ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਨੁਮਾਇੰਦੇ ਡੇਬ੍ਰਾਹ ਲਾਇਨਸ ਨੇ ਤਾਲਿਬਾਨੀ ਸੂਚਨਾ ਤੇ ਸੱਭਿਆਚਾਰ ਮੰਤਰੀ ਖੈਰੂਉੱਲ੍ਹਾ ਖੈਰਖਵਾਹ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਨੇ ਅਫ਼ਗਾਨਿਸਤਾਨ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਡੂੰਘੀ ਚਰਚਾ ਕੀਤੀ। ਦੋਵੇਂ ਹੀ ਧਿਰਾਂ ਇਕ ਸਾਂਝਾ ਆਧਾਰ ਤਲਾਸ਼ ਰਹੇ ਹਨ ਤਾਂ ਕਿ ਸਥਿਰ ਅਫ਼ਗਾਨਿਸਤਾਨ ਲਈ ਅਫ਼ਗਾਨਾਂ ਦਾ ਸਮਰਥਨ ਕੀਤਾ ਜਾ ਸਕੇ।
ਅਫ਼ਗਾਨਿਸਤਾਨ ਲਈ ਸੰਯੁਕਤ ਰਾਸ਼ਟਰ ਦੇ ਸਹਾਇਤਾ ਮਿਸ਼ਨ ਵੱਲੋਂ ਡੇਬ੍ਰਾਹ ਨੇ ਟਵੀਟ ਕਰਕੇ ਕਿਹਾ ਕਿ ਬੁੱਧਵਾਰ ਨੂੰ ਇਸ ਦੁਵੱਲੀ ਮੁਲਾਕਾਤ ‘ਚ ਤਾਲਿਬਾਨ ਦੀਆਂ ਜ਼ਰੂਰਤਾਂ ‘ਤੇ ਸਹਿਮਤੀ ਪ੍ਰਗਟਾਈ ਗਈ। ਨਾਲ ਹੀ ਅਜਿਹੇ ਬਿੰਦੂਆਂ ‘ਤੇ ਵਿਚਾਰ ਕੀਤਾ ਗਿਆ ਜਿਸ ‘ਤੇ ਕੌਮਾਂਤਰੀ ਭਾਈਚਾਰਾ ਅਫ਼ਗਾਨੀ ਲੋਕਾਂ ਦੀ ਮਦਦ ਲਈ ਅੱਗੇ ਆ ਸਕੇ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੀ ਸਥਿਰਤਾ ਅਤੇ ਵਿਕਾਸ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਸਕੇ। ਪਿਛਲੇ ਮਹੀਨੇ ਡੇਬ੍ਰਾਹ ਨੇ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨਾਲ ਮੁਲਾਕਾਤ ਕੀਤੀ ਸੀ। ਨਾਲ ਹੀ ਅਫ਼ਗਾਨੀ ਲੋਕਾਂ ਤਕ ਮਨੁੱਖੀ ਸਹਾਇਤਾ ਪਹੁੰਚਾਏ ਜਾਣ ‘ਤੇ ਬਲ ਦਿੱਤਾ ਸੀ।
ਟੋਲੋ ਨਿਊਜ਼ ਮੁਤਾਬਕ, ਤਾਲਿਬਾਨ ਨੇ ਆਪਣੀ ਸਰਕਾਰ ਵਿਚ 38 ਨਵੇਂ ਮੈਂਬਰਾਂ ਨੂੰ ਵੀ ਸ਼ਾਮਲ ਕਰ ਲਿਆ ਹੈ। ਇਸ ਵਿਚ ਸਿਆਸੀ ਉਪ ਪ੍ਰਧਾਨ ਮੰਤਰੀ ਮਾਵਲਾਵੀ ਅਬਦੁੱਲ ਕਬੀਰ ਵੀ ਸ਼ਾਮਲ ਹਨ। ਦੂਜੇ ਪਾਸੇ, ਤਾਲਿਬਾਨ ਨੇ ਕੁੰਦੁਜ ਸੂਬੇ ਵਿਚ ਲੜਕੀਆਂ ਲਈ ਇਕ ਸੈਕੰਡਰੀ ਸਕੂਲ ਖੋਲ੍ਹਣ ਦੀ ਗੱਲ ਕਹੀ ਹੈ। ਉਸ ਨੇ ਇਸ ਸਬੰਧੀ ਇਕ ਵੀਡੀਓ ਟਵੀਟ ਕੀਤਾ ਹੈ ਜਿਸ ਵਿਚ ਖ਼ਾਨ ਆਬਾਦ ਵਿਚ ਲੜਕੀਆਂ ਨੂੰ ਹਾਈ ਸਕੂਲ ਜਾਂਦੇ ਦੇਖਿਆ ਜਾ ਸਕਦਾ ਹੈ। ਇਸ ਵਿਚ ਲੜਕੀਆਂ ਕਾਲੇ ਰੰਗ ਦੀ ਡਰੈੱਸ ਅਤੇ ਸਫੈਦ ਸਕਾਰਫ ਵਿਚ ਤਾਲਿਬਾਨ ਦਾ ਝੰਡਾ ਹਿਲਾਉਂਦੇ ਹੋਏ ਨਜ਼ਰ ਆ ਰਹੀਆਂ ਹਨ।