ਅੰਮ੍ਰਿਤਸਰ- ਅੰਮ੍ਰਿਤਸਰ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਕੋਟ ਈਸੇ ਖਾਂ ਦੇ ਚਾਰ ਨੌਜਵਾਨਾਂ ਨੂੰ ਹੈਰੋਇਨ ਦੀ ਵੱਡੀ ਖੇਪ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲੀਸ ਵੱਲੋਂ ਬਰਾਮਦ 40 ਕਿਲੋਗ੍ਰਾਮ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 200 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਬੀਤੀ ਰਾਤ ਨਾਕਾਬੰਦੀ ਦੌਰਾਨ ਇਨ੍ਹਾਂ ਨੌਜਵਾਨਾਂ ਨੂੰ ਕਾਬੂ ਕੀਤਾ।ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਕਾਬੂ ਕੀਤੇ ਇਹ ਚਾਰੋ ਨੌਜਵਾਨ ਯਾਕੂਬ ਉਰਫ਼ ਪ੍ਰਿੰਸ, ਨਰਿੰਦਰ ਸਿੰਘ ਉਰਫ ਨੋਨੀ,ਅਜੈ ਕੁਮਾਰ ਉਰਫ ਰਵੀ ਅਤੇ ਸੂਰਜ ਕੁਮਾਰ ਕਸਬਾ ਕੋਟ ਈਸੇ ਖਾਂ ਦੇ ਰਹਿਣ ਵਾਲੇ ਹਨ ਅਤੇ ਨਰਿੰਦਰ ਸਿੰਘ ਉਰਫ ਨੋਨੀ ਪੁਤਰ ਕਵੀ ਦਾਸ ਉੱਤੇ ਸਥਾਨਕ ਥਾਣੇ ਵਿੱਚ ਨਸ਼ੀਲੇ ਪਦਾਰਥਾਂ ਸਬੰਧਤ ਇੱਕ ਮਾਮਲਾ ਪਹਿਲਾਂ ਵੀ ਦਰਜ ਹੈ।
ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਹੈਰੋਇਨ/ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਇੱਕ ਨਾਰਕੋ-ਤਸਕਰ ਦੇ ਨਿਰਦੇਸ਼ਾਂ ‘ਤੇ ਹੈਰੋਇਨ ਦੀ ਇੱਕ ਵੱਡੀ ਖੇਪ ਇਕੱਠੀ ਕੀਤੀ ਸੀ। ਅਧਿਕਾਰੀਆਂ ਨੇ ਦੱਸਆ ਕਿ ਇਸ ਸਬੰਧੀ ਅੰਮ੍ਰਿਤਸਰ ਵਿਖੇ ਐੱਫਾਈਆਰ ਦਰਜ ਕੀਤੀ ਗਈ ਹੈ। ਪੂਰੀ ਸਪਲਾਈ ਚੇਨ ਦਾ ਪਤਾ ਲਗਾਉਣ ਅਤੇ ਸਰਹੱਦ ਪਾਰ ਸੰਭਾਵੀ ਸੰਪਰਕਾਂ ਸਮੇਤ ਪਿਛਲੇ ਅਤੇ ਅਗਲੇ ਸਬੰਧਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ।

