PreetNama
ਸਮਾਜ/Social

ਮਾਂ ਬੋਲੀ ਪੰਜਾਬੀ

 

ਮਾਂ ਬੋਲੀ ਪੰਜਾਬੀ

ਪੰਜਾਬੀ   ਆਪਣੀ    ਮਾਂ   ਬੋਲੀ,
ਅਸੀਂ ਆਪੇ ਪੈਰਾਂ ਵਿੱਚ     ਰੋਲੀ।
ਭਾਈ  ਫਸ ਪਏ ਆਪਸ ਵਿੱਚ,
ਬਿਨਾਂ ਸਮਝੇ ਸ਼ੈਤਾਨੀ ਤਰਜ਼ਾਂ ਨੂੰ।
ਲਓ   ਸਾਂਭ   ਪੰਜਾਬੀ  ਮਾਂ  ਬੋਲੀ,
ਤੇ   ਸਮਝੋ   ਆਪਣੇ  ਫ਼ਰਜ਼ਾਂ  ਨੂੰ।
ਜੇ  ਪੰਜਾਬ ਬਚਾਉਣਾ   ਵੀਰੋ ,
ਸਮਝੋ    ਆਪਣੇ    ਫਰਜ਼ਾਂ     ਨੂੰ।
ਪੰਜਾਬੀ   ਸਕੂਲੇ   ਊੱਲੂ   ਬੋਲਣ,
ਅਸੀਂ   ਹੋਏ   ਪੰਜਾਬੀ    ਕੱਚੇ  ਵੇ।
ਹੁੱਬ ਕੇ ਦਸਦੇ ਇੰਗਲਿਸ਼ ਪੜ੍ਹਦੇ,
ਮੋਟੀ    ਫ਼ੀਸ     ਤੇ     ਬੱਚੇ     ਵੇ।
ਭਾਸ਼ਾ   ਕੋਈ  ਵੀ  ਨਹੀਂ ਮਾੜੀ,
ਦੁਨੀਆਂ  ਤੇ ਤਰੱਕੀ  ਕਰਜਾ  ਤੂੰ।
ਜੇ   ਪੰਜਾਬ  ਬਚਾਉਣਾ  ਵੀਰੋ,
ਪਛਾਣੋ    ਆਪਣੇ    ਫ਼ਰਜ਼ਾਂ   ਨੂੰ।
ਕਦੀ  ਬਹਿ ਮਾਪਿਆਂ ਨੂੰ ਪੁੱਛੋ ਜੇ,
ਕਿਵੇਂ   ਰਹੇ  ਘਾਲਦੇ  ਘਾਲਾਂ  ਵੇ।
ਵੱਡੇ ਐਕਟਰ, ਅਫ਼ਸਰ,ਡਾਕਟਰ,
ਕੀਤੀ  ਇੱਥੋਂ   ਤਰੱਕੀ  ਬਾਲਾਂ ਨੇ।
ਫ਼ੈਸ਼ਨ,ਫ਼ੁਕਰੀਆਂ,ਫ਼ੋਨ ਤੇ ਅਸਲਾ,
ਛੱਡ ਦੇਵੋ ਲੱਚਰ ਦੀਆਂ ਤਰਜ਼ਾਂ ਨੂੰ।
ਜੇ    ਰੱਖਣਾ   ਪੰਜਾਬੀ    ਕਲਚਰ,
ਪਛਾਣੀਏ   ਆਪਣੇ   ਫ਼ਰਜ਼ਾਂ   ਨੂੰ।
ਹੱਥੀਂ   ਕੰਮ   ਕਰਦੇ   ਨੇ   ਵਿਰਲੇ,
ਭੲੀਆਂ   ਦੀ   ਸਰਦਾਰੀ   ਆ।
ਲੱਚਰ  ਪੰਜਾਬੀ   ਚੱਲਦੇ   ਚੈਨਲ,
ਬੁਰੀ ਲੱਗਣੀ  ਗੱਲ ਕਰਾਰੀ ਆ।
ਉਡ ਚੱਲਿਆ ਪੰਜਾਬੀ ਪਹਿਰਾਵਾ,
ਨਾ   ਜਾਣ  ਸਕੇ  ਹੋਏ ਹਰਜ਼ਾਂ  ਨੂੰ।
ਜੇ ਰੱਖਣੀ ਸਿਖ਼ਰ  ਪੰਜਾਬੀ ਬੋਲੀ,
ਪਛਾਣੀਏ   ਆਪਣੇ   ਫ਼ਰਜ਼ਾਂ  ਨੂੰ।
ਨਾ   ਲੀਡਰ,  ਨਾ   ਜਨਤਾ   ਮੰਨੇ,
ਛੇਤੀ      ਬਦਲ      ਕਨੂੰਨਾਂ    ਦੇ।
ਭ੍ਰਿਸ਼ਟਾਚਾਰ    ਤੇ   ਹੇਰਾਫੇਰੀ,
ਫੜਦੇ     ਨਾਲ     ਜਨੂੰਨਾਂ     ਦੇ।
ਮਾਂ-ਭੈਣ  ਦੀ  ਗਾਲ਼  ਤੇ  ਨਾਹਰੇ,
ਕੋਈ   ਨਾ  ਸੁਣਦਾ ਅਰਜ਼ਾਂ ਨੂੰ।
ਜੇ  ਮਾਂ   ਬੋਲੀ  ਪੰਜਾਬੀ  ਰੱਖਣੀ,
ਸਮਝੋ   ਪੰਜਾਬੀਓ  ਫਰਜ਼ਾਂ  ਨੂੰ।
ਭੁੱਲੇ ਲੋਰੀ,ਘੋੜੀ,ਸੁਹਾਗ, ਸਿਠਣੀਆਂ,
ਗੀਤ ਮਾਹੀਏ,ਮਾਈਏਂ,ਵਟਣੇ ਲਈ।
ਲਾ  ਲੱਚਰ  ਪੰਜਾਬੀ  ਗਾਣੇ  ਸਟੇਜੀਂ,
ਕੁੜੀਆਂ ਚਾੜ੍ਹਦੇ ਆਂ  ਨੱਚਣੇ ਲਈ।
ਇੱਕ   ਦੂਜੇ     ਨੂੰ  ਭੰਡਣਾ  ਛੱਡ  ਕੇ,
ਭੰਡੋ   ਲੱਚਰ  ਦੀਆਂ  ਤਰਜ਼ਾਂ    ਨੂੰ।
ਬਚਾਉਣਾ ਪੰਜਾਬੀ ਭਾਈਚਾਰਾ,
ਤਾਂ  ਸਮਝੀਏ ਆਪਣੇ ਫ਼ਰਜ਼ਾਂ  ਨੂੰ।
ਸੜਕਾਂ ਤੇ  ਪਿੰਡ  ਪਿੰਡ  ਲਾਈਏ
ਤਖ਼ਤੇ ਪੰਜਾਬੀ  ਹਦਾਇਤਾਂ(signs)ਨੂੰ।
ਖ਼ਰਚ-ਰਿਵਾਜ਼,ਜੰਮਣ,ਮਰਨ,ਸ਼ਾਦੀ ਤੇ
ਬੰਨ੍ਹਣਾ     ਪਊ    ਪੰਚਾਇਤਾਂ     ਨੂੰ।
ਅਣਖ਼,ਅਜ਼ਾਦੀ,ਪੰਜਾਬੀ   ਵਿਰਸਾ,
ਸੋਚੋ ਕੱਲ੍ਹ ਦਾ,ਛੱਡ ਅੱਜ ਗਰਜ਼ਾਂ  ਨੂੰ।
ਬਚਾ ਕੇ ਰੱਖ ਲਓ ਪੰਜਾਬੀ ਵਿਰਸਾ,
ਸਮਝੋ     ਆਪਣੇ      ਫ਼ਰਜ਼ਾਂ    ਨੂੰ।
ਭਾਸ਼ਾ  ਤੇ   ਭਾਈਚਾਰਾ  ਚੁੱਕਣਾ,
ਯੋਗਦਾਨ  ਹੁੰਦਾ ਪੱਤਰਕਾਰਾਂ ਦਾ।
ਇੱਕ ਪਾਸੇ  ਜਨਤਾ  ਦੀ   ਸੁਣਨੀ,
ਦੂਜੇ  ਪਾਸੇ  ਡੰਡਾ  ਸਰਕਾਰਾਂ  ਦਾ।
ਨਾ ਤੇਲ  ਪਾਉਣ ਜੇ  ਬਲਦੀ ਤੇ,
‘ਸੰਘਾ’ਸਮਝ ਆਪਣੇ ਫ਼ਰਜ਼ਾਂ ਨੂੰ।
ਮਾਂ  ਬੋਲੀ  ਪੰਜਾਬੀ   ਬਚਾ   ਲਓ,
ਸਮਝੀਏ   ਆਪਣੇ   ਫ਼ਰਜ਼ਾਂ   ਨੂੰ।

ਗੁਰਮੇਲ ਕੌਰ ਸੰਘਾ(ਥਿੰਦ),ਲੰਡਨ

Related posts

ਵੱਡੀ ਖ਼ਬਰ : ਦਿੱਲੀ ਤੇ ਯੂਪੀ ਤੋਂ ਬਾਅਦ ਪੰਜਾਬ ‘ਚ ਚੱਲੇਗਾ ਬੁਲਡੋਜ਼ਰ ! CM ਭਗਵੰਤ ਮਾਨ ਨੇ ਦਿੱਤੀ ਚਿਤਾਵਨੀ

On Punjab

ਦੱਖਣੀ ਕੋਰੀਆ ਦੀ ਹਵਾਈ ਸੈਨਾ ਨੇ ਮਸ਼ਕ ਦੌਰਾਨ ਰਿਹਾਇਸ਼ੀ ਇਲਾਕੇ ’ਚ ਬੰਬ ਸੁੱਟੇ, 15 ਜ਼ਖਮੀ

On Punjab

ਭਾਰਤ ਦੀ ਵਿਕਾਸ ਦਰ ਆਗਾਮੀ ਦੋ ਵਿੱਤੀ ਵਰ੍ਹਿਆਂ ਵਿੱਚ 6.7 ਫੀਸਦ ਰਹੇਗੀ: ਵਿਸ਼ਵ ਬੈਂਕ

On Punjab