PreetNama
ਖਬਰਾਂ/News

ਡਾ. ਅੰਬੇਡਕਰ ਦਾ ਬੁੱਤ ਤੋੜਨ ਦਾ ਮਾਮਲਾ ਭਖ਼ਿਆ, ਦਲਿਤ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਬੰਦ ਦਾ ਸੱਦਾ

ਅੰਮ੍ਰਿਤਸਰ-: ਇਥੇ ਹੈਰੀਟੇਜ ਸਟਰੀਟ ਵਿੱਚ ਸਥਾਪਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਭੰਨ-ਤੋੜ ਕਰਨ ਅਤੇ ਅਪਮਾਨ ਕਰਨ ਦਾ ਮਾਮਲਾ ਭਖ਼ ਗਿਆ ਹੈ। ਵੱਖ-ਵੱਖ ਦਲਿਤ ਜਥੇਬੰਦੀਆਂ ਵੱਲੋਂ ਸੋਮਵਾਰ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ।ਅੱਜ ਸਵੇਰੇ ਸ਼ਹਿਰ ਵਿੱਚ ਭੰਡਾਰੀ ਪੁੱਲ ’ਤੇ ਵਾਲਮੀਕ ਭਾਈਚਾਰੇ ਨਾਲ ਸਬੰਧਤ ਕੁਝ ਜਥੇਬੰਦੀਆਂ ਵੱਲੋਂ ਧਰਨਾ ਦੇ ਕੇ ਆਵਾਜਾਈ ਰੋਕ ਦਿੱਤੀ ਗਈ ਹੈ। ਇਸੇ ਤਰ੍ਹਾਂ ਹਾਲ ਗੇਟ ਅਤੇ ਹਾਲ ਬਜ਼ਾਰ ਦੇ ਇਲਾਕੇ ਵਿੱਚ ਦੁਕਾਨਾਂ ਵੀ ਬੰਦ ਹਨ। ਇਸ ਦੇ ਮੱਦੇਨਜ਼ਰ ਸ਼ਹਿਰ ਵਿਚ ਵੱਡੀ ਗਿਣਤੀ ਪੁਲੀਸ ਬਲ ਵੀ ਤਾਇਨਾਤ ਕੀਤਾ ਗਿਆ ਹੈ।

ਦੂਜੇ ਪਾਸੇ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਾਬਕਾ ਵਿਧਾਇਕ ਰਾਜਕੁਮਾਰ ਵੇਰਕਾ ਤੇ ਹੋਰ ਕਾਂਗਰਸੀਆਂ ਨੇ ਅੱਜ ਇੱਥੇ ਬੁੱਤ ਨੂੰ ਦੁੱਧ ਨਾਲ ਧੋਤਾ ਅਤੇ ਸਾਫ ਸਫਾਈ ਕਰਕੇ ਇਸ ਦਾ ਸਨਮਾਨ ਬਹਾਲ ਕਰਨ ਦਾ ਯਤਨ ਕੀਤਾ ਹੈ। ਸੰਸਦ ਮੈਂਬਰ ਨੇ ਇਸ ਮਾਮਲੇ ਦੀ ਜਾਂਚ ਕਿਸੇ ਜੱਜ ਦੀ ਨਿਗਰਾਨੀ ਹੇਠ ਕੀਤੇ ਜਾਣ ਦੀ ਮੰਗ ਕੀਤੀ।

ਇਸ ਦੌਰਾਨ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਵਿਅਕਤੀ ਖਿਲਾਫ ਕੇਸ ਦਰਜ ਕਰਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਆਕਾਸ਼ ਸਿੰਘ ਵਾਸੀ ਧਰਮਕੋਟ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ, ਜੋ ਕਿ ਖੁਦ ਵੀ ਐਸਸੀ ਭਾਈਚਾਰੇ ਨਾਲ ਸਬੰਧਤ ਦੱਸਿਆ ਜਾਂਦਾ ਹੈ।

ਡਾ. ਅੰਬੇਦਕਰ ਦੇ ਬੁੱਤ ਨੂੰ ਦੁੱਧ ਨਾਲ ਧੋਣ ਅਤੇ ਫੁੱਲ ਮਾਲਾ ਭੇਟ ਕਰ ਕੇ ਮੁੜ ਸਨਮਾਨ ਕਾਇਮ ਕਰਦਿਆਂ ਸੰਸਦ ਮੈਂਬਰ ਸ੍ਰੀ ਔਜਲਾ ਨੇ ਬੀਤੇ ਕੱਲ੍ਹ ਵਾਪਰੀ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਇਹ ਜਾਂਚ ਕਿਸੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਹੋਵੇ। ਉਨ੍ਹਾਂ ਇਸ ਮਾਮਲੇ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਲੰਮੇ ਹੱਥੀ ਲਿਆ ਅਤੇ ਆਖਿਆ ਕਿ ਬੁੱਤ ਦੀ ਸਾਫ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਬੁੱਤ ਵਾਲੇ ਮੰਚ ਤੇ ਧੂੜ ਮਿੱਟੀ ਬੁਰੀ ਤਰ੍ਹਾਂ ਜਮੀ ਹੋਈ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਦੀਆਂ ਤਸਵੀਰਾਂ ਦਫਤਰਾਂ ਵਿੱਚ ਲਾਉਣ ਵਾਲਿਆਂ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ।

ਗਣਤੰਤਰ ਦਿਵਸ ਮੌਕੇ ਵਾਪਰੀ ਘਟਨਾ-ਇਹ ਘਟਨਾ ਬੀਤੇ ਕੱਲ੍ਹ 26 ਜਨਵਰੀ ਗਣਤੰਤਰ ਦਿਵਸ ਨੂੰ ਬਾਅਦ ਦੁਪਹਿਰ ਵਾਪਰੀ, ਜਦੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਨੇ ਇੱਥੇ ਲੱਗੀ ਇੱਕ ਪੌੜੀ ਦੀ ਮਦਦ ਨਾਲ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਉਤੇ ਚੜ੍ਹ ਕੇ ਇਸ ਨੂੰ ਹਥੌੜੇ ਨਾਲ ਤੋੜਨ ਅਤੇ ਅਪਮਾਨਤ ਕਰਨ ਦਾ ਯਤਨ ਕੀਤਾ। ਇਸ ਦੌਰਾਨ ਉਥੇ ਨਿੱਜੀ ਸੁਰੱਖਿਆ ਕਰਮਚਾਰੀ ਅਤੇ ਕੁਝ ਹੋਰ ਵਿਅਕਤੀਆਂ ਨੇ ਮੁਲਜ਼ਮ ਨੂੰ ਤੁਰੰਤ ਕਾਬੂ ਕਰ ਲਿਆ। ਉਸ ਦੀ ਕਥਿਤ ਮਾਰ ਕੁੱਟ ਵੀ ਕੀਤੀ ਗਈ ਹੈ ਤੇ ਬਾਅਦ ਵਿੱਚ ਪੁਲੀਸ ਨੂੰ ਸੌਂਪ ਦਿੱਤਾ ਗਿਆ।

ਮੁਲਜ਼ਮ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਇਹ ਮਾਮਲਾ ਫਿਲਹਾਲ ਜਾਂਚ ਦਾ ਵਿਸ਼ਾ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਆਖਿਆ ਕਿ ਪੁਲੀਸ ਟੀਮਾਂ ਵੱਲ ਨੂੰ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਬੰਦ ਦਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਨ ਸ਼ਾਂਤੀ ਬਣਾਏ ਰੱਖਣ।

ਬੀਤੇ ਕੱਲ੍ਹ ਜਦੋਂ ਇਸ ਘਟਨਾ ਦੀ ਜਾਣਕਾਰੀ ਦਲਿਤ ਭਾਈਚਾਰੇ ਨਾਲ ਸਬੰਧਤ ਜਥੇਬੰਦੀਆਂ ਨੂੰ ਮਿਲੀ ਤਾਂ ਉਨ੍ਹਾਂ ਇਸ ਦਾ ਸਖਤ ਵਿਰੋਧ ਕੀਤਾ ਅਤੇ ਧਰਨਾ ਵੀ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੰਸਦ ਮੈਂਬਰ ਔਜਲਾ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੀ ਮੌਕੇ ਤੇ ਪੁੱਜੇ ਸਨ। ਰਾਤ ਵੇਲੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਹੋਰ ‘ਆਪ’ ਆਗੂ ਵੀ ਇੱਥੇ ਪੁੱਜੇ ਸਨ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠਾ ਤੇ ਹੋਰ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਗਈ ਹੈ। ਬੀਤੇ ਦਿਨ ਜਦੋਂ ਇਹ ਘਟਨਾ ਵਾਪਰੀ ਤਾਂ ਭਾਜਪਾ ਆਗੂ ਵਿਜੇ ਸਾਂਪਲਾ ਨੇ ਇਸ ਸਥਾਨ ਨੂੰ ਗਲਿਆਰੇ ਵਿੱਚ ਦੱਸਦਿਆਂ ਇਸ ਮਾਮਲੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿੰਮੇਵਾਰ ਦੱਸਦਿਆਂ ਉਂਗਲ ਉਠਾਈ, ਪਰ ਤੁਰੰਤ ਬਾਅਦ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇਸ ਮਾਮਲੇ ਵਿੱਚ ਸਪਸ਼ਟ ਕਰਦਿਆਂ ਆਖਿਆ ਕਿ ਸਥਾਨ ਨਗਰ ਨਿਗਮ ਦੇ ਪ੍ਰਬੰਧ ਹੇਠ ਹੈ।

Related posts

Release of RDF: SC to hear state’s plea on September 2

On Punjab

ਸੀ ਐਚ ਸੀ ਮਮਦੋਟ ਵਿਖੇ ਨੋਵਲ ਕੋਰੋਨਾ ਵਾਇਰਸ ਬਾਰੇ ਆਮ ਲੋਕਾਂ ਨੂੰ ਕੀਤਾ ਗਿਆ ਜਾਗਰੁਕ

Pritpal Kaur

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੀ ਮੀਟਿੰਗ

Pritpal Kaur