ਮਹਾਰਾਸ਼ਟਰ-ਮਹਾਰਾਸ਼ਟਰ ਦੀਆਂ 29 ਨਗਰ ਨਿਗਮਾਂ ਲਈ ਹੋਈਆਂ ਚੋਣਾਂ ਦੀ ਗਿਣਤੀ ਅੱਜ ਸਵੇਰ ਤੋਂ ਜਾਰੀ ਹੈ, ਜਿਸ ਵਿੱਚ ਭਾਜਪਾ ਗੱਠਜੋੜ ਵੱਡੀ ਜਿੱਤ ਵੱਲ ਵਧਦਾ ਦਿਖਾਈ ਦੇ ਰਿਹਾ ਹੈ। ਤਾਜ਼ਾ ਰੁਝਾਨਾਂ ਅਨੁਸਾਰ 29 ਵਿੱਚੋਂ 23 ਨਗਰ ਨਿਗਮਾਂ ਵਿੱਚ ਭਾਜਪਾ ਗੱਠਜੋੜ ਨੇ ਮਜ਼ਬੂਤ ਬੜ੍ਹਤ ਬਣਾਈ ਹੋਈ ਹੈ। ਸਭ ਤੋਂ ਅਹਿਮ ਮੰਨੀ ਜਾਣ ਵਾਲੀ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (BMC) ਵਿੱਚ ਭਾਜਪਾ ਅਤੇ ਸ਼ਿਵਸੇਨਾ ਗੱਠਜੋੜ ਸਭ ਤੋਂ ਅੱਗੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪੁਣੇ, ਨਾਗਪੁਰ ਅਤੇ ਨਾਸਿਕ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਗੱਠਜੋੜ ਨੂੰ ਵੱਡੀ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ।
ਕੋਲਹਾਪੁਰ ਵਿੱਚ ਸ਼ੁਰੂਆਤੀ ਦੌਰ ’ਚ ਕਾਂਗਰਸ ਅੱਗੇ ਸੀ, ਪਰ ਹੁਣ ਉੱਥੇ ਵੀ ਭਾਜਪਾ ਨੇ ਵੱਡੇ ਫਰਕ ਨਾਲ ਲੀਡ ਹਾਸਲ ਕਰ ਲਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਨਗਰ ਨਿਗਮਾਂ ਲਈ 15 ਜਨਵਰੀ ਨੂੰ ਵੋਟਾਂ ਪਈਆਂ ਸਨ, ਜਿਸ ਵਿੱਚ 54.77 ਫੀਸਦੀ ਮਤਦਾਨ ਦਰਜ ਕੀਤਾ ਗਿਆ ਸੀ। ਸੂਬਾ ਚੋਣ ਕਮਿਸ਼ਨ ਅਨੁਸਾਰ ਇਨ੍ਹਾਂ ਚੋਣਾਂ ਵਿੱਚ 893 ਵਾਰਡਾਂ ਲਈ ਕੁੱਲ 15,931 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਿਵੇਂ-ਜਿਵੇਂ ਨਤੀਜੇ ਸਪੱਸ਼ਟ ਹੋ ਰਹੇ ਹਨ, ਭਾਜਪਾ ਖੇਮੇ ਵਿੱਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਚੋਣਾਂ ਲਈ ਭਾਜਪਾ ਤੇ ਸ਼ਿੰਦੇ ਗਰੁੱਪ ਵਿਚ ਗਠਜੋੜ ਹੈ ਜਦਕਿ ਕਾਂਗਰਸ ਦਾ ਵੀਬੀਏ ਨਾਲ ਗੱਠਜੋੜ ਹੈ। ਦੂਜੇ ਪਾਸੇ ਸ਼ਿਵ ਸੈਨਾ ਯੂਬੀਟੀ ਤੇ ਮਹਾਰਾਸ਼ਟਰ ਨਵ ਨਿਰਮਾਣ ਇਕੱਠੇ ਚੋਣ ਲੜ ਰਹੇ ਹਨ।

