32.18 F
New York, US
January 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਨੀਪੁਰ: ਕੁਕੀ ਬਹੁਗਿਣਤੀ ਖੇਤਰ ’ਚ ਬੰਦ ਕਾਰਨ ਜਨ-ਜੀਵਨ ਪ੍ਰਭਾਵਿਤ

ਇੰਫਾਲ- ਮਨੀਪੁਰ ’ਚ ‘ਸੁਰੱਖਿਆ ਬਲਾਂ ਦੀ ਕਾਰਵਾਈ’ ਖ਼ਿਲਾਫ਼ ਕੁਕੀ-ਜ਼ੋ ਭਾਈਚਾਰੇ ਵੱਲੋਂ ਦਿੱਤੇ ਅਣਮਿੱਥੇ ਸਮੇਂ ਦੇ ਬੰਦ ਦੇ ਸੱਦੇ ਕਾਰਨ ਅੱਜ ਕੁਕੀ ਬਹੁ ਗਿਣਤੀ ਖੇਤਰ ’ਚ ਆਮ ਜੀਵਨ ਪ੍ਰਭਾਵਿਤ ਰਿਹਾ। ਕਾਂਗਪੋਕਪੀ ਜ਼ਿਲ੍ਹੇ ’ਚ ਸਥਿਤੀ ਤਣਾਅ ਭਰੀ ਪਰ ਸ਼ਾਂਤ ਰਹੀ ਜਿੱਥੇ ਬੀਤੇ ਦਿਨ ਕੁਕੀ-ਜ਼ੋ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ’ਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ 27 ਪੁਲੀਸ ਮੁਲਾਜ਼ਮਾਂ ਸਮੇਤ 40 ਵਿਅਕਤੀ ਜ਼ਖ਼ਮੀ ਹੋ ਗਏ ਸਨ।

ਚੂਰਾਚਾਂਦਪੁਰ ਤੇ ਐਂਗਨੌਪਾਲ ਜ਼ਿਲ੍ਹਿਆਂ ਦੇ ਹੋਰ ਕੁਕੀ-ਜ਼ੋ ਬਹੁ ਗਿਣਤੀ ਖੇਤਰਾਂ ’ਚ ਵੀ ਮੁਜ਼ਾਹਰਾਕਾਰੀਆਂ ਨੇ ਟਾਇਰ ਸਾੜੇ ਤੇ ਪੱਥਰਾਂ ਨਾਲ ਸੜਕਾਂ ਬੰਦ ਕਰ ਦਿੱਤੀਆਂ। ਸੁਰੱਖਿਆ ਬਲ ਬੰਦ ਸੜਕਾਂ ਖੁੱਲ੍ਹਵਾਉਂਦੇ ਦਿਖਾਈ ਦਿੱਤੇ। ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ ਤਾਜ਼ਾ ਹਿੰਸਾ ਦੀ ਕੋਈ ਸੂਚਨਾ ਨਹੀਂ ਹੈ। ਸੂਬੇ ’ਚ ਕੁਕੀ-ਜ਼ੋ ਬਹੁ ਗਿਣਤੀ ਖੇਤਰਾਂ ’ਚ ਵਪਾਰਕ ਅਦਾਰੇ ਬੰਦ ਰਹੇ ਅਤੇ ਸੜਕਾਂ ’ਤੇ ਬਹੁਤ ਘੱਟ ਵਾਹਨ ਦੇਖੇ ਗਏ। ਪ੍ਰਦਰਸ਼ਨਕਾਰੀ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕਰਦੇ ਦਿਖਾਈ ਦਿੱਤੇ। ਜ਼ਿਲ੍ਹੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੌਮੀ ਰਾਜਮਾਰਗ-2 (ਇੰਫਾਲ-ਦੀਮਾਪੁਰ ਰੋਡ) ਨਾਲ ਗਮਘੀਫਈ ਤੇ ਜ਼ਿਲ੍ਹੇ ਦੇ ਹੋਰ ਹਿੱਸਿਆਂ ’ਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਯਕੀਨੀ ਬਣਾਉਣ ਲਈ ਗਸ਼ਤ ਕੀਤੀ ਜਾ ਰਹੀ ਹੈ।

ਕੁਕੀ-ਜ਼ੋ ਸੰਸਥਾ ‘ਦਿ ਇੰਡਿਜਨਸ ਟਰਾਈਬਲ ਲੀਡਰਜ਼ ਫੋਰਮ’ (ਆਈਟੀਐੱਲਐੱਫ) ਨੇ ਮਨੀਪੁਰ ’ਚ ਕੁਕੀ-ਜ਼ੋ ਕੌਂਸਲ (ਕੇਜ਼ੇਸੀ) ਵੱਲੋਂ ਦਿੱਤੇ ਅਣਮਿੱਥੇ ਸਮੇਂ ਦੇ ਬੰਦ ਦੇ ਸੱਦੇ ਨੂੰ ਸਾਰੇ ਖੇਤਰਾਂ ’ਚ ਹਮਾਇਤ ਮਿਲੀ ਹੈ। ਇਹ ਬੰਦ ਸੂਬੇ ’ਚ ਸਾਰੀਆਂ ਸੜਕਾਂ ’ਤੇ ਆਵਾਜਾਈ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਸੁਰੱਖਿਆ ਬਲਾਂ ਦੀ ਕਾਰਵਾਈ ਖ਼ਿਲਾਫ਼ ਕੀਤਾ ਗਿਆ। ਆਈਟੀਐੱਲਐੱਫ ਨੇ ਬੰਦ ਨੂੰ ਸਫ਼ਲ ਬਣਾਉਣ ਲਈ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ।

ਦੂਜੇ ਪਾਸੇ ਮਨੀਪੁਰ ਪੁਲੀਸ ਨੇ ਕਿਹਾ ਕਿ ਬੀਤੇ ਦਿਨ ਕੁਕੀ ਮੁਜ਼ਾਹਰਾਕਾਰੀਆਂ ਵੱਲੋਂ ਕੀਤੇ ਗਏ ਹਮਲਿਆਂ ’ਚ 27 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਜਿਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਹੈ। ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ’ਤੇ ਪੱਥਰ ਸੁੱਟੇ ਅਤੇ ਵੱਡੇ ਵੱਡੇ ਪੱਥਰ ਲਗਾ ਕੇ ਸੜਕ ਬੰਦ ਕਰ ਦਿੱਤੀਆਂ, ਟਾਇਰ ਸਾੜੇ ਅਤੇ ਰੁੱਖ ਸੁੱਟ ਦਿੱਤੇ ਗਏ। ਉਨ੍ਹਾਂ ਕਿਹਾ ਕਿ ਵਿਰੋਧ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਈਆਂ ਜਿਸ ਦਾ ਸੁਰੱਖਿਆ ਬਲਾਂ ਨੇ ਜਵਾਬ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਗੁਲੇਲ ਦੀ ਵਰਤੋਂ ਕੀਤੀ ਤੇ ਗੋਲੀਆਂ ਵੀ ਚਲਾਈਆਂ।

Related posts

ਸ਼ਿਵਰਾਜ ਨੂੰ ਵਿਧਾਨ ਸਭਾ ‘ਚ ਵਿਸ਼ਵਾਸ ਮੱਤ ਹਾਸਿਲ,ਸਪਾ-ਬਸਪਾ ਨੇ ਵੀ ਕੀਤਾ ਸਮਰਥਨ

On Punjab

ਅਗਾਂਹਵਧੂ ਕਿਸਾਨ ਅਵਤਾਰ ਸਿੰਘ ਜੌਹਲ ਨੂੰ ਸ਼ਰਧਾਂਜਲੀਆਂ ਭੇਟ

On Punjab

ਭਗਤਾ ਭਾਈ ਕਾ ਵਿਖੇ ਕਰਵਾਇਆ ਗਿਆ ਭਾਈ ਬਹਿਲੋ ਹਾਕੀ ਕੱਪ -2022 ਛੱਜਾਂਵਾਲ ਦੀ ਟੀਮ ਨੇ ਜਿੱਤਿਆ

On Punjab