64.2 F
New York, US
September 16, 2024
PreetNama
ਖੇਡ-ਜਗਤ/Sports News

7ਵੀਂ ਵਾਰ ਸੈਮੀਫਾਈਨਲਜ਼ ‘ਚ ਪਹੁੰਚਿਆ ਭਾਰਤ, ਜਾਣੋ- ਕਿਵੇਂ ਰਿਹਾ ਪਿਛਲੇ ਛੇ ਮੁਕਾਬਲਿਆਂ ਦੌਰਾਨ ਦਮਖਮ

ਵਿਸ਼ਵ ਕੱਪ 2019 ਵਿੱਚ ਆਪਣੇ 8ਵੇਂ ਮੁਕਾਬਲੇ ਦੌਰਾਨ ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਸੱਤਵੀਂ ਵਾਰ ਸੈਮੀਫਾਈਨਲਜ਼ ਵਿੱਚ ਦਾਖ਼ਲ ਹੋਣ ਵਿੱਚ ਕਾਮਯਾਬ ਰਿਹਾ ਹੈ। ਪਿਛਲੇ ਛੇ ਸੈਮੀਫਾਈਨਲ ਮੁਕਾਬਲਿਆਂ ਵਿੱਚੋਂ ਭਾਰਤ ਨੇ ਤਿੰਨ ਜਿੱਤੇ ਤੇ ਤਿੰਨ ਹਾਰੇ ਹਨ। ਇਨ੍ਹਾਂ ਵਿੱਚੋਂ ਦੋ ਵਾਰ ਟੀਮ ਨੇ ਵਿਸ਼ਵ ਕੱਪ ‘ਤੇ ਕਬਜ਼ਾ ਕੀਤਾ ਹੈ। ਭਾਰਤ ਨੇ ਸੰਨ 1983 ਵਿੱਚ ਕਪਿਲ ਦੇਵ ਦੀ ਕਪਤਾਨੀ ਹੇਠ ਪਹਿਲਾਂ ਤੇ ਸਾਲ 2011 ਵਿੱਚ ਮਹੇਂਦਰ ਸਿੰਘ ਧੋਨੀ ਦੀ ਅਗਵਾਈ ਹੇਠ ਦੂਜਾ ਵਿਸ਼ਵ ਕੱਪ ਹਾਸਲ ਕੀਤਾ ਸੀ। ਸਾਲ 2003 ਵਿੱਚ ਸੌਰਵ ਗਾਂਗੁਲੀ ਦੀ ਕਪਤਾਨੀ ਹੇਠ ਭਾਰਤ ਸੈਮੀਫਾਈਨਲ ਵਿੱਚ ਕੀਨੀਆ ਨੂੰ ਹਰਾ ਕੇ ਫੈਸਲਾਕੁੰਨ ਮੈਚ ਵਿੱਚ ਪਹੁੰਚਿਆ ਸੀ ਪਰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਵਿਸ਼ਵ ਕੱਪ ਦੇ ਪਿਛਲੇ ਛੇ ਸੈਮੀਫਾਈਨਲਜ਼ ਦਾ ਲੇਖਾ-ਜੋਖਾ

 

    • 1983 ਵਿਸ਼ਵ ਕੱਪ- 60 ਓਵਰਾਂ ਦੇ ਇਸ ਵਿਸ਼ਵ ਕੱਪ ਵਿੱਚ ਭਾਰਤ ਗਰੁੱਪ ਸਟੇਜ ਦੇ ਛੇ ਮੈਚਾਂ ਵਿੱਚੋਂ ਚਾਰ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚਿਆ ਸੀ। ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਇਆ। ਇਸ ਮੈਚ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ 213 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਭਾਰਤੀ ਟੀਮ ਨੇ 54.4 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 217 ਦੌੜਾਂ ਬਣਾ ਕੇ ਫਾਈਨਲ ਵਿੱਚ ਦਾਖ਼ਲਾ ਲਿਆ ਸੀ। ਟੂਰਨਾਮੈਂਟ ਦੇ ਆਖਰੀ ਪੜਾਅ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ ਹਰਾ ਕੇ ਵਿਸ਼ਵ ਕੱਪ ‘ਤੇ ਕਬਜ਼ਾ ਕੀਤਾ।

 

    • 1987 ਵਿਸ਼ਵ ਕੱਪ- 50 ਓਵਰਾਂ ਦੇ ਇਸ ਵਿਸ਼ਵ ਕੱਪ ਵਿੱਚ ਭਾਰਤ ਨੇ ਗਰੁੱਪ ਪੱਧਰ ਦੇ ਛੇ ਵਿੱਚੋਂ ਪੰਜ ਮੈਚ ਜਿੱਤੇ ਅਤੇ ਸੈਮੀਫਾਈਨਲ ਵਿੱਚ ਐਂਟਰੀ ਕੀਤੀ ਸੀ। ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋਇਆ ਸੀ। ਪਰ ਇਸ ਵਾਰ ਭਾਰਤ ਨੂੰ 35 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਨੇ ਛੇ ਵਿਕਟਾਂ ਗੁਆ ਕੇ 355 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ 45.3 ਓਵਰਾਂ ਵਿੱਚ ਪੂਰੀ ਭਾਰਤੀ ਟੀਮ 219 ਦੌੜਾਂ ਹੀ ਬਣਾ ਸੀ।

 

    • 1996 ਵਰਲਡ ਕੱਪ- ਇਸ ਵਿਸ਼ਵ ਕੱਪ ਵਿੱਚ ਭਾਰਤ ਗਰੁੱਪ ਸਟੇਜ ਦੇ ਪੰਜ ਅਤੇ ਨਾਕ ਆਊਟ ਦੇ ਇੱਕ ਮੈਚ ਸਮੇਤ ਕੁੱਲ ਛੇ ਵਿੱਚੋਂ ਚਾਰ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚਿਆ ਸੀ। ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਸ਼੍ਰੀਲੰਕਾ ਨਾਲ ਹੋਇਆ ਸੀ। ਇਸ ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸ਼੍ਰੀਲੰਕਾ ਨੇ 50 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 251 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤੀ ਟੀਮ 34.1 ਓਵਰਾਂ ਵਿੱਚ ਅੱਠ ਵਿਕਟਾਂ ‘ਤੇ ਸਿਰਫ 120 ਦੌੜਾਂ ਹੀ ਬਣਾ ਸਕੀ। ਦੱਸ ਦੇਈਏ ਕਿ ਭਾਰਤ ਦੇ ਲਗਾਤਾਰ ਵਿਕਟ ਡਿੱਗਣ ਤੋਂ ਗੁੱਸੇ ਵਿੱਚ ਆਏ ਭਾਰਤੀ ਪ੍ਰਸ਼ੰਸਕਾਂ ਨੇ 35ਵੇਂ ਓਵਰ ਦੌਰਾਨ ਹੰਗਾਮਾ ਕਰ ਦਿੱਤਾ ਸੀ। ਇਸ ਮਗਰੋਂ ਮੈਚ ਰੋਕਣਾ ਪੈ ਗਿਆ ਅਤੇ ਸ਼੍ਰੀਲੰਕਾ ਨੂੰ ਜੇਤੂ ਐਲਾਨ ਦਿੱਤਾ ਗਿਆ।

 

    • 2003 ਵਿਸ਼ਵ ਕੱਪ- ਇਸ ਵਿਸ਼ਵ ਕੱਪ ਵਿੱਚ ਭਾਰਤ ਨੇ ਗਰੁੱਪ ਸਟੇਜ ਦੇ ਛੇ ਮੈਚਾਂ ਵਿੱਚੋਂ ਪੰਜ ਜਿੱਤੇ ਸਨ ਤੇ ਸੁਰਪ ਸਿਕਸ ਦੇ ਤਿੰਨੇ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚਿਆ ਸੀ। ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਕੀਨੀਆ ਨਾਲ ਹੋਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ 50 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 270 ਦੌੜਾਂ ਬਣਾਈਆਂ। ਜਵਾਬ ਵਿੱਚ ਕੀਨੀਆ ਦੀ ਟੀਮ 46.2 ਓਵਰਾਂ ਵਿੱਚ 179 ਦੌੜਾਂ ਹੀ ਬਣਾ ਸਕੀ। ਭਾਰਤ ਨੇ ਇਹ ਮੈਚ ਤਾਂ 91 ਦੌੜਾਂ ਨਾਲ ਜਿੱਤ ਲਿਆ, ਪਰ ਫਾਈਨਲ ਵਿੱਚ ਆਸਟ੍ਰੇਲੀਆ ਹੱਥੋਂ ਹਾਰ ਝੱਲਣੀ ਪਈ।

 

    • 2011 ਵਿਸ਼ਵ ਕੱਪ- ਇਸ ਵਿਸ਼ਵ ਕੱਪ ਦੌਰਾਨ ਭਾਰਤ ਗਰੁੱਪ ਸਟੇਜ ਦੇ ਛੇ ਮੈਚਾਂ ਵਿੱਚੋਂ ਚਾਰ ਮੈਚ ਅਤੇ ਨਾਕ ਆਊਟ ਸਟੇਜ ਅਤੇ ਕੁਆਰਟਰ ਫਾਈਨਲ ਸਮੇਤ ਦੋਵੇਂ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚਿਆ ਸੀ। ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਇਆ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ 9 ਵਿਕਟਾਂ ਗੁਆ ਕੇ 260 ਦੌੜਾਂ ਬਣਾਈਆਂ। ਜਵਾਬ ਵਿੱਚ ਪਾਕਿਸਤਾਨ ਦੀ ਪੂਰੀ ਟੀਮ 49.5 ਓਵਰਾਂ ਵਿੱਚ 231 ਦੌੜਾਂ ਬਣਾ ਸਕੀ। ਫਾਈਨਲ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾਇਆ ਸੀ ਅਤੇ ਦੂਜੀ ਵਾਰ ਵਿਸ਼ਵ ਕੱਪ ਆਪਣੇ ਨਾਂ ਕੀਤਾ ਸੀ।

 

  • 2015 ਵਿਸ਼ਵ ਕੱਪ- ਇਸ ਵਿਸ਼ਵ ਕੱਪ ਵਿੱਚ ਭਾਰਤ ਗਰੁੱਪ ਸਟੇਜ ਦੇ ਸਾਰੇ ਛੇ ਮੈਚ ਅਤੇ ਨਾਕ ਆਊਟ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚਿਆ ਸੀ। ਇੱਥੇ ਭਾਰਤੀ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਆਸਟ੍ਰੇਲੀਆਈ ਟੀਮ ਨੇ ਸੱਤ ਵਿਕਟਾਂ ਗੁਆ ਕੇ 328 ਦੌੜਾਂ ਬਣਾਈਆਂ। ਜਵਾਬ ਵਿੱਚ ਪੂਰੀ ਭਾਰਤੀ ਟੀਮ 46.5 ਓਵਰਾਂ ਵਿੱਚ 233 ਦੌੜਾਂ ਹੀ ਬਣਾ ਸਕੀ ਅਤੇ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਈ।

Related posts

ਪਾਕਿਸਤਾਨੀ ਕ੍ਰਿਕਟਰ ਅਫ਼ਰੀਦੀ ਦੇ ਬੈਸਟ ਬੱਲੇਬਾਜ਼ਾਂ ਦੀ ਲਿਸਟ ‘ਚ ਭਾਰਤੀ ਬੱਲੇਬਾਜ਼ ਵੀ ਸ਼ਾਮਿਲ

On Punjab

ਸੈਮੀਫਾਈਨਲ ਹਾਰਨ ਮਗਰੋਂ ਵਿਰਾਟ ਦਾ ਸਪਸ਼ਟ ਜਵਾਬ

On Punjab

Tokyo Olympic 2020: ਇਕ ਹੋਰ ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੂੰ ਮਿਲੀ ਟੋਕੀਓ ਓਲੰਪਿਕ ਦੀ ਟਿਕਟ, ਨਵਾਂ ਨੈਸ਼ਨਲ ਰਿਕਾਰਡ

On Punjab