਖੜਾ, ਰਮਨਦੀਪ ਕੌਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਾਟਕ ਵਿਚਲੇ ਕਿਰਦਾਰ ਨਿਭਾ ਕੇ ਖੁਸ਼ੀ ਦੇ ਨਾਲ ਮਾਨਸਿਕ ਤਸੱਲੀ ਹੁੰਦੀ ਹੈ।

Related posts

ਸੀਨੀਅਰ ਪੱਤਰਕਾਰ ਬਲਵਿੰਦਰ ਭੁੱਲਰ ਦੇ ਛੋਟੇ ਪੁੱਤਰ ਦੀ ਆਸਟਰੇਲੀਆ ਵਿੱਚ ਹਾਦਸੇ ’ਚ ਮੌਤ

On Punjab

Swaminarayan Mandir Attack: ਆਸਟ੍ਰੇਲੀਆ ਦੇ ਸਵਾਮੀਨਾਰਾਇਣ ਮੰਦਰ ‘ਤੇ ਹਮਲਾ, ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ

On Punjab

ਪੀਐਮ ਮੋਦੀ ਨੇ ਚੀਨ ਤੇ ਪਾਕਿਸਤਾਨ ਨੂੰ ਦਿੱਤਾ ਸਖਤ ਸੰਦੇਸ਼

On Punjab